ਕੈਲੀਫੋਰਨੀਆ ਵਿੱਚ ਅਮਰੀਕਾ ਦੀ ਇਕ ਸਰਹੱਦੀ ਚੌਕੀ ’ਤੇ ਗੈਰਕਾਨੂੰਨੀ ਢੰਗ ਨਾਲ ਵਾੜ ਟੱਪਣ ਦੀ ਕੋਸ਼ਿਸ਼ ਕਰਦੇ ਫੜੇ ਗਏ 100 ਪਰਵਾਸੀਆਂ ਦੇ ਇਕ ਸਮੂਹ ’ਚ 17 ਭਾਰਤੀ ਨਾਗਰਿਕ ਸ਼ਾਮਲ ਹਨ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਜਿਕਰਯੋਗ ਹੈ ਕਿ ਸਾਂ ਡੀਏਗੋ ਖੇਤਰ ਦੇ ਸਰਹੱਦੀ ਗਸ਼ਤੀ ਬਲ ਦੇ ਏਜੰਟਾਂ ਨੇ ਇੰਪੀਰੀਅਲ ਬੀਚ ਸਟੇਸ਼ਨ ਤੋਂ ਮੰਗਲਵਾਰ ਨੂੰ ਤੜਕੇ 2 ਵਜੇ ਦੇ ਕਰੀਬ 100 ਪਰਵਾਸੀਆਂ ਦੇ ਇਕ ਸਮੂਹ ਨੂੰ ਕਾਬੂ ਕੀਤਾ।
ਇਸ ਸਮੂਹ ਵਿੱਚ ਅਫਰੀਕਾ, ਏਸ਼ੀਆ ਅਤੇ ਦੱਖਣੀ ਅਮਰੀਕਾ ਦੇ ਨਾਗਰਿਕ ਸ਼ਾਮਲ ਸਨ। ਅਮਰੀਕੀ ਕਸਟਮਜ਼ ਤੇ ਸਰਹੱਦੀ ਸੁਰੱਖਿਆ ਏਜੰਸੀ ਨੇ ਕਿਹਾ ਕਿ ਏਜੰਟਾਂ ਨੇ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਪਰਵਾਸੀਆਂ ਦੇ ਇਕ ਵੱਡੇ ਸਮੂਹ ਨੂੰ ਵਾੜ ’ਤੇ ਚੜ੍ਹਦੇ ਹੋਏ ਦੇਖਿਆ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਮਾਪੇ ਵਿਦੇਸ਼ ਰਵਾਨਾ…
ਅਧਿਕਾਰੀਆਂ ਨੇ ਦੱਸਿਆ ਕਿ ਇਸ ਸਮੂਹ ਵਿੱਚ ਜ਼ਿਆਦਾਤਰ ਗੈਰ ਸਪੇਨੀ ਭਾਸ਼ਾ ਬੋਲਣ ਵਾਲੇ ਪਰਵਾਸੀ ਸ਼ਾਮਲ ਸਨ, ਜਿਸ ਕਰ ਕੇ ਸਰਹੱਦੀ ਗਸ਼ਤੀ ਬਲ ਦੇ ਏਜੰਟਾਂ ਨੂੰ ਅਨੁਵਾਦਕਾਂ ਦੀ ਮਦਦ ਲੈਣੀ ਪਈ। ਫੜੇ ਗਏ ਸਾਰੇ ਪਰਵਾਸੀਆਂ ਨੂੰ ਨੇੜਲੇ ਇਕ ਸਟੇਸ਼ਨ ’ਤੇ ਪਹੁੰਚਾਇਆ ਗਿਆ ਜਿੱਥੇ ਉਨ੍ਹਾਂ ਦੀ ਸਿਹਤ ਜਾਂਚ ਹੋਈ।