ਪੰਜਾਬ ਦੇ ਪੇਂਡੂ ਵਿਕਾਸ, ਪ੍ਰਵਾਸੀ ਮਾਮਲਿਆਂ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨਾਲ ਸਥਾਨਕ ਟ੍ਰਾਂਸਪੋਰਟ ਭਵਨ ਵਿਖੇ ਅਹਿਮ ਮੀਟਿੰਗ ਕੀਤੀ ਗਈ।
ਮੀਟਿੰਗ ਉਪਰੰਤ ਪੰਜਾਬ ਦੇ ਕੈਬਨਿਟ ਮੰਤਰੀ ਧਾਲੀਵਾਲ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਦਿੱਤੀ ਗਈ ਕਿ ਕੇਂਦਰੀ ਸੜਕੀ ਆਵਾਜਾਈ ਮੰਤਰਾਲੇ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਖੇਤਰ ਦੀਆਂ ਦੋ ਅਹਿਮ ਸੜਕਾਂ ਦੇ ਨਿਰਮਾਣ ਅਤੇ ਅਪਗਰੇਡੇਸ਼ਨ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ।
ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ
ਸਰਹੱਦੀ ਖੇਤਰ ਦੀਆਂ ਦੋ ਅਹਿਮ ਸੜਕਾਂ ਦੇ ਨਿਰਮਾਣ ਤੇ ਅਪਗ੍ਰੇਡੇਸ਼ਨ ਲਈ ਕੇਂਦਰੀ ਸੜਕ ਫੰਡ ਤਹਿਤ ਮਿਲੀ ਮੰਨਜੂਰੀ
ਅਜਨਾਲਾ, ਆਵਾਨ,ਗੱਗੋਵਾਲ ਅਤੇ ਥੋਬਾ ਵਿਚਲੀਆਂ ਸੜਕਾਂ ਨੂੰ ਮੁੜ ਵਿਕਸਿਤ ਕਰਨ ਲਈ ਮੰਨਜੂਰੀ @nitin_gadkari @BhagwantMann pic.twitter.com/0WAySGgSDI— Kuldeep Dhaliwal (@KuldeepSinghAAP) September 5, 2022
ਉਨ੍ਹਾਂ ਦੱਸਿਆ ਕਿ ਰਾਵੀ ਦਰਿਆ ਦੇ ਨਾਲ ਧੁੱਸੀ ਬੰਨ੍ਹ ਨਜ਼ਦੀਕ ਤੋਂ ਘੋਨੇਵਾਲਾ ਰਾਮਦਾਸ ਰੋਡ਼ ਤੋਂ ਗੁਲਗੜ ਸੜਕ ਦੇ ਨਿਰਮਾਣ ਅਤੇ ਸਰਹੱਦੀ ਬਲਾਕ ਅਜਨਾਲਾ ਵਿਚ ਅਜਨਾਲਾ-ਫਤਿਹਗੜ੍ਹ ਚੂੜੀਆਂ-ਰਾਮਦਾਸ ਸੜਕ ਨੂੰ ਵਿਕਸਿਤ ਕਰਨ ਦੇ ਪ੍ਰਾਜੈਕਟਾਂ ਨੂੰ ਕੇਂਦਰੀ ਰੋਡ ਫੰਡ (ਸੀ.ਆਰ.ਐਫ) ਤਹਿਤ ਮਨਜ਼ੂਰੀ ਦੇ ਦਿੱਤੀ ਗਈ ਹੈ।
ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਤੇ ਕਬਜੇ ਛੁਡਾਉਣ ਲਈ ਚਲਾਈ ਜਾ ਰਹੀ ਮੁਹਿੰਮ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਧਾਲੀਵਾਲ ਨੇ ਕਿਹਾ ਕਿ ਪਿਛਲੇ ਪੰਜ ਮਹੀਨਿਆਂ ਦੌਰਾਨ 9 ਹਜ਼ਾਰ 53 ਏਕੜ ਜ਼ਮੀਨਾਂ ਤੋਂ ਕਬਜ਼ੇ ਛੁਡਵਾਏ ਜਾ ਚੁੱਕੇ ਹਨ ਅਤੇ ਆਉਂਦੇ ਸਮੇਂ ਵਿੱਚ ਵੀ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ।
ਉਸਾਰੂ ਮਾਹੌਲ ਵਿਚ ਹੋਈ ਇਸ ਮੀਟਿੰਗ ਵਿੱਚ ਗਡਕਰੀ ਵੱਲੋਂ ਅਜਨਾਲਾ ਸ਼ਹਿਰ ਅਤੇ ਤਿੰਨ ਪਿੰਡਾਂ ਆਵਾਨ, ਗੱਗੋਵਾਲ ਅਤੇ ਥੋਬਾ ਵਿਚਲੀਆਂ ਸੜਕਾਂ ਨੂੰ ਵੀ ਰੀਹੈਬਲੀਟੇਸ਼ਨ ਤਹਿਤ ਵਿਕਸਿਤ ਕਰਨ ਲਈ ਮੰਨਜ਼ੂਰੀ ਦੇ ਦਿੱਤੀ ਗਈ ਹੈ ਜਿਸਦੇ ਫੰਡ ਹਫਤੇ ਦੇ ਅੰਦਰ-ਅੰਦਰ ਜਾਰੀ ਕਰਨ ਸਬੰਧੀ ਗਡਕਰੀ ਵੱਲੋਂ ਭਰੋਸਾ ਦਿੱਤਾ ਗਿਆ ਹੈ।
ਵਿਰੋਧੀ ਧਿਰਾਂ ਵੱਲੋਂ ਇਸ ਮੁਹਿੰਮ ਸਬੰਧੀ ਕੀਤੀ ਜਾ ਰਹੀ ਆਲੋਚਨਾ ਬਾਰੇ ਧਾਲੀਵਾਲ ਨੇ ਕਿਹਾ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਹੀ ਇਹ ਕਬਜ਼ੇ ਹੋਏ ਹਨ ਅਤੇ ਇਨ੍ਹਾਂ ਪਾਰਟੀਆਂ ਨੇ ਆਪਣੀਆਂ ਸਰਕਾਰਾਂ ਸਮੇਂ ਇਸ ਖੇਤਰ ਵਿਚ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਆਪਣੀ ਅਸਫਲਤਾ ਤੇ ਪਰਦਾ ਪਾਉਣ ਲਈ ਹੀ ਬੇਬੁਨਿਆਦ ਆਲੋਚਨਾ ਕਰ ਰਹੀਆਂ ਹਨ।