ਅਦਾਲਤ ਨੇ ਸਿਮਰਨਜੀਤ ਸਿੰਘ ਬੈਂਸ ਖਿਲਾਫ ਬਲਾਤਕਾਰ ਦਾ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਮਾਮਲੇ ਵਿੱਚ ਇੱਕ 45 ਸਾਲਾ ਔਰਤ ਨੇ ਵਿਧਾਇਕ ਸਿਮਰਜੀਤ ਬੈਂਸ ਅਤੇ ਉਸਦੇ ਕੁਝ ਸਾਥੀਆਂ ਖ਼ਿਲਾਫ਼ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਜਿਸ ਦਾ ਨਿਪਟਾਰਾ ਕਰਦਿਆਂ, ਲੁਧਿਆਣਾ ਦੇ ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟਰੇਟ ਹਰਸਿਮਰਨਜੀਤ ਸਿੰਘ ਨੇ ਥਾਣਾ ਡਵੀਜ਼ਨ ਨੰਬਰ 6 ਦੇ ਐਸਐਚਓ ਨੂੰ ਕੇਸ ਦਰਜ ਕਰਨ ਲਈ ਕਿਹਾ ਹੈ ਅਤੇ ਐਫਆਈਆਰ ਦੀ ਕਾਪੀ ਅਦਾਲਤ ਨੂੰ ਭੇਜਣ ਦੇ ਆਦੇਸ਼ ਵੀ ਦਿੱਤੇ ਹਨ।
ਮਾਮਲੇ ਦੀ ਅਗਲੀ ਸੁਣਵਾਈ 15 ਜੁਲਾਈ ਨੂੰ ਹੋਵੇਗੀ। ਜਿਸ ਵਿੱਚ ਪੁਲਿਸ ਨੂੰ ਅਦਾਲਤ ਦੇ ਹੁਕਮਾਂ ਦੀ ਪਾਲਣਾ ਰਿਪੋਰਟ ਦੇਣੀ ਪਏਗੀ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਅਦਾਲਤ ਦੇ ਇਸ ਆਦੇਸ਼ ਨੇ ਵਿਧਾਇਕ ਸਿਮਰਜੀਤ ਬੈਂਸ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ।
16 ਨਵੰਬਰ, 2020 ਨੂੰ ਮਹਿਲਾ ਨੇ ਲੁਧਿਆਣਾ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ, ਕਮਲਜੀਤ ਸਿੰਘ, ਬਲਜਿੰਦਰ ਕੌਰ, ਜਸਬੀਰ ਕੌਰ ਉਰਫ ਭਾਬੀ, ਸੁਖਚੈਨ ਸਿੰਘ, ਪਰਮਜੀਤ ਸਿੰਘ ਉਰਫ ਪੰਮਾ, ਗੋਗੀ ਸ਼ਰਮਾ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਲਈ ਪੁਲਸ ਕਮਿਸ਼ਨਰ ਲੁਧਿਆਣਾ ਇਕ ਹੱਥੀਂ ਲਿਖਤੀ ਅਰਜ਼ੀ ਦਿੱਤੀ ਸੀ। ਉਹ ਨਿਆ ਦੀ ਮੰਗ ਨੂੰ ਲੈ ਕੇ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਕਾਫੀ ਦੇਰ ਤੱਕ ਲਗਾਤਾਰ ਧਰਨੇ ਉੱਤੇ ਬੈਠੀ ਰਹੀ। ਪਰ ਜਦੋਂ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਤਾਂ ਮਹਿਲਾ ਨੇ ਮਾਮਲਾ ਦਰਜ ਕਰਨ ਦੀ ਮੰਗ ਕਰਦੇ ਹੋਏ ਇਕ ਸਥਾਨਕ ਅਦਾਲਤ ਦਾ ਰੁਖ ਕੀਤਾ। ਪਰ ਉਸ ਵੇਲੇ ਮੈਜਿਸਟ੍ਰੇਟ ਪਲਵਿੰਦਰ ਸਿੰਘ ਦੀ ਅਦਾਲਤ ਮਹਿਲਾ ਦੀਆਂ ਦਲੀਲਾਂ ਨਾਲ ਸਹਿਮਤ ਨਹੀਂ ਸੀ ਤੇ ਉਸ ਨੂੰ ਅਦਾਲਤ ਸਾਹਮਣੇ ਸਬੂਤ ਪੇਸ਼ ਕਰਨ ਲਈ ਕਿਹਾ ਗਿਆ।
ਉਸ ਹੁਕਮ ਦੇ ਖਿਲਾਫ ਮਹਿਲਾ ਨੇ ਵਧੀਕ ਸੈਸ਼ਨ ਜੱਜ ਰਾਜ ਕੁਮਾਰ ਗਰਗ ਦੀ ਅਦਾਲਤ ਦੇ ਸਾਹਮਣੇ ਮੁੜ ਵਿਚਾਰ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੇ ਹੇਠਲੀ ਅਦਾਲਤ ਦੇ ਹੁਕਮ ਉੱਤੇ ਮੁੜ ਵਿਚਾਰ ਕਰਨ ਤੇ ਨਵੇਂ ਹੁਕਮ ਪਾਸ ਕਰਨ ਦੇ ਹੁਕਮ ਨੂੰ ਰੱਦ ਕਰ ਦਿੱਤਾ ਸੀ। ਹੁਣ ਵਕੀਲ ਹਰੀਸ਼ ਰਾਏ ਢਾਂਡਾ ਤੇ ਪਰਮਿੰਦਰ ਸਿੰਘ ਲੱਡੀ ਦੀਆਂ ਦਲੀਲਾਂ ਤੋਂ ਸਹਿਮਤ ਹੋ ਕੇ ਅਦਾਲਤ ਨੇ ਮਾਮਲਾ ਦਰਜ ਕਰ ਕੇ ਜਾਂਚ ਦੇ ਹੁਕਮ ਦਿੱਤੇ ਹਨ।
ਮਹਿਲਾ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਹੈ ਕਿ ਉਹ ਇਕ ਜਾਇਦਾਦ ਵਿਵਾਦ ਲਈ ਵਿਧਾਇਕ ਕੋਲ ਗਈ ਸੀ ਪਰ ਇਸ ਦੌਰਾਨ ਉਹ ਫਸ ਗਈ। ਉਸ ਨੇ ਦਾਅਵਾ ਕੀਤਾ ਕਿ ਉਸ ਨੂੰ ਵਾਰ-ਵਾਰ ਫੋਨ ਕਾਲ ਤੇ ਕਈ ਵ੍ਹਟਸਐਪ ਸੰਦੇਸ਼ ਮਿਲੇ ਤੇ ਵਾਰ-ਵਾਰ ਉਸ ਨਾਲ ਜਬਰ ਜਨਾਹ ਹੋਇਆ।