ਫਤਿਹਗੜ੍ਹ ਸਾਹਿਬ ਵਿੱਚ ਹੁਣ ਪ੍ਰਧਾਨ ਮੰਤਰੀ ਮਿੱਤਰ ਸਕੀਮ ਤਹਿਤ ਟੈਕਸਟਾਈਲ ਪਾਰਕ ਬਣਾਇਆ ਜਾਵੇਗਾ। ਪੰਜਾਬ ਸਰਕਾਰ ਇਸ ਪ੍ਰਧਾਨ ਮੰਤਰੀ ਮੈਗਾ ਇੰਟੀਗ੍ਰੇਟਿਡ ਟੈਕਸਟਾਈਲ ਅਤੇ ਐਪਰਲ ਪਾਰਕ ਲਈ 1000 ਏਕੜ ਜ਼ਮੀਨ ਦੇਵੇਗੀ। ਸੀਐਮ ਭਗਵੰਤ ਮਾਨ ਨੇ ਇਸ ਲਈ ਕੇਂਦਰ ਨੂੰ ਪ੍ਰਸਤਾਵ ਭੇਜਿਆ ਹੈ।ਇਸ ਸਬੰਧੀ ਕੇਂਦਰੀ ਕੱਪੜਾ ਮੰਤਰੀ ਪਿਊਸ਼ ਗੋਇਲ ਨੂੰ ਪੱਤਰ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ ਇਹ ਪਾਰਕ ਲੁਧਿਆਣਾ ਦੇ ਮੱਤੇਵਾੜਾ ਵਿੱਚ ਬਣਾਇਆ ਜਾ ਰਿਹਾ ਸੀ। ਉਥੇ ਮੌਜੂਦ ਲੋਕਾਂ ਨੇ ਇਸ ਦਾ ਵਿਰੋਧ ਕੀਤਾ। ਜਿਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਇਸ ਨੂੰ ਰੱਦ ਕਰ ਦਿੱਤਾ।
ਇਹ ਵੀ ਪੜ੍ਹੋ : ਮਾਂ ਬੋਲੀ ਵਿਵਾਦ ‘ਤੇ ਗੁਰਦਾਸ ਮਾਨ ਨੇ ਨਵੇਂ ਗੀਤ ਰਾਹੀਂ ਵਿਰੋਧੀਆਂ ਨੂੰ ਦਿੱਤਾ ਇਹ ਜਵਾਬ, ਸੁਣੋ ਵੀਡੀਓ
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਇਸ ਪਾਰਕ ਨੂੰ ਬਣਾਉਂਦੇ ਸਮੇਂ ਕੇਂਦਰ ਅਤੇ ਰਾਜ ਦੇ ਪ੍ਰਦੂਸ਼ਣ ਬੋਰਡ ਨਾਲ ਸਬੰਧਤ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਲਈ ਮੁੱਢਲੀ ਸ਼ਰਤ 1000 ਏਕੜ ਜ਼ਮੀਨ ਦਾ ਇੱਕੋ ਥਾਂ ਹੋਣਾ ਹੈ। ਜਿਸ ਨੂੰ ਪੰਜਾਬ ਸਰਕਾਰ ਨੇ ਫਤਿਹਗੜ੍ਹ ਸਾਹਿਬ ਵਿਖੇ ਪਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਨਾਲ ਸਬੰਧਤ ਸਾਰੀਆਂ ਜ਼ਰੂਰਤਾਂ ਨੂੰ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ।
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਫਤਿਹਗੜ੍ਹ ਸਾਹਿਬ ਵਿੱਚ ਇਸ ਪਾਰਕ ਦੇ ਬਣਨ ਨਾਲ ਪੰਜਾਬ ਦੇਸ਼ ਦਾ ਟੈਕਸਟਾਈਲ ਹੱਬ ਬਣ ਜਾਵੇਗਾ। ਇਸ ਪ੍ਰੋਜੈਕਟ ਨਾਲ ਪੰਜਾਬ ਵਿੱਚ ਉਦਯੋਗਿਕ ਵਿਕਾਸ ਹੋਵੇਗਾ। ਇਸ ਨਾਲ ਜਿੱਥੇ ਨਿਵੇਸ਼ਕਾਂ ਨੂੰ ਆਕਰਸ਼ਿਤ ਕੀਤਾ ਜਾਵੇਗਾ, ਉੱਥੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇਗਾ।
ਇਹ ਵੀ ਪੜ੍ਹੋ : ਹਰਿਆਣੇ ਨੂੰ ਦੇਣ ਲਈ ਸਾਡੇ ਕੋਲ ਇੱਕ ਬੂੰਦ ਪਾਣੀ ਨਹੀਂ : ਮੰਤਰੀ ਕੁਲਦੀਪ ਧਾਲੀਵਾਲ