ਬੀਤੇ ਦਿਨ ਫਰੀਦਕੋਟ ਦੇ ਇੱਕ ਗੁਰਦੁਆਰਾ ਸਾਹਿਬ ‘ਚ ਗੁਰਦੁਆਰੇ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਜਬਰਦਸਤ ਲੜਾਈ ਹੋਣ ਦਾ ਮਾਮਲਾ ਸਾਹਮਣਾ ਆਇਆ ਸੀ।ਜਿਸਦੀ ਵੀਡੀਓ ਵੀ ਵਾਇਰਲ ਹੋਈ।ਇਸ ‘ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਐਕਸ਼ਨ ਲੈਂਦਿਆਂ ਸ਼੍ਰੋਮਣੀ ਕਮੇਟੀ ਨੂੰ ਇਸ ਮਾਮਲੇ ਦੀ ਤੁਰੰਤ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਹਨ।ਸ਼੍ਰੋਮਣੀ ਕਮੇਟੀ ਨੇ ਘਟਨਾ ਦੀ ਜਾਂਚ ਲਈ ਕਮੇਟੀ ਬਣਾਈ ਹੈ।
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਜਿਹੀਆਂ ਘਟਨਾਵਾਂ ਨੂੰ ਮੰਦਭਾਗਾ ਆਖਦਿਆਂ ਕਿਹਾ ਕਿ ਗੁਰੂ ਘਰਾਂ ‘ਚ ਆਪਸੀ ਮਾਮਲੇ ਰਲ ਮਿਲ ਬੈਠ ਕੇ ਹੱਲ ਕਰਨੇ ਚਾਹੀਦੇ ਹਨ।ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਹਵਾਲੇ ਨਾਲ ਉਨ੍ਹਾਂ ਦੇ ਓਐਸਡੀ ਸਤਬੀਰ ਸਿੰਘ ਧਾਮੀ ਨੇ ਦੱਸਿਆ ਕਿ ਘਟਨਾ ਦੀ ਜਾਂਚ ਲਈ ਜਾਂਚ ਕਮੇਟੀ ਬਣਾ ਦਿੱਤੀ ਗਈ ਹੈ ਜੋ ਅੱਜ ਘਟਨਾ ਸਥਾਨ ‘ਤੇ ਪਹੁੰਚੇਗੀ।
ਦੱਸ ਦੇਈਏ ਕਿ ਫਰੀਦਕੋਟ ਦੀ ਜਰਮਨ ਕਲੋਨੀ ਦੇ ਗੁਰਦੁਆਰੇ ‘ਚ ਸ਼ਨੀਵਾਰ ਨੂੰ ਅੱਸੂ ਦੀ ਸੰਗਰਾਂਦ ਸਬੰਧੀ ਧਾਰਮਿਕ ਸਮਾਗਮ ਦੀ ਸਮਾਪਤੀ ਮਗਰੋਂ ਦੋ ਧਿਰਾਂ ਵਿਚਾਲੇ ਆਪਸੀ ਝੜਪ ਹੋ ਗਈ ਤੇ ਇਸ ਮੌਕੇ ਕ੍ਰਿਪਾਨਾਂ ਵੀ ਚੱਲੀਆਂ।ਜਾਣਕਾਰੀ ਮੁਤਾਬਕ ਬੰਸਾ ਸਿੰਘ ਨਾਮੀ ਵਿਅਕਤੀ ਨੇ ਗੁਰਦੁਆਰੇ ਦਾ ਕਥਿਤ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ।
ਗੁਰਦੁਆਰਾ ਪ੍ਰਧਾਨ ਦਾ ਕਹਿਣਾ ਹੈ ਕਿ ਬੰਸਾ ਸਿੰਘ ਆਪਣੇ ਨਾਲ ਕੁਝ ਵਿਅਕਤੀਆਂ ਨੂੰ ਲੈ ਕੇ ਆਇਆ ਸੀ, ਜਿਸ ਨੇ ਸੰਗਤ ‘ਤੇ ਕਥਿਤ ਹਮਲਾ ਕੀਤਾ।ਇਸ ਘਟਨਾ ਦੀ ਚਸ਼ਮਦੀਦ ਗੁਰਦੇਵ ਕੌਰ ਨੇ ਕਿਹਾ ਕਿ ਗੁਰਦੁਆਰਾ ਸਾਹਿਬ ‘ਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਲੜਾਈ ਹੋਈ , ਇਕ ਦੂਜੇ ਨਾਲ ਧੱਕਾਂ ਮੁੱਕੀਆਂ, ਕ੍ਰਿਪਾਨਾਂ, ਪੱਗਾਂ ਲੱਥੀਆਂ।ਘਟਨਾਂ ‘ਚ ਨਰਿੰਦਰ ਸਿੰਘ ਤੇ ਪ੍ਰਭਜੀਤ ਕੌਰ ਗੰਭੀਰ ਜ਼ਖਮੀ ਹੋ ਗਏ ਜੋ ਕਿ ਜੇਰੇ ਇਲਾਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ‘ਚ ਦਾਖਲ ਹਨ।