ਸਾਬਕਾ ਵਿਧਾਇਕ ਤੇ ਕਾਂਗਰਸ ਆਗੂ ਡਾ. ਧਰਮਬੀਰ ਅਗਨੀਹੋਤਰੀ ਨੂੰ ਅੱਜ ਉਨ੍ਹਾਂ ਦੇ ਜੱਦੀ ਪਿੰਡ ਸ਼ੇਰੋਂ ਦੇ ਗੁਰਦੁਆਰਾ ਬਾਬਾ ਸਿਧਾਣਾ ਵਿੱਚ ਕੀਤੇ ਇਕੱਠ ਵਿੱਚ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਜਾਣ ਮਗਰੋਂ ਕੀਰਤਨੀਆਂ ਜਥਿਆਂ ਵੱਲੋਂ ਕੀਰਤਨ ਕੀਤੇ ਗਏ। ਡਾ. ਅਗਨੀਹੋਤਰੀ ਦਾ 27 ਅਗਸਤ ਨੂੰ ਦੇਹਾਂਤ ਹੋ ਗਿਆ ਸੀ। ਜ਼ਿਕਰਯੋਗ ਹੈ ਕਿ ਉਹ 2017 ਵਿੱਚ ਤਰਨ ਤਾਰਨ ਤੋਂ ਵਿਧਾਇਕ ਚੁਣੇ ਗਏ ਸਨ|
ਸ਼ਰਧਾਂਜਲੀ ਸਮਾਗਮ ਵਿੱਚ ਉਨ੍ਹਾਂ ਦੇ ਸਾਥੀ ਪਾਰਟੀ ਆਗੂਆਂ ਨੇ ਉਨ੍ਹਾਂ ਦੇ ਜੀਵਨ ਦੇ ਵੱਖ ਵੱਖ ਪਹਿਲੂਆਂ ’ਤੇ ਰੌਸ਼ਨੀ ਪਾਈ ਅਤੇ ਉਨ੍ਹਾਂ ਦੇ ਸੰਸਾਰ ਵਿੱਚੋਂ ਤੁਰ ਜਾਣ ਨਾਲ ਸਮਾਜ, ਕਾਂਗਰਸ ਪਾਰਟੀ, ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਆਖਿਆ।
ਸ਼ਰਧਾਂਜਲੀਆਂ ਭੇਟ ਕਰਨ ਵਾਲਿਆਂ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਲੋਕ ਸਭਾ ਮੈਂਬਰ ਮੁਹੰਮਦ ਸਦੀਕ, ਜਸਬੀਰ ਸਿੰਘ ਡਿੰਪਾ, ਰਾਣਾ ਗੁਰਜੀਤ ਸਿੰਘ, ਹਰਮਿੰਦਰ ਸਿੰਘ ਗਿੱਲ ਤੇ ਸੁਖਪਾਲ ਸਿੰਘ ਭੁੱਲਰ ਆਦਿ ਦਾ ਨਾਮ ਸ਼ਾਮਲ ਹਨ। ਡਾ. ਧਰਮਬੀਰ ਅਗਨੀਹੋਤਰੀ ਦੇ ਪੁੱਤਰ ਸੰਦੀਪ ਅਗਨੀਹੋਤਰੀ ਨੇ ਸੰਗਤ ਦਾ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੋਣ ’ਤੇ ਧੰਨਵਾਦ ਕੀਤਾ।