ਸੁੰਦਰਤਾ ਅਤੇ ਪ੍ਰੇਮ ਦੀ ਰਾਜਨੀਤੀ
(ਮਨਮੋਹਨ ਦੇ ਨਾਵਲ ‘ਸਹਜ ਗੁਫਾ ਮਹਿ ਆਸਣੁ’ ਦੀ ਇਕ ਪੜ੍ਹਤ)
ਮਨਮੋਹਨ ਹੁਰਾਂ ਨੇ ਆਪਣੇ ਇਸ ਨਾਵਲ ‘ਸਹਜ ਗੁਫਾ ਮਹਿ ਆਸਣੁ’ ਲਈ, ਭਰਥਰੀ ਹਰੀ ਦੀ ਕਥਾ ਅਤੇ ਉਸਦੇ ਸਮਿਆਂ ਨੂੰ ਆਧਾਰ ਬਣਾਇਆ ਹੈ। ਇਸ ਕਥਾ ਰਾਹੀਂ, ਛੇਵੀਂ ਸਦੀ ਵਿਚ ਭਰਥਰੀ ਹਰੀ ਦੇ ਵਿਅਕਤਿੱਤਵ ਦਾ ਨਿਰਮਾਣ ਕਰਨ ਵਾਲੀਆਂ ਇਤਿਹਾਸਕ ਪ੍ਰਸਥਿਤੀਆਂ ਨੂੰ, ਇਕੀਵੀਂ ਸਦੀ ਵਿਚ ਕਿਵੇਂ ਪੁਨਰ-ਕਲਪਿਤ ਕੀਤਾ ਗਿਆ ਹੈ, ਇਹ ਦੇਖਣਾ ਬੜਾ ਦਿਲਚਸਪ ਰਹੇਗਾ।
ਈਸਾ ਪੂਰਵ ਅੱਠਵੀਂ ਸਦੀ ਤੋਂ ਲੈ ਕੇ ਈਸਾ ਉਪ੍ਰੰਤ ਛੇਵੀਂ ਸਦੀ ਤੱਕ ਫੈਲੇ ਕਾਲ-ਖੰਡ ਨੂੰ ਜਰਮਨ ਚਿੰਤਕ ਕਾਰਲ ਜੈਸਪਰ ‘ਐਕਸੀਅਲ ਏਜ’ ਦਾ ਨਾਮ ਦਿੰਦੇ ਹਨ। ਇਸ ਯੁਗ ਵਿਚ ਬਹੁਤ ਹੀ ਅਦਭੁਤ ਘਟਨਾਵਾਂ ਵਾਪਰਦੀਆਂ ਹਨ। ਭਾਰਤ ਵਿਚ ਉਪਨਿਸ਼ਦਾਂ ਦੀ ਰਚਨਾ ਹੁੰਦੀ ਹੈ। ਮਹਾਤਮਾਂ ਬੁਧ (ਈਸਾ ਪੂਰਵ 563-479) ਦੁਨੀਆਂ ਲਈ ਨਵਾਂ ਸੁਨੇਹਾ ਲੈ ਕੇ ਆਉਂਦੇ ਹਨ। ਕੇਵਲ ਭਾਰਤ ਵਿਚ ਹੀ ਨਹੀਂ, ਚੀਨ ਵਿਚ ਕਨਫਿਉਸ਼ੀਅਸ (ਈਸਾ ਪੂਰਵ 551-479) ਅਤੇ ਲਾਓ ਸੇ ਦਾ ਚਿੰਤਨ ਇਸ ਯੁਗ ਦੇ ਨਿਰਮਾਣ ਵਿਚ ਵਿਸ਼ੇਸ਼ ਰੋਲ ਨਿਭਾਉਂਦੇ ਹਨ। ਪਾਈਥਾਗੋਰਸ (ਈਸਾ ਪੂਰਵ 570-495) ਦੇ ਯੋਗਦਾਨ ਨੂੰ ਵੀ ਅਲਹਿਦਾ ਕਰਕੇ ਨਹੀਂ ਦੇਖਿਆ ਜਾ ਸਕਦਾ। ਵੱਡੇ ਧਰਮ ਵੀ ਇਸੇ ਯੁਗ ਵਿਚ ਪੈਦਾ ਹੋਏ। ਦੁਨੀਆਂ ਭਰ ਵਿਚ ਇਸ ਯੁਗ ਦੀ ਵਿਸ਼ੇਸ਼ ਪਹਿਚਾਣ ਸਥਾਪਤ ਹੁੰਦੀ ਹੈ। ਪਦਾਰਥਵਾਦੀ ਰੁਝਾਨਾਂ ਦੀ ਥਾਂ ਅਧਿਆਤਮਕ ਖੋਜ ਅਤੇ ਚਿੰਤਨ, ਖਾਸ ਕਰਕੇ ਹੋਂਦ, ਨੈਤਿਕਤਾ ਅਤੇ ਸੁਹਜ ਨਾਲ ਜੁੜੇ ਹੋਏ ਪਾਰਗਾਮੀ ਸੁਆਲ ਵਿਸ਼ੇਸ਼ ਮਹੱਤਵ ਗ੍ਰਹਿਣ ਕਰਨ ਲੱਗਦੇ ਹਨ। ਰਾਜ ਘਰਾਣਿਆਂ ਦੀ ਕਾਵਿ, ਸੰਗੀਤ, ਨ੍ਰਿਤ ਅਤੇ ਵਸਤੂ ਕਲਾਵਾਂ ਵਿਚ ਡੂੰਘੀ ਦਿਲਚਸਪੀ ਜਾਗਦੀ ਹੈ। ਮਨਮੋਹਨ ਜ਼ਿਕਰ ਕਰਦੇ ਹਨ ਕਿ ਭਰਥਰੀ ਹਰੀ ਦਾ ਸ਼ਹਿਰ ਉਜੈਨ ਸੰਪਦਾ, ਸੌਂਦਰਯ, ਅਤੇ ਸੁਹਜ ਸੰਵੇਦਨਾ ਦਾ ਕੇਂਦਰ ਬਣ ਗਿਆ ਸੀ। ਕਲਾਕਾਰਾਂ ਵਿਦਵਾਨਾਂ ਦਾ ਸਤਿਕਾਰ ਸੀ। ਇਸੇ ਕਰਕੇ ਮਹਾਂਕਵੀ ਕਾਲੀਦਾਸ, ਤਾਰਾ ਵਿਗਿਆਨੀ ਵਾਰਾਹਮਿਹਰ, ਵਰੁਚਿ, ਆਰਿਆ ਭੱਟ, ਵਿਸ਼ਾਖਾ ਦੱਤ ਅਤੇ ਧਨਵੰਤਰੀ ਜਿਹੇ ਨੌ ਰਤਨ ਇਕੋ ਸਮੇਂ ਉਜੈਨ ਦੇ ਰਾਜ ਦਰਬਾਰ ਦੀ ਸ਼ਾਨ ਬਣੇ ਬੈਠੇ ਸਨ। ਕਾਵਿ, ਸਾਹਿਤ, ਮੂਰਤੀ ਕਲਾ, ਗਣਿਤ, ਵਿਗਿਆਨ, ਰਾਜਨੀਤੀ, ਵਿਉਪਾਰ, ਹਰ ਖੇਤਰ ਵਿਚ ਕ੍ਰਾਂਤੀਕਾਰੀ ਖੋਜ ਹੋ ਰਹੀ ਸੀ। ਖੋਜ, ਸਿਖਿਆ ਅਤੇ ਗਿਆਨ ਦੇ ਪਾਸਾਰ ਦਾ ਖੁੱਲ੍ਹਾ ਦੌਰ ਸੀ।
ਗਿਆਨ, ਤਰਕ ਅਤੇ ਕਲਾ ਦੇ ਨਾਲ ਨਾਲ ਧਾਤ ਦੇ ਸਿੱਕਿਆਂ ਦੀ ਆਮਦ ਵੀ ਇਸੇ ਯੁਗ ਨਾਲ ਜੁੜੀ ਹੋਈ ਹੈ। ਸਿੱਕੇ ਦੀ ਆਮਦ ਨਾਲ ਵਿਉਪਾਰ ਦੇ ਵਿਸ਼ਵੀਕਰਣ ਦੀਆਂ ਸੰਭਾਵਨਾਵਾਂ ਜਾਗਦੀਆਂ ਅਤੇ ਪ੍ਰਫੁਲਿਤ ਹੁੰਦੀਆਂ ਹਨ। ਰਾਜਨੀਤਕ ਚੇਤਨਾ ਦਾ ਵਿਸਤਾਰ ਹੁੰਦਾ ਹੈ। ਤਰ੍ਹਾਂ ਤਰ੍ਹਾਂ ਦੇ ਰਤਨ ਪਦਾਰਥਾਂ, ਧਾਤਾਂ, ਚਮੜੇ, ਹਾਥੀ ਦੰਦ, ਮ੍ਰਿਗ ਸ਼ਾਲ, ਰੇਸ਼ਮ, ਮਲਮਲ, ਆਦਿ ਦੇ ਨਿਰਯਾਤ ਦੀ ਗੱਲ ਕਰਦੇ ਹੋਏ ਮਨਮੋਹਨ ਲਿਖਦੇ ਹਨ, “ਸੰਸਾਰ ਭਰ ਦੀਆਂ ਭਾਸ਼ਾਵਾਂ ਬੋਲਣ ਵਾਲੇ ਦੋਭਾਸ਼ੀਏ ਨਾਲ ਨਾਲ ਤੁਰਦੇ। ਕਥਾਕਾਰ। ਨੱਚਣ ਗਾਉਣ ਵਾਲੀਆਂ ਗਣਿਕਾਵਾਂ ਨ੍ਰਿਤ ਕਰਦੀਆਂ। ਕਵਿਤਾਵਾਂ ਸੁਣਾਈਆਂ ਜਾਂਦੀਆਂ। ਗਾਇਕ ਧਰੁਪਦ ਗਾਉਂਦੇ। ਸਖਤ ਦੇਹਾਂ ਦੀ ਥਕਾਨ ਦੂਰ ਕਰਨ ਲਈ ਵੈਸ਼ਿਆਵਾਂ ਆਪਣੀ ਕਲਾ ਦਿਖਾਉਂਦੀਆਂ। ਮਦਿਰਾ ਦੀਆਂ ਨਦੀਆਂ ਵਹਿੰਦੀਆਂ। ਯੁੱਧਾਂ ‘ਚ ਕੈਦ ਕੀਤੇ ਨਰ ਨਾਰੀਆਂ, ਦਾਸ ਦਾਸੀਆਂ ਸਿਰ ਸੁਟੀ ਨਾਲ ਨਾਲ ਤੁਰੇ ਜਾਂਦੇ। ਬਜ਼ਾਰਾਂ ਅਤੇ ਮੰਡੀਆਂ ਵਿਚ ਇਨ੍ਹਾਂ ਦੀ ਵਿਕਰੀ ਹੁੰਦੀ। ਮਦਿਰਾਵਾਂ ਦੇ ਅਨੇਕ ਰੂਪ ਸਪੇਨ, ਨਸੀਰੀਆ ਤੇ ਬਖਤਰੀਆ ਤੋਂ ਆਯਾਤ ਹੁੰਦੇ। ਵਸਤਾਂ ਅਤੇ ਵਿਓਪਾਰੀਆਂ ਦੀ ਸੁਰੱਖਿਆ ਲਈ ਸ਼ਸਤਰਬੱਧ ਸੈਨਿਕ ਤੈਨਾਤ ਰਹਿੰਦੇ। ਸੰਸਾਰ ਦੀ ਕੋਈ ਐਸੀ ਵਸਤ ਨਹੀਂ ਜਿਸਦਾ ਵਿਸ਼ਵ ਪੱਧਰ ਤੇ ਵਿਉਪਾਰ ਨਾ ਹੁੰਦਾ ਹੋਵੇ। ਦੁਨੀਆਂ ਸਥਾਨਕਤਾ ਤੋਂ ਵਿਸ਼ਵੀਕਰਣ ਵੱਲ ਵਧ ਰਹੀ ਸੀ।
ਭਾਵੇਂ ਸਮਾਜਕ ਜੀਵਨ ਨੂੰ ਨਿਯੰਤ੍ਰਿਤ ਕਰਨ ਵਾਲੇ ਤਿੰਨ ਖੇਤਰਾਂ ਰਾਜ (ਸ਼ਕਤੀ), ਵਿਉਪਾਰ (ਦੌਲਤ) ਅਤੇ ਧਰਮ (ਅਰਥਾਂ) ਦੀ ਆਜ਼ਾਦ ਅਤੇ ਖੁਦਮੁਖਤਾਰ ਹਸਤੀ ਸਥਾਪਤ ਕੀਤੀ ਗਈ ਹੈ, ਪਰ ਕਿਤੇ ਨਾ ਕਿਤੇ ਅਰਥਾਂ ਦਾ ਉਤਪਾਦਨ ਕਰਨ ਵਾਲੇ ਧਰਮ ਖੇਤਰ ਦਾ ਮਹੱਤਵ ਵਧੇਰੇ ਦਰਸਾਇਆ ਗਿਆ ਹੈ। ਅਰਥਾਂ ਦੀ ਚੋਣ ਸੁੰਦਰਤਾ ਅਤੇ ਨੈਤਿਕ ਮੁੱਲਾਂ ਦੇ ਆਧਾਰ ਤੇ ਹੁੰਦੀ ਦਿਖਾਈ ਗਈ ਹੈ। ਮਾਰਕਸਵਾਦ ਵਿਚ ਅਰਥਿਕਤਾ ਨੂੰ ਸਮਾਜਕ ਤਬਦੀਲੀ ਦਾ ਆਧਾਰ ਮੰਨਿਆਂ ਜਾਂਦਾ ਹੈ। ਪਰ ਇਸ ਨਾਵਲ ਰਾਹੀਂ ਮਨਮੋਹਨ ਸੁੰਦਰਤਾ/ ਨੈਤਿਕਤਾ ਨੂੰ ਸਮਾਜਕ ਤਬਦੀਲੀ ਦੀ ਏਜੰਸੀ ਬਣਾ ਕੇ ਪੇਸ਼ ਕਰਦੇ ਹਨ। ਸੁੰਦਰਤਾ ਏਥੇ ਖਪਤ ਦੀ ਵਸਤੂ ਨਹੀਂ, ਆਰਥਿਕ, ਰਾਜਨੀਤਕ ਅਤੇ ਸਮਾਜ-ਸਭਿਆਚਾਰਕ ਮੁੱਲਾਂ ਦੀ ਪ੍ਰਤੀਕ ਹੈ। ਸੁੰਦਰ ਮੁੱਲਾਂ ਦੇ ਰੂਪ ਵਿਚ। ਇਸੇ ਲਈ ਨਾਵਲ ਵਿਚ ਭਰਥਰੀ ਹਰੀ ਦੇ ਕਾਮੀ ਵਿਵਹਾਰ ਦੀ ਹਰ ਪਾਸਿਓਂ ਵਾਰ ਵਾਰ ਨਿਖੇਧੀ ਹੁੰਦੀ ਹੈ। ਅਜਿਹੇ ਮੁਲਾਂ ਨੂੰ ਪਹਿਲ ਦਿਤੀ ਗਈ ਹੈ, ਜੋ ਖਪਤ ਅਤੇ ਉਪਯੋਗੀ ਬਿਰਤੀ ਦੀ ਥਾਂ ਸੁੰਦਰਤਾ ਦੇ ਉਤਪਾਦਨ, ਸਰਕੂਲੇਸ਼ਨ ਅਤੇ ਜਸ਼ਨ ਨੂੰ ਬੜ੍ਹਾਵਾ ਦੇਣ।
ਖੂਬਸੂਰਤੀ ਅਤੇ ਨੈਤਿਕਤਾ ਇਸ ਯੁਗ ਨੂੰ ਸਮਝਣ ਲਈ ਮਨਮੋਹਨ ਭਰਥਰੀ ਹਰੀ ਨਾਲ ਜੁੜੀ ਇੱਕ ਦੰਤ ਕਥਾ ਦਾ ਸਹਾਰਾ ਲੈਂਦੇ ਹਨ: ਇਸ ਦੰਤ ਕਥਾ ਵਿਚ ਉਜੈਨ ਦਾ ਇਕ ਗਰੀਬ ਸ਼ਿਵ ਭਗਤ ਸੋਮ ਆਪਣੀ ਘੋਰ ਤਪੱਸਿਆ ਅਤੇ ਸਾਧਨਾ ਰਾਹੀਂ ਅਮਰਫਲ ਦੀ ਪ੍ਰਾਪਤੀ ਕਰਦਾ ਹੈ। ਦੇਵਤੇ ਉਸ ਨੂੰ ਦੱਸਦੇ ਹਨ ਕਿ ਇਹ ਫਲ ਪ੍ਰਾਪਤ ਕਰਕੇ ਉਹ ਕਾਲ ਅਤੇ ਜੀਵਨ ਮਰਨ ਤੋਂ ਮੁਕਤ ਹੋ ਜਾਵੇਗਾ। ਸੋਮ ਪ੍ਰੇਮ ਵੱਸ ਇਹ ਅਮਰਫਲ ਆਪਣੀ ਪਤਨੀ ਨੂੰ ਭੇਟ ਕਰ ਦਿੰਦਾ ਹੈ। ਆਖਦਾ ਹੈ ਕਿ ‘ਤੇਰਾ ਨਿਸ਼ਕਾਮ ਪ੍ਰੇਮ ਹੀ ਮੇਰੇ ਤਪ ਦੀ ਪ੍ਰੇਰਨਾ ਹੈ। ਇਸ ਲਈ ਮੈਂ ਇਹ ਅਮਰਫਲ ਤੈਨੂੰ ਭੇਂਟ ਕਰਦਾ ਹਾਂ। ਇਸ ਨੂੰ ਹੁਣੇ ਹੀ ਗ੍ਰਹਿਣ ਕਰਕੇ ਕਾਲ ਚੱਕਰ ਤੋਂ ਮੁਕਤ ਹੋ ਜੀਵਨ ਨੂੰ ਅਨੰਦ ਸਹਿਤ ਵਤੀਤ ਕਰ।’ ਪਤਨੀ ਦੁਬਿਧਾਗ੍ਰਸਤ ਹੋ ਕੇ ਆਖਦੀ ਹੈ, “ਜੇ ਮੈਂ ਇਸਦਾ ਭੋਗ ਕਰ ਲਵਾਂ ਤਾਂ ਕੀ ਵਰ੍ਹਿਆਂ ਦਾ ਜੀਵਨ ਦਰਿਦਰ ਮਿਟ ਜਾਊ। ਗਰੀਬੀ, ਭੁਖਮਰੀ ਅਤੇ ਸਾਧਨਹੀਣਤਾ ਨੂੰ ਦੇਖ ਕੇ ਕੀ ਅਮਰਤਾ ਸ਼ਰਮਾਏਗੀ ਨਹੀਂ। ਇਹ ਅਮਰਫਲ ਸਾਡੀ ਦੀਨਤਾ ਅਤੇ ਹੀਣਤਾ ਨੂੰ ਹੀ ਅਮਰ ਕਰੇਗਾ। ਮਾਰੂਥਲਾਂ ਵਿਚ ਪੁਸ਼ਪ ਨਹੀਂ ਖਿੜਦੇ।” ਤਰੀਕੇ ਤਰੀਕੇ ਉਹ ਸਪਸ਼ਟ ਕਰ ਦਿੰਦੀ ਹੈ ਕਿ ਇਹ ਅਮਰਫਲ ਦਰਿਦਰ ਜੀਵਨ ਵਿਚ ਖੂਬਸੂਰਤੀ ਪੈਦਾ ਨਹੀਂ ਕਰ ਸਕਦਾ। ਖੂਬਸੂਰਤ ਜੀਵਨ ਦਾ ਰੁਤਬਾ ਅਮਰ ਹੋਣ ਨਾਲੋਂ ਵੱਡਾ ਹੈ।
ਪਤਨੀ ਦੇ ਨਾਂਹ ਕਰਨ ਤੇ ਸੋਮ ਇਹ ਫਲ ਉਜੈਨ ਨਰੇਸ਼ ਭਰਥਰੀ ਹਰੀ ਨੂੰ ਭੇਂਟ ਕਰਨ ਦਾ ਮਨ ਬਣਾ ਲੈਂਦਾ ਹੈ। ਸੋਚਦਾ ਹੈ ਕਿ ਉਜੈਨ ਨਰੇਸ਼ ਭਰਥਰੀ ਹਰੀ ਪ੍ਰਕਾਂਡ ਵਿਦਵਾਨ ਹੈ; ਵੱਡਾ ਯੋਧਾ ਦਯਾਲੂ ਅਤੇ ਸਮਦਰਸ਼ੀ ਭਾਵ ਵਾਲਾ ਵਿਅਕਤੀ। ਹੋ ਸਕਦਾ ਹੈ ਕਿ ਇਸ ਅਮਰਫਲ ਦੀ ਪ੍ਰਾਪਤੀ ਰਾਹੀਂ ਉਹ ਦੁਖੀ ਅਤੇ ਲਾਚਾਰ ਪਰਜਾ ਦਾ ਕੁਝ ਸੁਆਰ ਸਕੇ। ਨਿਮਾਣੇ, ਨਿਤਾਣੇ, ਨਿਆਸਰੇ ਅਤੇ ਨਿਓਟੇ ਲੋਕਾਂ ਨੂੰ ਆਸਰਾ ਦੇ ਸਕੇ। ਉਜੈਨ ਦੇ ਰਾਜ ਦਰਬਾਰ ਪਹੁੰਚ ਕੇ ਇਹ ਫਲ ਭਰਥਰੀ ਹਰੀ ਨੂੰ ਭੇਂਟ ਕਰਦਾ ਹੋਇਆ ਆਖਦਾ ਹੈ ਕਿ ਆਪ ਵੱਲੋਂ ਇਸ ਨੂੰ ਗ੍ਰਹਿਣ ਕਰਨ ਨਾਲ ਪੂਰੇ ਮਹਾਂਦੇਸ਼ ਦਾ ਉੱਦਾਰ ਹੋਵੇਗਾ। ਚਾਰੇ ਪਾਸੇ ਖੁਸ਼ਹਾਲੀ ਆਏਗੀ।
ਭਰਥਰੀ ਸੋਚਦਾ ਹੈ ਕਿ ਸਿੰਘਾਸਨ ਅਤੇ ਸੱਤਾ ਦਾ ਮੁਕਟ ਤਾਂ ਪਹਿਲਾਂ ਹੀ ਕੰਡਿਆਂ ਨਾਲ ਭਰਿਆ ਪਿਆ ਹੈ। ਪਰਜਾ ਦਾ ਕੁਝ ਵੀ ਸੰਵਰ ਨਹੀਂ ਰਿਹਾ। ਭਰਥਰੀ ਬਾਰੇ ਲੋਕ ਵੀ ਇਹੋ ਸੋਚਦੇ ਸਨ ਕਿ ਉਸ ਨੂੰ ਤਾਂ ਆਪਣੀ ਆਯਾਸ਼ੀ ਵਿਚੋਂ ਹੀ ਵਿਹਲ ਨਹੀਂ। ਰਾਜ ਭਾਗ ਵੱਲ ਉਸਦਾ ਕੋਈ ਧਿਆਨ ਨਹੀਂ। ਸਾਰੇ ਦਾਇੱਤਵ ਭੁੱਲੀ ਬੈਠਾ ਹੈ। ਰਿਆਇਆ ਅੰਤਾਂ ਦੀ ਦੁਖੀ। ਜੀਵਨ ਯਾਪਣ ਲਈ ਅੰਨ ਉਪਲਭਦ ਨਹੀਂ। ਜੀਵਨ ਮਾਲ ਦੀ ਕੋਈ ਸੁਰੱਖਿਆ ਨਹੀਂ। ਵਿਦਰੋਹ ਅਤੇ ਬਾਹਰੀ ਹਮਲਿਆਂ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ। ਸੋਮ ਦੀ ਪਤਨੀ ਮੰਗਲਾ ਵੀ ਇਹੋ ਵਿਚਾਰ ਰੱਖਦੀ ਸੀ ਕਿ ਭਰਥਰੀ ਤਾਂ ਪਹਿਲਾਂ ਹੀ ਏਨਾ ਕਾਮ ਵੱਸ ਹੋਇਆ ਪਿਆ ਹੈ ਕਿ ਉਸਦਾ ਦਿਨ ਰਾਤ ਤ੍ਰਾਹ ਤ੍ਰਾਹ ਕਰਦੀ ਲੋਕਾਈ ਵੱਲ ਕੋਈ ਧਿਆਨ ਹੀ ਨਹੀਂ ਜਾਂਦਾ। ਜੇਕਰ ਉਸਦਾ ਭਰਾ ਵਿਕਰਮਾਦਿੱਤ ਉਸਨੂੰ ਰਾਜੇ ਦੀਆਂ ਜ਼ਿੰਮੇਵਾਰੀਆਂ ਵੱਲ ਧਿਆਨ ਦੇਣ ਲਈ ਆਖ ਰਿਹਾ ਸੀ ਤਾਂ ਉਸਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਭਰਥਰੀ ਭਲੀ ਭਾਂਤ ਸਮਝਦਾ ਸੀ ਕਿ ਉਸ ਵਿਚ ਸਮੇਂ ਦੀ ਸਮਾਜਕ ਅਤੇ ਰਾਜਨੀਤਕ ਵਿਵਸਥਾ ਨੂੰ ਤਬਦੀਲ ਕਰਨ ਦੀ ਬੌਧਿਕ ਸਮਰੱਥਾ ਨਹੀਂ ਸੀ। ਇਸ ਤਬਦੀਲੀ ਲਈ ਅਮਰਤਵ ਦੀ ਨਹੀਂ, ਇਕ ਨਵੀਂ ਅੰਤਰਦ੍ਰਿਸਟੀ ਦੀ ਲੋੜ ਹੈ, ਜੋ ਉਸ ਨੂੰ ਪ੍ਰਾਪਤ ਨਹੀਂ ਸੀ। ਭਰਥਰੀ ਨੂੰ ਆਪਣੀ ਇਸ ਅਸਮਰੱਥਤਾ ਦਾ ਗਿਆਨ ਸੀ ਕਿ ਉਹ ਅਮਰ ਹੋ ਕੇ ਵੀ ਰਾਜ ਵਿਵਸਥਾ ਵਿਚ ਲੋਕ-ਪੱਖੀ ਸੁਧਾਰ ਨਹੀਂ ਲਿਆ ਸਕੇਗਾ। ਉਸ ਦੀ ਨਿਰਾਸ਼ਤਾ ਅਤੇ ਭੋਗੀ ਬਿਰਤੀ ਦਾ ਕਾਰਨ ਵੀ ਇਹ ਅਸਮਰੱਥਤਾ ਹੀ ਸੀ। ਉਹ ਭਲੀ ਭਾਂਤ ਸਮਝਦਾ ਸੀ ਕਿ ਉਸ ਨੂੰ, ਉਸਦੇ ਰਾਜ ਨੂੰ ਅਤੇ ਮਾਨਵਤਾ ਨੂੰ ਅਮਰਫਲ ਦੀ ਨਹੀਂ, ਇਕ ਅਜਿਹੀ ਅੰਤਰਦ੍ਰਿਸਟੀ ਦੀ ਲੋੜ ਸੀ ਜੋ ਸਮਾਜਕ/ ਰਾਜਨੀਤਕ ਤਬਦੀਲੀ ਦਾ ਆਧਾਰ ਬਣ ਸਕੇ। ਇਸੇ ਲਈ ਉਸਨੇ ਇਸ ਅਮਰਫਲ ਨੂੰ, ਜਿਸ ਦੀ ਪ੍ਰਾਪਤੀ ਲਈ ਉਸਨੇ ਕੋਈ ਤਪ ਵੀ ਨਹੀਂ ਸੀ ਕੀਤਾ, ਭਿਖਿਆ ਦੇ ਰੂਪ ਵਿਚ ਗ੍ਰਹਿਣ ਕਰਨ ਤੋਂ ਇਨਕਾਰ ਕਰਨ ਦਾ ਮਨ ਬਣਾ ਲਿਆ। ਪਰ ਸੋਮ ਤਾਂ ਅਮਰਫਲ ਨੂੰ ਉਥੇ ਛੱਡ ਕੇ ਜਾ ਚੁਕਾ ਸੀ। ਸਮਾਜ ਨੂੰ ਸਥਿਰਥਾ ਦੀ ਨਹੀਂ ਤਬਦੀਲੀ ਦੀ ਲੋੜ ਸੀ।
ਭਰਥਰੀ ਹਰੀ ਇਹ ਫਲ ਰਾਣੀ ਪਿੰਗਲਾ ਨੂੰ ਭੇਂਟ ਕਰਨ ਦਾ ਮਨ ਬਣਾ ਲੈਂਦਾ ਹੈ। ਪਿੰਗਲਾ ਸੋਚਦੀ ਹੈ ਕਿ ਇਸ ਰਾਸ ਰੰਗ ਵਿਚ ਰਾਜੇ ਦੀ ਕਾਮ ਵਾਸਨਾ ਪੂਰੀ ਕਰਨ ਜਾਂ ਉਸਦੀ ਇੰਤਜ਼ਾਰ ਵਿਚ ਸਮਾਂ ਬਿਤਾਉਣ ਲਈ ਅਮਰ ਹੋਣ ਦਾ ਕੀ ਲਾਭ। ਪਿੰਗਲਾ ਇਹ ਸੋਚ ਕੇ ਕਿ ਇਸ ਰਾਜ ਵਿਵਸਥਾ ਵਿਚ ਔਰਤ ਦੀ ਸਥਿਤੀ ਅਜਿਹੀ ਨਹੀਂ ਕਿ ਉਹ ਅਮਰ ਹੋਣ ਬਾਰੇ ਸੋਚੇ। ਇੰਝ ਪ੍ਰਤੀਤ ਕਰ ਰਹੀ ਸੀ ਕਿ ਜਿਵੇ ਉਹ ਅਮਰ ਹੋਣ ਦਾ ਵਰ ਪ੍ਰਾਪਤ ਕਰਕੇ ਅਹੱਲਿਆ ਬਣ ਜਾਵੇਗੀ। ਇਸ ਲਈ ਉਹ ਵੀ ਦਲਿਤ/ ਦਮਿਤ/ ਸਬਆਲਟਰਨ ਹੋਂਦ ਦੀ ਪ੍ਰਤੀਕ ਔਰਤ ਦੀ ਹੋਣੀ ਨੂੰ ਸਮਝਦੇ ਹੋਏ ਆਪਣੇ ਆਪ ਨੂੰ ਅਮਰਫਲ ਗ੍ਰਹਿਣ ਕਰਨ ਤੋਂ ਰੋਕ ਲੈਂਦੀ ਹੈ। ਦਲਿਤ/ ਦਮਿਤ ਵਰਗ ਦੀ ਭਲਾਈ ਯਥਾ ਸਥਿਤੀ ਦੀ ਲੰਮੀ ਆਯੂ ਵਿਚ ਨਹੀਂ, ਇਸਦੀ ਵਿਸਥਾਪਨਾ/ ਤਬਦੀਲੀ ਵਿਚ ਸੀ। ਸਮਾਜਕ ਬਰਾਬਰੀ ਅਮਰ ਹੋਣ ਨਾਲੋਂ ਵੱਧ ਮਹੱਤਵਪੂਰਨ ਹੈ।
ਪਿੰਗਲਾ ਅਮਰਫਲ ਗ੍ਰਹਿਣ ਨਹੀਂ ਕਰਦੀ। ਛੁਪਾ ਕੇ ਰੱਖਣ ਲਈ ਆਪਣੇ ਬਾਲ ਸਖਾ ਚੰਦ੍ਰਿਕਾ ਦਾਸ ਨੂੰ ਸੌਪ ਦਿੰਦੀ ਹੈ। ਪਰ ਚੰਦ੍ਰਿਕਾ ਦਾਸ ਪਿੰਗਲਾ ਤੋਂ ਮੂੰਹ ਮੋੜ ਕੇ ਆਪਣੀ ਕਾਮ ਤ੍ਰਿਪਤੀ ਦੀ ਸ਼ਿਖਰ ਤੇ ਪਹੁੰਚਣ ਲਈ ਇਹ ਅਮਰਫਲ ਉਜੈਨ ਨਗਰੀ ਦੀ ਪ੍ਰਸਿਧ ਗਣਿਕਾ ਪੁਸ਼ਪਗੰਧਾਂ ਨੂੰ ਇਕ ਰਾਤ ਦੀ ਅੱਯਾਸ਼ੀ ਬਦਲੇ ਭੇਂਟ ਕਰ ਦਿੰਦਾ ਹੈ। ਅਮਰ ਹੋਣ ਦਾ ਮਹੱਤਵ ਇਕ ਰਾਤ ਦੀ ਅੱਯਾਸ਼ੀ ਜਿੰਨਾ ਵੀ ਨਹੀਂ ਰਹਿ ਜਾਂਦਾ। ਪੁਸ਼ਪਗੰਧਾ ਅਮਰਫਲ ਸਵੀਕਾਰ ਤਾਂ ਕਰ ਲੈਂਦੀ ਹੈ ਪਰ ਨਾਲ ਦੀ ਨਾਲ ਇਹ ਵੀ ਸੋਚਦੀ ਹੈ ਕਿ ਗਣਿਕਾ (ਪਰਾਧੀਨਤਾ) ਨੂੰ ਅਮਰ ਕਰਨ ਦਾ ਕੀ ਲਾਭ। ਭੋਗ ਦੀ ਵਸਤ ਬਣਨ ਦਾ ਕੀ ਲਾਭ। ਇਸ ਲਈ ਇਕ ਦਿਨ ਜਦੋਂ ਭਰਥਰੀ ਹਰੀ ਆਪਣੀ ਕਾਮ ਤ੍ਰਿਪਤੀ ਲਈ ਉਸ ਕੋਲ ਰਾਤ ਬਿਤਾ ਕੇ ਬਿਪਿਸ ਜਾਣ ਲਗਦਾ ਹੈ ਤਾਂ ਪੁਸ਼ਪਗੰਧਾ ਇਹ ਅਮਰਫਲ ਭਰਥਰੀ ਨੂੰ ਭੇਂਟ ਕਰ ਦਿੰਦੀ ਹੈ। ਅਮਰਤਾ ਆਜ਼ਾਦੀ ਦੇ ਤੁਲ ਨਹੀਂ।
ਖੁਸ਼ਹਾਲੀ, ਬਰਾਬਰੀ ਅਤੇ ਆਜ਼ਾਦੀ ਲਈ ਸਮਾਜਕ ਤਬਦੀਲੀ ਹੀ ਖੂਬਸੂਰਤ ਜੀਵਨ ਦਾ ਮਾਰਗ ਹੈ। ਅਮਰ ਹੋਣ ਦਾ ਇਸ ਸਾਹਵੇਂ ਕੋਈ ਮੁਲ ਨਹੀਂ।
ਉਜੈਨ ਨਗਰੀ ਕੀ ਪੂਰੇ ਸੰਸਾਰ ਵਿਚ ਇਕ ਤਪੱਸਵੀ ਤੋਂ ਲੈਕੇ ਰਾਜ ਭਾਗ ਦੇ ਅਧਿਕਾਰੀ ਤੱਕ ਕੋਈ ਵੀ ਆਪਣੀ ਵਰਤਮਾਨ ਸਥਿਤੀ ਵਿਚ ਏਨਾ ਸੰਤੁਸ਼ਟ ਨਹੀਂ ਕਿ ਅਮਰ ਹੋਣ ਬਾਰੇ ਸੋਚੇ। ਇਸ ਕਥਾ ਰਾਹੀਂ ਔਰਤ ਦੀ ਗੁਲਾਮੀ, ਲੋਕਾਈ ਦੀ ਗੁਰਬਤ ਅਤੇ ਸ਼ਾਸਕ ਦੀ ਬੇਬਸੀ ਨੂੰ ਖਾਸ ਤੌਰ ਤੇ ਨਿਸ਼ਾਨਾ ਬਣਾਇਆ ਗਿਆ ਹੈ। ਹਰ ਕੋਈ ਆਪਣੀ ਯਥਾ ਸਥਿਤੀ ਵਿਚ ਬਦਲਾਵ ਦੀ ਤਾਂਘ ਰੱਖਦਾ ਹੈ। ਜੋ ਹੈ ਉਹ ਨਹੀਂ ਰਹਿਣਾ ਚਾਹੁੰਦਾ। ਕੁਝ ਹੋਰ ਬਣਨਾ ਲੋਚਦਾ ਹੈ। ਹਰ ਕੋਈ ਆਪਣੇ ਲਈ ਪਹਿਲਾਂ ਨਾਲੋਂ ਬਿਹਤਰ ਸੰਸਾਰ ਦੀ ਖੋਜ ਵਿਚ ਹੈ। ਇਹ ਗੱਲ ਕੇਵਲ ਵਿਅਕਤੀਆਂ ਉਪਰ ਹੀ ਨਹੀਂ, ਸਮਾਜਕ ਭਾਈਚਾਰਿਆਂ, ਅਰਥਚਾਰਿਆਂ ਅਤੇ ਰਾਜ ਪ੍ਰਬੰਧਾਂ ਉਪਰ ਵੀ ਬਰਾਬਰ ਲਾਗੂ ਹੁੰਦੀ ਹੈ। ਤਪੱਸਵੀ ਤਪੱਸਿਆ ਵਿਚ ਸੰਤੁਸ਼ਟ ਨਹੀਂ। ਰਾਜਾ ਰਾਜ ਭਾਗ ਵਿਚ ਸੰਤੁਸ਼ਟ ਨਹੀਂ। ਔਰਤ ਆਪਣੇ ਔਰਤ ਪਣ ਵਿਚ ਸੰਤੁਸ਼ਟ ਨਹੀਂ। ਚੋਰ ਚੋਰੀ ਵਿਚ ਸੰਤੁਸ਼ਟ ਨਹੀਂ। ਅੱਯਾਸ਼ ਅੱਯਾਸ਼ੀ ਵਿਚ ਸੰਤੁਸ਼ਟ ਨਹੀਂ। ਹਰ ਸਥਿਤੀ ਬਦਲਾਵ ਚਾਹੁੰਦੀ ਹੈ। ਆਪਣੇ ਆਪ ਨੁੰ ਹਮੇਸ਼ਾ ਹੀ ਪਹਿਲਾਂ ਨਾਲੋਂ ਵਧੀਆ ਕਿਸੇ ਨਵੇਂ ਰੂਪ ਵਿਚ ਕਲਪਿਤ ਕਰਦੀ ਰਹਿੰਦੀ ਹੈ।
ਗੱਲ ਕੀ ਸ਼ਬਦ ਹਮੇਸ਼ਾ ਨਵੇਂ ਅਰਥਾਂ ਦੀ ਤਲਾਸ਼ ਵਿਚ ਰਹਿੰਦਾ ਹੈ। ਸ਼ਬਦ ਦੀ ਭਟਕਣ ਹੀ ਇਕੋ ਇਕ ਅਸਲ ਭਟਕਣ ਹੈ ਜੋ ਅਲੱਗ ਅਲੱਗ ਲੋਕਾਂ/ ਸਥਿਤੀਆਂ/ਕਾਮਨਾਵਾਂ/ਰੂਪਾਂ/ ਸੰਗਠਨਾਂ/ ਭਾਈਚਾਰਿਆਂ/ ਸੰਸਥਾਵਾਂ/ ਵਿਚਾਰਾਂ/ ਤਰੱਕੀਆਂ ਆਦਿ ਵਿਚ ਨਵੇਂ ਨਵੇਂ ਰੂਪ ਧਾਰ ਕੇ ਲਗਾਤਾਰ ਪੇਸ਼ ਹੁੰਦੀ ਰਹਿੰਦੀ ਹੈ। ਸ਼ਬਦ ਦੀ ਇਸ ਯਾਤਰਾ ਦਾ ਨਾਮ ਹੀ ਕਾਲ/ ਇਤਿਹਾਸ/ ਵਿਕਾਸ ਹੈ। ਕੇਵਲ ਸ਼ਬਦ ਹੀ ਅਮਰ ਹੈ, ਅਰਥ ਨਹੀਂ। ਸ਼ਬਦ, ਵਸਤੂ ਨਹੀਂ, ਨਿਰਮਾਣਕਾਰੀ ਸ਼ਕਤੀ ਹੈ। ਅਮਰ-ਫਲ ਵਾਂਗ ਪ੍ਰਾਪਤ ਨਹੀਂ ਕੀਤੀ ਜਾਂਦੀ। ਖੋਜਣੀ ਪੈਂਦੀ ਹੈ। ਕਾਲ ਦਾ ਜਗਿਆਸਾ ਦੇ ਰੂਪ ਵਿਚ ਭਵਿਖ, ਸਿਮ੍ਰਿਤੀ ਦੇ ਰੂਪ ਵਿਚ ਅਤੀਤ ਅਤੇ ਕਰਮ ਦੇ ਰੂਪ ਵਿਚ ਵਰਤਮਾਨ ਵਿਚ ਵਿਭਾਜਨ ਕਰਕੇ ਚੇਤਨਾ ਨੂੰ ਜਨਮ ਦੇਣ ਵਾਲਾ ਵੀ ਇਹ ਸ਼ਬਦ ਹੀ ਹੈ।
ਇਸ ਲਈ ਹਰ ਪਾਸਿਓ ਨਕਾਰੇ ਗਏ ਅਮਰਫਲ ਨੂੰ ਉਥੇ ਹੀ ਛੱਡ ਕੇ ਭਰਥਰੀ ਹਰੀ ਅਦਭੁਤ ਸ਼ਬਦ ਦੀ ਖੋਜ ਲਈ ਗਿਆਨ ਅਤੇ ਸੰਵਾਦ ਦੀ ਅਨੰਤ ਯਾਤਰਾ ਤੇ ਨਿਕਲ ਪੈਂਦਾ ਹੈ। ਉਹ ਖੋਜ ਦੀ ਯਾਤਰਾ ਤੇ ਨਿਕਲਦਾ ਹੈ, ਤਿਆਗ ਦੀ ਯਾਤਰਾ ਤੇ ਨਹੀਂ। ਉਹ ਤਿਆਗੀ ਨਹੀਂ, ਵਿਦਰੋਹੀ ਹੈ। ਜੋ ਆਪਣੇ ਆਪ ਅਤੇ ਸਥਾਪਤੀ ਬਿਰੁਧ ਬਗਾਵਤ ਕਰਦਾ ਹੈ ਤਾਂ ਜੋ ਸ਼ਕਤੀ, ਸੁੰਦਰਤਾ, ਦੌਲਤ ਅਤੇ ਜੀਣ ਥੀਣ ਦੀ ਭੋਗੀ ਬਿਰਤੀ ਨੂੰ ਵਿਖੰਡਿਤ ਕਰਕੇ ਨਵੇਂ ਅਰਥ ਦਿਤੇ ਜਾ ਸਕਣ। ਉਸ ਨੇ ਜਾਣ ਲਿਆ ਸੀ ਕਿ ਸ਼ਕਤੀ ਦਾ ਅਸਲ ਸਰੂਪ ਤਾਂ ਸ਼ਬਦ ਹੀ ਹੈ। ਸ਼ਬਦ ਨਾਲ ਹੀ ਤਾਂ ਆਪਣੇ ਆਪ ਅਤੇ ਆਪਣੇ ਸੰਸਾਰ ਦੇ ਅਰਥਾਂ/ ਮਨੋਰਥਾਂ/ ਚਨੌਤੀਆਂ/ ਸੰਭਾਵਨਾਵਾਂ ਦੀ ਸੋਝੀ ਹੁੰਦੀ ਹੈ। ਆਪਣੇ ਆਪ, ਆਪਣੇ ਸਮਾਜ, ਅਰਥਚਾਰੇ, ਰਾਜਨੀਤੀ, ਸੁੰਦਰਤਾ ਅਤੇ ਨੈਤਿਕ ਕਦਰਾਂ ਕੀਮਤਾਂ ਦੇ ਅਰਥ ਵੀ ਤਾਂ ਸ਼ਬਦ ਰਾਹੀਂ ਹੀ ਪ੍ਰਗਟ ਅਤੇ ਤਬਦੀਲ ਹੁੰਦੇ ਹਨ। ਇਸੇ ਲਈ ਭਰਥਰੀ ਹਰੀ ਸ਼ਕਤੀ, ਸੁੰਦਰਤਾ ਅਤੇ ਦੌਲਤ ਦੇ ਭੋਗ ਦੀ ਯਥਾਸਥਿਤੀ ਨੂੰ ਤਿਆਗ ਕੇ ਨਵੇਂ ਯੁਗ ਦੇ ਨਿਰਮਾਣ ਲਈ ਸ਼ਬਦ ਦੀ ਅਦਭੁਤ ਯਾਤਰਾ ਤੇ ਨਿਕਲ ਪੈਂਦਾ ਹੈ।
ਜਿਥੇ ਸੁੰਦਰਤਾ ਦੇ ਭੋਗ ਦੀ ਚਾਹਨਾ ਵਧੇਰੇ ਅਧਿਕਾਰਾਂ (ਰਾਜ ਸ਼ਕਤੀ ਅਤੇ ਦੌਲਤ) ਦੀ ਪ੍ਰਾਪਤੀ ਲਈ ਟਕਰਾ ਪੈਦਾ ਕਰ ਰਹੀ ਸੀ, ਓਥੇ ਉਸੇ ਵਕਤ ਸਾਧਾਂ ਸੰਤਾਂ ਅਤੇ ਰਿਸ਼ੀਆਂ ਮੁਨੀਆਂ ਦੇ ਡੇਰੇ, ਮੱਠ, ਆਸ਼ਰਮ, ਵਿਦਿਆਲੇ, ਪੁਸਤਕਾਲੇ ਅਤੇ ਮਹਾਂਵਿਦਿਆਲੇ ਗਿਆਨ ਦੇ ਇਕ ਸਾਂਝੇ ਨੈਟਵਰਕ ਵਿਚ ਬੱਝ ਕੇ ਸ਼ਬਦ ਦੀ ਨਿਰਮਾਣਕਾਰੀ ਸ਼ਕਤੀ ਨਾਲ ਜੁੜੇ ਜਗਿਆਸੂਆਂ ਲਈ ਸੰਵਾਦ, ਸਿਖਿਆ ਅਤੇ ਖੋਜ ਦਾ ਪਲੈਟਫਾਰਮ ਪ੍ਰਦਾਨ ਕਰ ਰਹੇ ਸਨ। ਜਿਥੇ ਰਾਜ ਸ਼ਕਤੀ ਸੰਸਾਰ ਨੂੰ ਤੋੜ ਰਹੀ ਸੀ, ਓਥੇ ਸ਼ਬਦ ਸ਼ਕਤੀ ਦੁਨੀਆਂ ਨੂੰ ਜੋੜ ਰਹੀ ਸੀ। ਇਹ ਸ਼ਬਦ ਸ਼ਕਤੀ ਦੇ ਵਿਸ਼ਵੀਕਰਣ ਦਾ ਦੌਰ ਸੀ।
ਮਾਨਵ ਜਾਤੀ ਜੋ ਕੁਝ ਵੀ ਪ੍ਰਾਪਤ ਕਰਦੀ ਹੈ, ਉਹ ਸ਼ਬਦ ਸ਼ਕਤੀ ਰਾਹੀਂ ਕੁਦਰਤ ਪਾਸੋਂ ਆਪਣੀ ਕਿਰਤ ਰਾਹੀਂ ਹੀ ਪ੍ਰਾਪਤ ਕਰਦੀ ਹੈ। ਪਰ ਉਸ ਸੀਮਤ ਪ੍ਰਾਪਤੀ ਨੂੰ ਵੰਡਣ ਲੱਗਿਆਂ ਆਪਸੀ ਟਕਰਾਅ ਪੈਂਦਾ ਕਰ ਲੈਂਦੀ ਹੈ। ਲੋਕ ਇਕ ਦੂਸਰੇ ਦੇ ਦੁਸ਼ਮਣ ਬਣ ਬੈਠਦੇ ਹਨ। ਵੰਡੀਆਂ ਪਾਉਂਦੇ ਹਨ। ਰਲ ਮਿਲ ਕੇ ਲੰਗਰ ਨਹੀਂ ਲਗਾਉਂਦੇ। ਸ਼ਕਤੀ ਅਤੇ ਦੌਲਤ ਦੀਆਂ ਪ੍ਰਾਪਤੀਆਂ ਸੀਮਤ ਹੋਣ ਕਾਰਨ ਪ੍ਰਤੀਯੋਗ ਅਤੇ ਟਕਰਾਅ ਪੈਦਾ ਕਰਦੀਆਂ ਹਨ। ਪਰ ਇਸ ਦੇ ਉਲਟ ਜੋ ਅਸੀਂ ਹਾਲੇ ਪ੍ਰਾਪਤ ਨਹੀਂ ਕੀਤਾ, ਉਹ ਅਸੀਮ ਹੁੰਦਾ ਹੈ। ਅਸੀਮ ਨੂੰ ਪ੍ਰਾਪਤ ਕਰਨ ਲਈ ਪ੍ਰਤਿਯੋਗ ਦੀ ਨਹੀਂ ਸਹਿਯੋਗ ਦੀ ਜ਼ਰੂਰਤ ਹੁੰਦੀ ਹੈ। ਇਸੇ ਲਈ, ਦੁਨੀਆਂ ਭਰ ਦੇ ਜਗਿਆਸੂ ਗਿਆਨ ਦਾ ਸਾਂਝਾ ਲੰਗਰ ਲਗਾਉਂਦੇ ਹਨ। ਇਹ ਵੱਖਰੀ ਗੱਲ ਹੈ ਕਿ ਕਿ ਦੁਨਿਆਵੀ ਸੀਮਾਵਾਂ ਵਿਚ ਬੱਝੇ, ਸ਼ਬਦ ਦੇ ਅਧਿਆਤਮ ਤੋਂ ਸੱਖਣੇ ਲੋਕ ਇਸ ਗਿਆਨ ਦਾ ਲਾਭ ਉਠਾਉਣ ਲਈ ਇਸਦੀ ਜ਼ਖੀਰੇਬਾਜ਼ੀ ਕਰਨੀ ਸ਼ੁਰੂ ਕਰ ਦਿੰਦੇ ਹਨ। ਭਰਥਰੀ ਦੀ ਕੁਟੀਆ ਵਿਚ ਗਿਆਨੀਆਂ, ਵਿਗਿਆਨੀਆਂ, ਚਿੰਤਕਾਂ, ਕਵੀਆਂ, ਕਲਾਕਾਰਾਂ, ਸ਼ਿਲਪਕਾਰਾ ਦੇ ਰੂਪ ਵਿਚ ਜਗਿਆਸੂਆਂ ਲਈ ਗਿਆਨ ਅਤੇ ਕਲਾ ਦਾ ਸਾਂਝਾ ਲੰਗਰ ਲਗਦਾ ਹੈ।
ਨਾਵਲ ਵਿਚ ਭਰਥਰੀ ਹਰੀ ਦੇ ਦੋ ਰੂਪ ਮਿਲਦੇ ਹਨ: ਪਹਿਲੇ ਭਾਗ ਵਿਚ ਭੋਗੀ (ਰਾਜੇ) ਦਾ, ਦੂਜੇ ਭਾਗ ਵਿਚ ਜੋਗੀ (ਵਿਦਰੋਹੀ) ਦਾ। ਭਾਵੇਂ ਰਾਜ-ਜੋਗੀ ਦੇ ਸਾਂਝੇ ਕਿਰਦਾਰ ਦੀ ਵੀ ਗੱਲ ਕੀਤੀ ਗਈ ਹੈ, ਪਰ ਭੋਗੀ ਅਤੇ ਜੋਗੀ ਵਿਚਕਾਰ ਨਿਰੰਤਰ ਤਣਾਅ ਬਣਿਆ ਰਹਿੰਦਾ ਹੈ। ਇਸ ਨਾਵਲ ਵਿਚ ਭੋਗੀ ਦੇ ਜੋਗੀ ਵਿਚ ਰੂਪਾਂਤ੍ਰਣ ਦੀ ਕਹਾਣੀ ਕਹੀ ਗਈ ਹੈ। ਦੁਨਿਆਵੀ ਨਿੱਜਤਾ ਅਤੇ ਰੂਹਾਨੀ ਪਾਰਗੰਮਤਾ ਵਿਚਲੇ ਤਣਾਅ ਦੀ ਕਹਾਣੀ ਕਹੀ ਗਈ ਹੈ। ਜੋਗ ਦੀ ਭੋਗ ਉਪਰ ਫਤਹਿ ਦੀ ਇਸ ਕਹਾਣੀ ਨੂੰ ਸਪਿਰਚੂਅਲ ਰੈਵੋਲੂਸ਼ਨ (ਰੂਹਾਨੀ ਇਨਕਲਾਬ) ਦੇ ਰੂਪ ਵਿਚ ਸਮਝਣ ਦੀ ਲੋੜ ਹੈ: ਨੰਬਰ ਇਕ, ਭਰਥਰੀ ਹਰੀ ਨੂੰ ਨਿੱਜੀ ਸੰਸਾਰਿਕਤਾ (ਦੌਲਤ/ ਸ਼ਕਤੀ ਦੀ ਕਾਮਨਾ) ਦਾ ਤਿਆਗ ਕਰਕੇ ਭੋਗੀ ਮਾਨਸਿਕਤਾ ਤੋਂ ਪਾਰ ਜਾਂਦਿਆਂ ਦਿਖਾਇਆ ਗਿਆ ਹੈ। ਨੰਬਰ ਦੋ, ਭਰਥਰੀ ਹਰੀ ਇਕ ਅਜਿਹੇ ਪਲੈਟਫਾਰਮ/ ਦ੍ਰਿਸ਼ਟੀਕੋਣ ਦੀ ਖੋਜ ਵਿਚ ਨਿਕਲਦਾ ਹੈ, ਜਿਥੋਂ ਉਸ ਸਮੇਂ ਦੇ ਸਮਾਜ, ਸੰਸਕ੍ਰਿਤੀ, ਨੈਤਿਕ ਮੁੱਲਾਂ ਅਤੇ ਬ੍ਰਹਿਮੰਡੀ ਚੇਤਨਾ ਦੀ ਅਲੋਚਨਾ ਰਾਹੀਂ ਨਵੀਂ ਤਰ੍ਹਾਂ ਦੇ ਸਮਾਜ ਅਤੇ ਸੰਸਕ੍ਰਿਤੀ ਦੇ ਨਿਰਮਾਣ ਬਾਰੇ ਸੋਚਿਆ ਜਾ ਸਕੇ। ਭਰਥਰੀ ਹਰੀ ਪਾਰਗਾਮੀ ਸਤਿ ਦੇ ਰੂਪ ਵਿਚ ਉਸ ਪਲੈਟਫਾਰਮ/ ਦ੍ਰਿਸ਼ਟੀਕੋਣ ਦੀ ਚੋਣ ਕਰਦਾ ਹੈ, ਜੋ ਮਾਨਵੀ ਸਮਾਜ ਅਤੇ ਬ੍ਰਹਿਮੰਡ ਤੋਂ ਵੀ ਪਾਰ ਹੈ। ਅਜਿਹਾ ਦ੍ਰਿਸ਼ਟੀਕੋਣ ਜੋ ਸਥਾਨਕਤਾ ਨੂੰ ਉਲੰਘ ਕੇ ਸਮੁਚੀ ਸ੍ਰਿਸ਼ਟੀ ਨੂੰ ਏਕਤਾ ਵਿਚ ਬੱਝੀ ਹੋਈ ਦੇਖਦਾ ਹੈ।
————-
Part :2
ਅਮਰਫਲ ਦੇ ਨਕਾਰੇ ਜਾਣ ਭਾਵ ਅਮਰ ਹੋਣ ਦੀ ਚਾਹਨਾ ਦੇ ਖਤਮ ਹੋਣ ਦੀ ਕਹਾਣੀ ਨੂੰ ਗੌਤਮ ਬੁਧ ਦੀ ਕਹਾਣੀ ਦੇ ਪਰਿਪੇਖ ਵਿਚ ਰੱਖ ਕੇ ਸਮਝਣਾ ਜ਼ਰੂਰੀ ਹੋ ਜਾਂਦਾ ਹੈ। ਨਾਵਲ ਦੇ ਪੰਨਾ 121 ਤੇ ਗੌਤਮ ਮੋਏ ਬੰਦੇ ਦੀ ਲਾਸ਼ ਦੇਖਣ ਉਪ੍ਰੰਤ ਆਖਦੇ ਹਨ, “ਹੁਣ ਜਦੋਂ ਤੱਕ ਅੰਮ੍ਰਿਤ ਨੂੰ ਨਾ ਜਾਣਿਆ ਉਦੋਂ ਤੱਕ ਚੈਨ ਨਹੀਂ। ਉਸੇ ਰਾਤ ਬੁੱਧ ਨੇ ਘਰ ਤਿਆਗ ਦਿੱਤਾ। ਉਸੀ ਰਾਤ ਬੁੱਧ ਮੌਤ ਦੇ ਰਹੱਸ ਨੂੰ ਜਾਨਣ ਲਈ ਯਾਤਰਾ ਤੇ ਨਿਕਲ ਪਏ।”
ਗੌਤਮ ਬੁੱਧ ਅਤੇ ਭਰਥਰੀ ਹਰੀ ਦੇ ਸਨਿਆਸ ਵਿਚਲੇ ਅੰਤਰ ਨੂੰ ਜਾਨਣ ਦੀ ਲੋੜ ਹੈ। ਗੌਤਮ ਬੁੱਧ ਜਦੋਂ ਮਹਿਲ ਤੋਂ ਬਾਹਰ ਆ ਕੇ ਆਮ ਆਦਮੀ (ਵਿਅਕਤੀ) ਦੇ ਦੁਖ ਨੂੰ 1) ਬੁਢੇਪੇ, 2) ਬਿਮਾਰੀ ਅਤੇ 3) ਮੌਤ ਦੇ ਰੂਪ ਵਿਚ ਦੇਖਦੇ ਹਨ ਤਾਂ ਉਹ ਦੁਨੀਆਂ ਦੇ ਸੱਚ ਦੀ ਖੋਜ ਵਿਚ ਸਨਿਆਸ ਧਾਰਨ ਕਰ ਲੈਂਦੇ ਹਨ। ਬੁਢੇਪੇ ਅਤੇ ਬਿਮਾਰੀ ਦਾ ਸਬੰਧ ਮਾਨਵ ਦੇਹੀ ਨਾਲ ਹੈ। ਪਰ ਜਿਥੋਂ ਤੱਕ ਮੌਤ ਦੇ ਭੈਅ ‘ਤੇ ਕਾਬੂ ਪਾਉਣ ਦਾ ਸੁਆਲ ਹੈ, ਇਹ ਨਿਸ਼ਚੇ ਹੀ ਗੁੰਝਲਦਾਰ ਮਨੋਵਿਗਿਆਨਕ ਮਸਲਾ ਹੈ। ਮੌਤ ਦਾ ਭੈਅ ਵਿਕਾਸ ਅਤੇ ਰੂਹਾਨੀਅਤ ਦੀਆਂ ਦੋ ਵਿਰੋਧੀ ਸੰਭਾਵਨਾਵਾਂ ਜਗਾਉਂਦਾ ਹੈ। ਬਿਮਾਰੀ, ਬੁਢੇਪੇ ਅਤੇ ਮੌਤ ਨੂੰ ਦੂਰ ਰੱਖਣ ਲਈ, ਬੰਦਾ ਦੌਲਤ ਅਤੇ ਸ਼ਕਤੀ ਇਕੱਠੀ ਕਰਨ ਦੇ ਮੋਹ ਵਿਚ ਫਸ ਜਾਂਦਾ ਹੈ। ਇਹ ਮੋਹ ਹੀ ਦੁਖ ਦਾ ਆਧਾਰ ਬਣਦਾ ਹੈ। ਕਿਉਂਕਿ ਦੌਲਤ ਅਤੇ ਸ਼ਕਤੀ ਦੇ ਇਸ ਮੋਹ ਨਾਲ ਵਿਕਾਸ ਅਤੇ ਕੰਪੀਟੀਸ਼ਨ ਨੂੰ ਬੜ੍ਹਾਵਾ ਮਿਲਦਾ ਹੈ, ਇਸ ਲਈ ਵਿਕਾਸ ਅਤੇ ਕੰਪੀਟੀਸ਼ਨ ਨੂੰ ਦੁਖ ਨਾਲੋਂ ਅਲਹਿਦਾ ਕਰਕੇ ਨਹੀਂ ਦੇਖਿਆ ਜਾ ਸਕਦਾ।
ਇਹ ਮੌਤ ਦਾ ਭੈਅ ਹੀ ਹੈ, ਜੋ ਮਨੁਖ ਨੂੰ ਵਧੇਰੇ ਦੌਲਤ ਅਤੇ ਸ਼ਕਤੀ ਦੀ ਹਵਸ ਦੇ ਹਵਾਲੇ ਕਰਕੇ ਵਿਕਾਸ ਅਤੇ ਵਿਨਾਸ਼ ਦੇ ਸਾਂਝੇ ਰਾਹ ਤੇ ਤੋਰ ਲੈਂਦਾ ਹੈ। ਵਿਕਾਸ ਨੂੰ ਹਿੰਸਾ ਅਤੇ ਵਿਨਾਸ਼ ਤੋਂ ਅਲਹਿਦਾ ਕਰਕੇ ਦੇਖਿਆ ਹੀ ਨਹੀਂ ਜਾ ਸਕਦਾ। ਕੇਵਲ ਕੁਦਰਤੀ ਵਾਤਾਵਰਣ ਦੇ ਵਿਨਾਸ਼ ਦੀ ਗੱਲ ਨਹੀਂ। ਮੌਤ ਦੇ ਸੰਦਾਂ ਦੀ ਜ਼ਖੀਰੇਬਾਜੀ ਵੀ ਮੌਤ ਦੇ ਭੈਅ ਨੂੰ ਆਪਣੇ ਤੋਂ ਦੂਰ ਰੱਖਣ ਲਈ ਹੀ ਕੀਤੀ ਜਾਂਦੀ ਹੈ। ਕਤਲ ਦਾ ਅਧਿਕਾਰ ਅਤੇ ਸ਼ਕਤੀ ਮਨੁਖਾਂ ਅਤੇ ਮੁਲਕਾਂ ਵਿਚ ਸੁਰੱਖਿਆ ਦੀ ਭਾਵਨਾ ਪੈਦਾ ਕਰਦੀ ਕਰਦੀ ਹੈ। ਐਟਮੀ ਹਥਿਆਰਾਂ ਦੀ ਦੌੜ ਨੂੰ ਵੀ ਇਸੇ ਨਜ਼ਰੀਏ ਤੋਂ ਦੇਖਣ/ ਸਮਝਣ ਦੀ ਲੋੜ ਹੈ। ਕਤਲ ਦੀ ਭਾਵਨਾ ਆਪਣੀ ਮੌਤ ਦੇ ਭੈਅ ਵਿਚੋਂ ਜਾਗਦੀ ਹੈ।
ਕਈ ਲੋਕਾਂ ਦਾ ਵਿਚਾਰ ਹੈ ਕਿ ਸ਼ੁਰੂ ਸ਼ੁਰੂ ਵਿਚ ਪੈਸੇ ਦੀ ਵਧੇਰੇ ਵਰਤੋਂ ਬਲੀ ਲਈ ਪਸ਼ੂ ਖਰੀਦਣ ਵਾਸਤੇ ਕੀਤੀ ਜਾਂਦੀ ਸੀ। ਭਾਵ ਕਿ ਪੈਸੇ ਨੂੰ ਬਲੀ (ਕਤਲ) ਦੀ ਅਲੌਕਿਕ ਸ਼ਕਤੀ ਹਾਸਲ ਕਰਨ ਲਈ ਵਰਤਿਆ ਜਾਂਦਾ ਸੀ। ਇਸ ਤਰ੍ਹਾਂ ਪੈਸੇ ਅਤੇ ਸ਼ਕਤੀ ਦਾ ਸਿਧਾ ਸਬੰਧ ਹਿੰਸਾ ਨਾਲ ਜਾ ਜੁੜਦਾ ਹੈ। ਤਾਂ ਜੋ ਮਾਰੇ ਜਾਣ ਤੋਂ ਬਚਣ ਲਈ ਪੈਸੇ ਅਤੇ ਸ਼ਕਤੀ ਰਾਹੀਂ ਵਧੇਰੇ ਹਿੰਸਕ ਮਸ਼ੀਨਰੀ ਹਾਸਲ ਕੀਤੀ ਜਾ ਸਕੇ। ਕੈਪੀਟਲਿਜ਼ਮ ਹਿੰਸਾ ਅਤੇ ਮੌਤ ਦੇ ਭੈਅ ਵਿਚੋਂ ਕਿਵੇਂ ਜਨਮ ਲੈਂਦਾ ਹੈ, ਸਮਝ ਪੈਂਣ ਲਗਦੀ ਹੈ।
ਕਹਾਣੀ ਏਥੇ ਹੀ ਨਹੀਂ ਰੁਕਦੀ। ਬਿਮਾਰੀ ਅਤੇ ਬੁਢੇਪੇ ਤੋਂ ਬਚਾਅ ਲਈ ਮਾਨਵ ਦੇਹੀ ਨੂੰ ਮਸ਼ੀਨੀ ਢਾਂਚੇ ਦੇ ਰੂਪ ਵਿਚ ਘਟਾ ਕੇ ਦੇਖਣ/ ਸਮਝਣ ਵਾਲੀ ਸੋਚ ਤਾਂ ਮਨੁਖ ਨੂੰ ਮਨੁਖਤਾ ਤੋਂ ਹੀ ਦੂਰ ਕਰਦੀ ਜਾ ਰਹੀ ਹੈ। ਮਾਨਵਤਾ ਨੂੰ ਪੂੰਜੀ ਦੇ ਵਿਸਤਾਰ ਲਈ ਲੋੜੀਂਦੇ ਮਾਨਵ ਵਸੀਲਿਆ ਤੱਕ ਘਟਾ ਕੇ ਦੇਖਿਆ ਜਾਣ ਲੱਗਾ ਹੈ। ਮਾਨਵ ਅਤੇ ਰੋਬੋ ਵਿਚ ਕੋਈ ਬਹੁਤਾ ਅੰਤਰ ਨਹੀਂ ਰਹਿ ਗਿਆ। ਲਾਈਫ ਦਿਨ ਦਿਹਾੜੇ ਨਾਨ-ਲਾਈਫ ਵਿਚ ਤਬਦੀਲ ਹੁੰਦੀ ਜਾ ਰਹੀ ਹੈ। ਇਸੇ ਲਈ ਬੌਦਰੀਲਾਅ ਵਰਗੇ ਚਿੰਤਕ ਆਤਮਘਾਤ ਨੂੰ ਨਾਨ-ਲਾਈਫ ਵਿਰੁਧ ਬਗਾਵਤ ਆਖ ਰਹੇ ਹਨ।
ਬੌਦਰੀਲਾਅ ਨਾਲ ਸਹਿਮਤ ਹੋਣਾ ਮੁਸ਼ਕਿਲ ਹੈ ਕਿਉਂਕਿ ਮੌਤ ਵਿਰੁਧ ਪਹਿਲੀ ਬਗਾਵਤ ਤਾਂ ਬੁੱਧ ਨੇ ਉਸੇ ਵਕਤਸ਼ੁਰੂ ਕਰ ਦਿੱਤੀ ਸੀ ਜਦੋਂ ਉਹ ਮੌਤ ਦੇ ਭੈਅ ਤੇ ਕਾਬੂ ਪਾਉਣ ਲਈ ਸਤਿ ਦੀ ਖੋਜ ਵਿਚ ਘਰੋਂ ਨਿਕਲ ਪਏ ਸਨ। ਰੂਹਾਨੀਅਤ ਇਸੇ ਖੋਜ ਦਾ ਸਿੱਟਾ ਸੀ। ਇਕੱਲੇ ਬੁੱਧ ਨਹੀਂ, ਉਪਨਿਸ਼ਦ ਵੀ ਇਸ ਬਗਾਵਤ ਵਿਚ ਬਰਾਬਰ ਦੇ ਭਾਈਵਾਲ ਸਨ। ਰੂਹਾਨੀਅਤ ਦੇ ਰੂਪ ਵਿਚ ਮਾਨਵੀ ਸੰਸਾਰ ਅਤੇ ਉਸਦੀ ਕੌਸਮਾਲੋਜੀ ਤੋਂ ਪਾਰ ਜਾ ਕੇ ਇਕ ਅਜਿਹੇ ਪਾਰਗਾਮੀ ਪਲੈਟਫਾਰਮ ਦੀ ਸਿਰਜਣਾ ਕੀਤੀ ਗਈ ਜਿਥੇ ਜੀਵਨ ਮੌਤ ਦਾ ਵਿਰੋਧਾਭਾਸ ਖਤਮ ਹੋ ਜਾਂਦਾ ਹੈ। ਜੀਵਨ ਮੌਤ ਦੇ ਗੇੜ ਵਿਚ ਮੌਤ ਨੂੰ ਨਵੇਂ ਜੀਵਨ ਦੇ ਆਰੰਭ ਵਜੋਂ ਦੇਖਿਆ ਜਾਣ ਲੱਗਾ। ਮੌਤ ਦਾ ਭੈਅ ਘਟਣ ਲਗਦਾ ਹੈ। ਮਾਨਵ ਅਤੇ ਉਸਦੀ ਮਾਨਵਤਾ ਨੂੰ ਨਵੀਂ ਤਰ੍ਹਾਂ ਨਾਲ ਦੇਖਿਆ ਜਾਣ ਲੱਗਾ। ਜੀਵਨ ਮਰਨ (ਕਾਲ) ਦੇ ਗੇੜ ਵਿਚੋਂ ਬਾਹਰ ਨਿਕਲ ਕੇ ਪਰਮ ਸਤਿ ਨੂੰ ਪ੍ਰਾਪਤ ਹੋਣ ਲਈ ਮੁਕਤੀ/ ਨਿਰਵਾਣ ਦੀ ਅਕਾਲਿਕ ਧਾਰਨਾ ਲਿਆਂਦੀ ਗਈ। ਅਦਵਾਇਤ ਦੀ ਧਾਰਨਾ ਰਾਹੀਂ ਸਮੁਚਾ ਟਾਈਮ-ਸਪੇਸ ਗਿਆਨ ਵਿਚ ਰੂਪਾਂਤ੍ਰਿਤ ਹੋਣ ਲੱਗਾ। ਪੂੰਜੀ ਦੀ ਥਾਂ ਗਿਆਨ ਜੀਵਨ ਦਾ ਲਕਸ਼ ਬਣ ਗਿਆ।
ਇਸੇ ਲਈ ਬੁੱਧ ਤੋਂ ਗਿਆਰਾਂ ਸੌ ਸਾਲ ਬਾਅਦ, ਭਰਥਰੀ ਹਰੀ ਵਾਲੀ ਕਥਾ ਵਿਚ ਅਮਰਫਲ ਨੂੰ ਕੋਈ ਵੀ ਗ੍ਰਹਿਣ ਨਹੀਂ ਕਰਦਾ। ਇਕ ਗਰੀਬ ਸ਼ਿਵ ਭਗਤ ਤੋਂ ਲੈ ਕੇ ਸਮਰਾਟ ਤੱਕ ਹਰ ਕੋਈ ਇਸ ਨੂੰ ਰੀਜੈਕਟ ਕਰ ਦਿੰਦਾ ਹੈ। ਅਮਰ ਹੋਣਾ ਕਿਸੇ ਦੀ ਵੀ ਲੋੜ ਵਿਚ ਸ਼ਾਮਲ ਨਾ ਰਿਹਾ। ਨਵੇਂ ਮਸਲੇ ਅਤੇ ਨਵੀਆਂ ਚਨੌਤੀਆਂ ਨਵੇਂ ਸੁਆਲਾਂ ਦਾ ਰੂਪ ਧਾਰ ਕੇ ਪੇਸ਼ ਹੁੰਦੇ ਹਨ, ਜਿਨ੍ਹਾਂ ਦੇ ਹੱਲ ਢੂੰਡਣ ਲਈ ਭਰਥਰੀ ਹਰੀ ਸਨਿਆਸ ਧਾਰਨ ਕਰਦੇ ਹਨ। ਸ਼ਬਦ-ਸੰਵਾਦ-ਖੋਜ ਦੀ ਯਾਤਰਾ ਤੇ ਨਿਕਲਦੇ ਹਨ।
ਆਪਾਂ ਦੇਖ ਆਏ ਹਾਂ ਕਿ ਮੌਤ ਦਾ ਭੈਅ ਵਿਕਾਸ ਅਤੇ ਰੂਹਾਨੀਅਤ ਦੀਆਂ ਦੋ ਵਿਰੋਧੀ ਸੰਭਾਵਨਾਵਾਂ ਜਗਾਉਂਦਾ ਹੈ। ਬਿਮਾਰੀ, ਬੁਢੇਪੇ ਅਤੇ ਮੌਤ ਨੂੰ ਦੂਰ ਰੱਖਣ ਲਈ, ਬੰਦਾ ਦੌਲਤ ਅਤੇ ਸ਼ਕਤੀ ਇਕੱਠੀ ਕਰਨ ਦੇ ਮੋਹ ਵਿਚ ਫਸ ਕੇ ਵਿਕਾਸ ਦੇ ਰਾਹ ਪੈ ਜਾਂਦਾ ਹੈ। ਵਿਕਾਸ ਨੂੰ ਹਿੰਸਾ ਅਤੇ ਵਿਨਾਸ਼ ਤੋਂ ਅਲਹਿਦਾ ਕਰਕੇ ਦੇਖਿਆ ਹੀ ਨਹੀਂ ਜਾ ਸਕਦਾ। ਕੇਵਲ ਕੁਦਰਤੀ ਵਾਤਾਵਰਣ ਦੇ ਵਿਨਾਸ਼ ਅਤੇ ਆਰਥਕ ਨਾਬਰਾਬਰੀ ਦੀ ਗੱਲ ਨਹੀਂ। ਮੌਤ/ ਹਿੰਸਾ ਦੇ ਸੰਦਾਂ ਦੀ ਜ਼ਖੀਰੇਬਾਜੀ ਵੀ ਤਾਂ ਮੌਤ ਦੇ ਭੈਅ ਨੂੰ ਆਪਣੇ ਤੋਂ ਦੂਰ ਰੱਖਣ ਲਈ ਹੀ ਕੀਤੀ ਜਾਂਦੀ ਹੈ। ਨਿਰਸੰਦੇਹ ਹਿੰਸਾ, ਪ੍ਰਤਿਯੋਗ, ਗੁਲਾਮੀ ਅਤੇ ਨਾਬਰਾਬਰੀ ਮੌਤ ਦੇ ਭੈਅ ਵਿਚੋਂ ਹੀ ਉਪਜਦੇ ਹਨ। ਭਰਥਰੀ ਹਰੀ ਹਿੰਸਾ ਦੇ ਵਿਕਲਪ ਦੀ ਤਲਾਸ਼ ਵਿਚ ਨਿਕਲਦੇ ਹਨ। ਉਸ ਵਿਕਲਪ ਦੀ ਤਲਾਸ਼ ਵਿਚ ਜੋ ਹਿੰਸਾ ਦਾ ਬਦਲ ਬਣਕੇ ਸਮਾਜ ਦਾ ਪੁਨਰ ਨਿਰਮਾਣ ਕਰ ਸਕੇ।
ਦੂਸਰੇ ਦੀ ਇਛਾ ਦੇ ਖਿਲਾਫ, ਉਸ ਤੋਂ ਆਪਣਾ ਮਨ ਚਾਹਿਆ ਕਰਮ ਕਰਵਾਉਣ ਦੀ ਵਿਧਾ ਨੂੰ ਹਿੰਸਾ ਦਾ ਨਾਮ ਦਿਤਾ ਜਾਂਦਾ ਹੈ। ਅਜਿਹਾ ਕਰਨ ਲਈ ਦੂਸਰੇ ਦੀ ਆਜ਼ਾਦੀ ਉਪਰ ਰੋਕ ਲਗਾਉਣ ਦੀ ਜ਼ਰੂਰਤ ਹੁੰਦੀ ਹੈ। ਵਿਰੋਧ ਨੂੰ ਕੁਚਲਕੇ ਉਸ ਅੰਦਰ ਆਗਿਆਕਾਰੀ ਦੀ ਭਾਵਨਾ ਜਗਾਉਣੀ ਹੁੰਦੀ ਹੈ। ਜ਼ਰੂਰੀ ਨਹੀਂ ਕਿ ਇਸ ਕੰਮ ਲਈ ਜ਼ਬਰਦਸਤੀ ਹੀ ਕੀਤੀ ਜਾਵੇ। ਹਿੰਸਾ ਦੀ ਸ਼ਿਖਰ ਉਦੋਂ ਹੁੰਦੀ ਹੈ ਜਦੋਂ ਦੂਸਰੇ ਨੂੰ ਇੰਝ ਪ੍ਰਤੀਤ ਹੋਣ ਲੱਗ ਪਵੇ ਕਿ ਇਹ ਕੰਮ ਉਸਤੋਂ ਜ਼ਬਰਦਸਤੀ ਨਹੀਂ ਕਰਵਾਇਆ ਜਾ ਰਿਹਾ; ਸਗੋਂ ਇਹ ਕੰਮ ਤਾਂ ਉਹ ਆਪਣੀ ਮਰਜ਼ੀ ਨਾਲ ਆਪਣੀ ਇਛਾ ਅਨੁਸਾਰ ਆਪ ਹੀ ਕਰ ਰਿਹਾ ਹੈ। ਜਦੋਂ ਹਾਕਮ ਦੀ ਚਾਹਤ ਹੀ ਪਰਜਾ ਦੀ ਚਾਹਤ ਬਣ ਜਾਵੇ। ਜਦੋਂ ਪਰਜਾ ਨੂੰ ਇਹ ਨਾ ਲੱਗੇ ਕਿ ਇਹ ਕੰਮ ਉਸ ਨੂੰ ਮਜਬੂਰੀ ਵਸ ਕਰਨਾ ਪੈ ਰਿਹਾ ਹੈ; ਸਗੋਂ ਇਹ ਲੱਗੇ ਕਿ ਇਹ ਕੰਮ ਤਾਂ ਉਹ ਆਪਣੀ ਖੁਸ਼ੀ/ ਲਾਭ ਲਈ ਆਪ ਹੀ ਕਰਨਾ ਚਾਹੁੰਦੀ ਸੀ। ਹਾਕਮ ਦੀ ਇਛਾ ਉਸਨੂੰ ਆਪਣੇ ਭਵਿਖ ਨਾਲ ਮੇਲ ਖਾਂਦੀ ਪ੍ਰਤੀਤ ਹੋਵੇ। ਜਦੋਂ ਹਾਕਮ ਪਰਜਾ ਦੇ ਦਿਲਾਂ ਵਿਚ ਵਸਣ ਲੱਗ ਪਵੇ। ਹਾਕਮ ਦੀ ਇਛਾ ਵਿਚੋਂ ਹੀ ਆਪਣੀ ਆਜ਼ਾਦੀ ਲੱਭਣ ਲੱਗ ਪਵੇ।
ਹਿੰਸਾ ਆਪਣੀ ਸਿਖਰ ਤੇ ਉਦੋਂ ਪਹੁੰਚਦੀ ਹੈ ਜਦੋਂ ਇਹ ਪਰਜਾ ਅੰਦਰ, ਹੁਕਮਰਾਨ ਦੇ ਵਿਚਾਰਾਂ/ ਚਾਹਤਾਂ ਦੀ ਗੁਲਾਮੀਂ ਕਰਨ ਦੀ ਚਾਹਤ ਜਗਾ ਦੇਵੇ। ਜਦੋਂ ਲੋਕ ਬਿਨਾ ਡੰਡੇ/ ਨਿਗਰਾਨੀ ਦੇ ਹਾਕਮ ਦੀ ਸੇਵਾ ਵਿਚ ਲੱਗ ਜਾਣ। ਜਦੋਂ ਉਹ ਹਾਕਮ ਦੀ ਇਛਾ ਪੂਰਤੀ ਲਈ ਆਪਣੇ ਆਪ ਦਾ ਆਪ ਹੀ ਸ਼ੋਸਣ ਕਰਨ ਲਗ ਪੈਣ। ਜਿਵੇਂ ਖੇਤੀ ਰਸਾਇਣ ਕੰਪਨੀਆਂ ਦਾ ਦੌਲਤ ਨਾਲ ਅਤੇ ਆਪਣਾ ਜ਼ਹਿਰਾਂ ਨਾਲ ਢਿਡ ਭਰਨ ਵਾਲੇ ਕਿਸਾਨ ਆਪਣੇ ਆਪ ਨੂੰ ਆਜ਼ਾਦ ਅਤੇ ਖੁਦਮੁਖਤਾਰ ਔਟਰਪਰਿਨਿਉਰ ਸਮਝੀ ਜਾ ਰਹੇ ਹਨ।
ਪੱਛਮੀਂ/ ਸਾਮੀ ਸਭਿਆਚਾਰਾਂ ਅਤੇ ਉਨ੍ਹਾਂ ਦੀ ਸੋਚ ਨੇ ਦੁਨੀਆਂ ਨੂੰ ਹਿੰਸਾ (ਸ਼ਕਤੀ) ਦੇ ਅਜਿਹੇ ਚੱਕਰਵਿਊ ਵਿਚ ਉਲਝਾ ਕੇ ਰੱਖਿਆ ਹੋਇਆ ਹੈ ਕਿ ਕਿਸੇ ਨੂੰ ਕਿਧਰੇ ਵੀ ਆਸ ਦੀ ਕੋਈ ਕਿਰਨ ਦਿਖਾਈ ਨਹੀਂ ਦਿੰਦੀ, ਜਿਸ ਦੀ ਰੋਸ਼ਨੀ ਵਿਚ ਹਿੰਸਾ (ਸ਼ਕਤੀ) ਦੀ ਇਸ ਖੇਡ ਵਿਚੋਂ ਬਾਹਰ ਆਇਆ ਜਾ ਸਕੇ। ਅਜਿਹਾ ਕਰਨ ਲਈ ਸਾਨੂੰ ਪੱਛਮੀ ਚਿੰਤਨ ਦੀ ਕੈਦ ਵਿਚੋਂ ਬਾਹਰ ਆ ਕੇ ਹਿੰਸਾ (ਪਾਵਰ) ਦਾ ਉਹ ਬਦਲ ਢੂੰਡਣਾ ਹੋਵੇਗਾ ਜੋ ਮਨਮੋਹਨ ਨੇ ਆਪਣੇ ਇਸ ਨਾਵਲ ਵਿਚ ਭਰਥਰੀ ਹਰੀ ਦੇ ਮਾਧਿਅਮ ਰਾਹੀਂ ਪੇਸ਼ ਕੀਤਾ ਹੈ। ਅਜਿਹਾ ਬਦਲ ਜੋ ਦੁਨੀਆਂ ਦੀ ਨਵ ਕਲਪਨਾ ਰਾਹੀਂ ਆਜ਼ਾਦੀ, ਬਰਾਬਰੀ ਅਤੇ ਖੁਸ਼ਹਾਲੀ ਦੀਆਂ ਖੂਬਸੂਰਤ ਸੰਭਾਵਨਾਵਾਂ ਜਗਾ ਸਕੇ।
——
Part : 3
ਹਿੰਸਾ (ਸ਼ਕਤੀ) ਦੇ ਬਦਲ ਦੀ ਖੋਜ ਨੂੰ ਇਕ ਘਟਨਾ ਨਾਲ ਆਰੰਭ ਕਰਦੇ ਹਾਂ। ਇਹ ਘਟਨਾ 24 ਦਸੰਬਰ 1914 ਦੀ ਹੈ। ਪਹਿਲੇ ਵਿਸ਼ਵ ਯੁਧ ਨੂੰ ਸ਼ੁਰੂ ਹੋਇਆਂ ਚਾਰ ਮਹੀਨੇ ਹੋ ਚੁਕੇ ਸਨ। ਬੈਲਜੀਅਮ ਦੇ ਫਲੈਂਡਰਜ਼ ਖੇਤਰ ਵਿਚ ਘਮਾਸਾਣ ਯੁਧ ਚੱਲ ਰਿਹਾ ਸੀ। ਇਕ ਦੂਜੇ ਉਪਰ ਅੰਨ੍ਹੇ ਵਾਹ ਗੋਲੀਆਂ ਵਰ੍ਹਾ ਰਹੀਆਂ ਵਿਰੋਧੀ ਫੌਜਾਂ ਦੇ ਮੋਰਚਿਆਂ ਅਤੇ ਉਨ੍ਹਾਂ ਵਿਚਲਾ ਪੰਜਾਹ ਸੱਠ ਗਜ ਦਾ ਫਾਸਲਾ ਲਾਸ਼ਾ ਨਾਲ ਭਰਿਆ ਪਿਆ ਸੀ।
ਰਾਤ ਦਾ ਅੰਧੇਰਾ ਹੁੰਦਿਆਂ ਹੀ ਇਸ ਯੁਧ-ਖੇਤਰ ਵਿਚ ਅਦਭੁਤ ਘਟਨਾ ਵਾਪਰਦੀ ਹੈ। ਜਰਮਨ ਫੌਜੀ ਅਪਣੇ ਮੋਰਚਿਆਂ ਵਿਚ ਛੋਟੇ ਛੋਟੇ ਕਰਿਸਿਮਸ ਟਰੀਜ਼ ਉਪਰ ਮੋਮਬੱਤੀਆਂ ਜਗਾਉਣਾ ਸ਼ੁਰੂ ਕਰ ਦਿੰਦੇ ਹਨ। ਅੰਗਰੇਜ਼ੀ ਫੌਜਾਂ ਹੱਕੀਆਂ ਬੱਕੀਆਂ ਰਹਿ ਜਾਂਦੀਆਂ ਹਨ। ਹੁੰਗਾਰੇ ਵਜੋਂ ਉਹ ਵੀ ਕਰਿਸਮਸ ਦੇ ਗੀਤ ਗਾਉਣੇ ਸ਼ੁਰੂ ਕਰ ਦਿੰਦੀਆਂ ਹਨ। ਮਹੌਲ ਬਦਲ ਜਾਂਦਾ ਹੈ। ਹਜ਼ਾਰਾਂ ਲੱਖਾਂ ਦੀ ਗਿਣਤੀ ਵਿਚ ਫੌਜੀ ਆਪਣੇ ਮੋਰਚਿਆਂ ਵਿਚੋਂ ਬਾਹਰ ਆਕੇ ਸਾਂਝੇ ਤੌਰ ਤੇ ਕਰਿਸਮਸ ਦੇ ਜਸ਼ਨ ਮਨਾਉਂਦੇ ਹਨ। ਇਕ ਦੂਜੇ ਨੂੰ ਕੇਕ ਭੇਂਟ ਕਰਦੇ ਹਨ। ਅਗਲੀ ਸਵੇਰ ਜਦੋਂ ਕਰਿਸਮਸ ਦਾ ਸੂਰਜ ਉਦੈ ਹੁੰਦਾ ਹੈ ਤਾਂ ਲੱਖਾਂ ਦੀ ਗਿਣਤੀ ਵਿਚ ਦੁਸ਼ਮਣ ਧਿਰਾਂ ਦੇ ਫੌਜੀ ਇਕ ਦੂਜੇ ਦੀ ਸਹਾਇਤਾ ਨਾਲ ਆਪਣੇ ਮ੍ਰਿਤਕ ਸਾਥੀਆਂ ਨੂੰ ਦਫਨਾਉੰਦੇ ਦੇਖੇ ਗਏ। ਚੌਵੀ ਘੰਟੇ ਪਹਿਲਾਂ ਇਕ ਦੂਸਰੇ ਦੇ ਖੂਨ ਦੀਆ ਪਿਆਸੀਆਂ ਦੁਸ਼ਮਣ ਧਿਰਾਂ ਵਿਚਕਾਰ ਆਪਸੀ ਪਿਆਰ, ਮਿਲਵਰਤਣ ਅਤੇ ਸਹਿਯੋਗ ਦਾ ਮਹੌਲ ਬਣਨ ਲੱਗ ਪਿਆ ਸੀ। ਪਰ ਜਦੋਂ ਜਰਮਨ ਅਤੇ ਅੰਗਰੇਜ਼ ਜਰਨੈਲਾ/ ਲੀਡਰਾਂ ਨੂੰ ਇਸ ਗੱਲ ਦਾ ਪਤਾ ਲਗਦਾ ਹੈ ਤਾਂ ਉਹ ਹਰ ਹੀਲਾ ਵਰਤ ਕੇ ਆਪੋ ਆਪਣੀਆਂ ਫੌਜਾਂ ਨੂੰ ਇਕ ਦੂਜੀ ਧਿਰ ਦੀਆਂ ਲਾਸ਼ਾਂ ਵਿਛਾਉਣ ਲਈ ਮੁੜ ਤੋਂ ਤਿਆਰ ਕਰ ਲੈਂਦੇ ਹਨ। ਨਵੰਬਰ 1918 ਵਿਚ ਜਦੋਂ ਇਹ ਯੁਧ ਖਤਮ ਹੁੰਦਾ ਹੈ, ਤਾਂ ਉਦੋਂ ਤੱਕ 85 ਲੱਖ ਫੌਜੀਆਂ ਦੀ ਮੌਤ ਹੋ ਚੁਕੀ ਸੀ।
ਭਾਵੇਂ ਯੁਧਾਂ ਦੇ ਇਤਿਹਾਸ ਵਿਚ ਇਸ ਨੂੰ ਇਕ ਕੱਲੀ ਕਾਰੀ ਘਟਨਾ ਦੇ ਰੂਪ ਵਿਚ ਨਜ਼ਰਅੰਦਾਜ਼ ਕਰ ਦਿਤਾ ਗਿਆ। ਪਰ ਇਹ ਕੋਈ ਇਕੱਲੀ ਕਾਰੀ ਆਧੁਨਿਕ ਘਟਨਾ ਨਹੀਂ। ਇਹ ਮਨੁਖ ਦੇ ਧੁਰ ਅੰਦਰ ਡੂੰਘੀ ਵਸੀ ਹੋਈ ਆਪਸੀ ਪਿਆਰ, ਸਹਿਯੋਗ, ਮਿਲਵਰਤਣ, ਹਮਦਰਦੀ, ਦਇਆ ਅਤੇ ਇਕ ਦੂਜੇ ਦੀ ਪੀੜ ਨੂੰ ਸਮਝਣ ਦੀ ਮਾਨਵੀ ਭਾਵਨਾ ਦਾ ਦਲੇਰਾਨਾ ਪ੍ਰਗਟਾਅ ਸੀ।
ਇਸ ਘਟਨਾ ਨੂੰ ਮਾਨਵੀ ਭਾਵਨਾ ਦਾ ਦਲੇਰਾਨਾ ਪ੍ਰਗਟਾਅ ਮੈਂ ਇਸ ਲਈ ਆਖ ਰਿਹਾ ਹਾਂ ਕਿਉਂਕਿ ਪਿਛਲੇ ਦੋ ਹਜ਼ਾਰ ਸਾਲਾਂ ਤੋਂ ਪੱਛਮੀ ਸਭਿਅਤਾ ਸਾਨੂੰ ਇਹੋ ਯਕੀਨ ਦਵਾਉਣ ਵਿਚ ਲੱਗੀ ਹੋਈ ਹੈ ਕਿ ਮਨੁਖ ਗੁਨਾਹਗਾਰ ਹੈ। ਉਹ ਗੁਨਾਹ ਦਾ ਅਹਿਸਾਸ ਲੈ ਕੇ ਹੀ ਜਨਮ ਲੈਂਦਾ ਹੈ। ਜੇਕਰ ਉਹ ਆਪਣੇ ਪਾਪ ਤੋਂ ਨਿਜ਼ਾਤ ਹਾਸਲ ਕਰਨਾ ਚਾਹੁੰਦਾ ਹੈ, ਤਾਂ ਇਹ ਨਿਜ਼ਾਤ ਉਸ ਨੂੰ ਕੇਵਲ ਅਗਲੇ ਸੰਸਾਰ ਵਿਚ ਹੀ ਮਿਲ ਸਕਦੀ ਹੈ। ਆਧੁਨਿਕ ਕਾਲ ਵਿਚ ਅੰਗਰੇਜ਼ੀ ਚਿੰਤਕ ਥੌਮਸ ਹੋਬਜ਼ ਇਸ ਭਾਵਨਾ ਨੂੰ ਇਹ ਕਹਿ ਕੇ ਪ੍ਰਗਟ ਕਰਦੇ ਹਨ ਕਿ ਮਨੁਖ ਮੁਢਲੇ ਤੌਰ ਤੇ ਬੇਰਹਿਮ, ਲਾਲਚੀ ਅਤੇ ਹਿੰਸਕ ਹੈ। ਉਸਨੂੰ ਕੇਵਲ ਰਾਜ ਸੱਤਾ ਦੀ ਸਾਵਰਨ ਸ਼ਕਤੀ ਨਾਲ ਹੀ ਲਾਈਨ ਤੇ ਲਿਆਦਾ ਜਾ ਸਕਦਾ ਹੈ। ਪਰ ਉਪ੍ਰੋਕਤ ਘਟਨਾ, ਜਿਸਨੂੰ ਪੱਛਮ ਨੇ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ, ਬਿਆਨ ਕਰਦੀ ਹੈ ਕਿ ਮਨੁਖ, ਬੇਰਹਿਮ ਅਤੇ ਲਾਲਚੀ ਦਰਿੰਦਾ ਨਹੀਂ, ਸਗੋਂ ਦੂਸਰੇ ਦੀ ਪੀੜ ਨੂੰ ਸਮਝ ਕੇ ਪਿਆਰ ਅਤੇ ਹਮਦਰਦੀ ਨਾਲ ਪੇਸ਼ ਆਉਣ ਵਾਲਾ ਦਇਆਵਾਨ ਹੈ।
ਜਿਥੇ ਹਿੰਸਾ (ਪਾਵਰ) ਉਪਰ ਟਿਕੀ ਪੱਛਮੀਂ ਸਭਿਅਤਾ ਆਪਣੀਆਂ ਤਮਾਮ ਸੰਭਾਵਨਾਵਾਂ ਮੁਕਾ ਕੇ ਦੁਨੀਆਂ ਨੂੰ ਨਵੀਂ ਸੇਧ ਦੇਣ ਵਿਚ ਨਾਕਾਮ ਸਾਬਤ ਹੋ ਰਹੀ ਹੈ, ਓਥੇ ਹਰ ਜੀਵ ਅੰਦਰ ਪ੍ਰਮਾਤਮਾ ਦੀ ਜੋਤ ਪਛਾਨਣ ਵਾਲਾ ਜਗਤ ਗੁਰੂ ਨਾਨਕ ਦਾ ਚਿੰਤਨ ਅਤੇ ਗੁਰੂ ਤੇਗ ਬਹਾਦਰ ਦੀ ਦੂਸਰੇ ਦੇ ਦੂਸਰੇਪਣ ਦੀ ਆਜ਼ਾਦੀ ਲਈ ਆਪਣੀ ਜਾਨ ਤੱਕ ਕੁਰਬਾਨ ਕਰ ਦੇਣ ਵਾਲੀ ਭਾਵਨਾ ਮਨੁਖ ਅੰਦਰ “ਪ੍ਰੇਮ” ਦੀ ਇੰਪੈਥਿਕ ਸਪਿਰਟ ਭਰ ਦਿੰਦੀ ਹੈ। ਇੰਪੈਥਿਕ ਸਪਿਰਟ ਨਾਲ ਭਰਪੂਰ ‘ਪ੍ਰੇਮ’ ਹੀ ‘ਹਿੰਸਾ’ ਦਾ ਉਹ ਬਦਲ ਹੈ, ਜੋ ਸੰਸਾਰ ਨੂੰ ਇਸਦੇ ਵਰਤਮਾਨ ਸੰਕਟ ਵਿਚੋਂ ਕੱਢ ਕੇ ਇਸ ਅੰਦਰ ਆਪਸੀ ਸਹਿਯੋਗ ਰਾਹੀਂ ਜਗਤ ਕਲਿਆਣ ਦੀਆਂ ਨਵੀਆਂ ਸੰਭਾਵਨਾਵਾਂ ਜਗਾ ਸਕਦਾ ਹੈ।
ਮਨੁਖਾਂ, ਮਾਨਵੀ ਭਾਈਚਾਰਿਆਂ, ਮਸ਼ੀਨਾਂ ਅਤੇ ਕੁਦਰਤ ਨੂੰ ਕੇਵਲ ਦੋ ਚੀਜ਼ਾਂ ਹੀ ਸਮਾਜਕ ਰਿਸ਼ਤਿਆਂ ਦੇ ਨੈਟਵਰਕ ਵਿਚ ਬੰਨ੍ਹ ਸਕਦੀਆਂ ਹਨ। ਇਹ ਹਨ ‘ਹਿੰਸਾ’ ਅਤੇ ‘ਪ੍ਰੇਮ’। ਇਸ ਵਕਤ ਅਸੀਂ ਇਤਿਹਾਸ ਦੇ ਉਸ ਕ੍ਰਾਂਤੀਕਾਰੀ ਮੋੜ ਉਪਰ ਖੜ੍ਹੇ ਹਾਂ ਜਿਥੇ ‘ਹਿੰਸਾ’ ਅਧਾਰਿਤ ਕਦਰਾਂ ਕੀਮਤਾਂ ਆਪਣੇ ਹਿਸੇ ਦਾ ਰੋਲ ਨਿਭਾ ਕੇ ‘ਪ੍ਰੇਮ’ ਦੀਆਂ ਕਦਰਾਂ ਕੀਮਤਾਂ ਲਈ ਰਾਹ ਪੱਧਰਾ ਕਰ ਰਹੀਆਂ ਹਨ। ਆਉਣ ਵਾਲੇ ਸਮਿਆਂ ਵਿਚ ਹਿੰਸਾ ਨਹੀਂ ‘ਪ੍ਰੇਮ’ ਹੀ ਦੁਨੀਆਂ ਦੇ ਨਿਰਮਾਣ ਦਾ ਆਧਾਰ ਹੋਵੇਗਾ।
——
Part : 4
ਆਪਾਂ ਜਾਣਦੇ ਹਾਂ ਕਿ ਪ੍ਰੇਮ ਇਕ ਬੰਦੇ ਦੀ ਚਾਹਤ/ ਹਉਮੈਂ ਵਿਚੋਂ ਪੇਦਾ ਨਹੀਂ ਹੋ ਸਕਦਾ। ਦੋ ਵੱਖਰੀਆਂ/ ਵਿਪਰੀਤ/ ਵਿਰੋਧੀ ਸ਼ਖਸੀਅਤਾਂ ਦੇ ਸਿਰਜਣਾਤਮਿਕ ਸੰਵਾਦੀ ਮਿਲਨ ਵਿਚੋਂ ਪੈਦਾ ਹੁੰਦਾ ਹੈ। ਬਹੁਤੀਆਂ ਪ੍ਰੇਮ ਕਹਾਣੀਆਂ ਜਾਤੀ, ਜਮਾਤੀ, ਨਸਲੀ ਅਤੇ ਵਿਚਾਰਧਾਰਕ ਵਖਰੇਵਿਆਂ ਜਾਂ ਦੁਸ਼ਮਣ ਧਿਰਾਂ ਨਾਲ ਜੁੜੇ ਔਰਤ ਮਰਦ ਦੇ ਮਿਲਨ ਵਿਚੋਂ ਪੈਦਾ ਹੋਣ ਵਾਲੀ ਵੱਖਰੀ ਜੀਵਨ ਧਾਰਾ ਨੂੰ ਹੀ ਬਿਆਨਦੀਆਂ ਹਨ। ਇਹ ਕਹਾਣੀਆਂ ਕਿਸੇ ਇਕ ਦੇ ਦ੍ਰਿਸ਼ਟੀਕੋਣ ਰਾਹੀਂ ਨਹੀਂ, ਸਗੋਂ ਦੋਨਾਂ ਦੇ ਸੰਵਾਦੀ ਮਿਲਨ ਰਾਹੀਂ ਕਿਸੇ ਤੀਸਰੇ ਦ੍ਰਿਸ਼ਟੀਕੋਣ/ ਵੱਖਰੇ ਜਹਾਨ ਦੀ ਸਿਰਜਣਾ ਕਰਦੀਆਂ ਹਨ। ਪ੍ਰੇਮੀ ਧਿਰਾਂ ਇਕ ਦੂਜੇ ਨੂੰ ਆਪਣੀ ਜ਼ਿੰਦਗੀ ਦਾ ਭਾਗੀਦਾਰ ਬਨਾਉਣ ਲਈ ਆਪਣੇ ਜੀਵਨ ਦੀ ਪੁਨਰ ਸਿਰਜਣਾ ਕਰਦੀਆਂ ਹਨ। ਆਪਣੀ ਹਉਮੈ ਦਾ ਇਕ ਹਿਸਾ ਤਿਆਗ ਕੇ ਦੂਸਰੇ ਨੂੰ ਉਥੇ ਥਾਂ ਦਿੰਦੀਆਂ ਹਨ। ਨਾਵਲ ਦੇ ਪੰਨਾ 167 ਤੇ ਦਰਜ ਹੈ, “ਜੋ ਮਾਨੁਸ ਦੂਜੇ ਪ੍ਰਾਣੀ ਦੀ ਪ੍ਰਵਿਰਤੀ ਨੂੰ ਨਹੀਂ ਸਮਝਦਾ ਬੁਝਦਾ ਉਹ ਪ੍ਰਮਾਤਮਾਂ ਦਾ ਅਨੁਭਵ ਵੀ ਨਹੀਂ ਕਰ ਸਕਦਾ।”
ਸੱਚਾ ਪਿਆਰ ਪ੍ਰਾਪਤੀ ਨਹੀਂ, ਤਿਆਗ ਹੈ । ਇਸ ਨੂੰ ਪਾਉਣ ਲਈ ਹਉਮੈਂ ਦੀ ਆਹੂਤੀ ਦੇਣੀ ਪੈਂਦੀ ਹੈ। ਆਪਣੀ ਹਉਮੈ ਨੂੰ ਦੂਸਰੇ ਦੇ ਦੂਸਰੇਪਣ ਵਿਚ ਭਸਮ ਕਰਨਾ ਹੁੰਦਾ ਹੈ: “ਜਬ ਹਮ ਹੋਤੇ ਤਬ ਤੂ ਨਾਹੀ॥ ਅਬ ਤੂਹੀ ਮੈ ਨਾਹੀ॥” ਪ੍ਰੇਮ ਇਕ ਦੇ ਨਹੀਂ ਦੋਂਹ ਦੇ ਵੱਖਰੇ/ ਵਿਪਰੀਤ ਦ੍ਰਿਸ਼ਟੀਕੋਣਾਂ ਵਿਚੋਂ ਨਿਰਮਿਤ ਹੁੰਦਾ ਹੈ। ਘਟਨਾ ਵਾਂਗ ਨਹੀਂ, ਨਵੇਂ ਜੀਵਨ ਵਾਂਗ। ਨਵੀਂ ਸੰਭਾਵਨਾ/ ਤਬਦੀਲੀ ਦੇ ਰੂਪ ਵਿਚ।
ਜਿਥੇ ਹਿੰਸਾ ਇਕਸਾਰਤਾ (ਸੇਮਨੈਸ) ਪੈਦਾ ਕਰਦੀ ਹੈ, ਓਥੇ ਮੁਹੱਬਤ ਦੂਸਰੇਪਣ (ਅਦਰਨੈਸ) ਨੂੰ ਉਤਸਾਹਿਤ ਕਰਦੀ ਹੋਈ ਵਖਰੇਵਿਆਂ ਦੀ ਬਰਾਬਰੀ ਅਤੇ ਸਹਿਯੋਗ ਉਪਰ ਬਲ ਦਿੰਦੀ ਹੈ। ਇਸੇ ਨੂੰ ਰੈਡੀਕਲ ਬਹੁਵਾਦ ਦਾ ਨਾਮ ਦਿੱਤਾ ਗਿਆ ਹੈ। ਇਹੋ ਹੀ ਅਹਿੰਸਾ ਹੈ। ਆਪਾਂ ਪਹਿਲਾਂ ਗੱਲ ਕਰ ਆਏ ਹਾਂ ਕਿ ਇਹ ਵਖਰੇਵੇਂ ਅਤੇ ਸਹਿਯੋਗ ਕੇਵਲ ਜਾਤੀ, ਜਮਾਤੀ, ਲਿੰਗੀ, ਖੇਤਰੀ, ਵਿਵਸਾਇਕ ਆਦਿ ਮਾਨਵੀ ਭਾਈਚਾਰਿਆਂ ਤੱਕ ਹੀ ਸੀਮਤ ਨਹੀਂ। ਹਰ ਕਿਸਮ ਦੇ ਵਖਰੇਵੇਂ, ਭਾਵੇਂ ਉਹ ਮਨੁਖਾਂ ਅਤੇ ਮਨੁਖੀ ਭਾਈਚਾਰਿਆਂਵਿਚਕਾਰ ਹੋਣ, ਭਾਵੇਂ ਮਨੁਖ ਅਤੇ ਕੁਦਰਤ ਵਿਚਕਾਰ ਤੇ ਭਾਵੇਂ ਮਸ਼ੀਨ ਅਤੇ ਮਨੁਖ ਵਿਚਕਾਰ, ਇਨ੍ਹਾਂ ਵਖਰੇਵਿਆਂ ਦਾ ਵਿਵਿਧਤਾ ਭਰਪੁਰ ਬਹੁਭਾਤੀ ਸੰਵਾਦੀ ਸਹਿਯੋਗ ਹੀ ਅਹਿੰਸਾ ਦੀ ਸਹੀ ਪਹਿਚਾਣ ਹੈ। ਨਾਵਲ ਦੇ ਪੰਨਾ 166 ਤੇ ਭਰਥਰੀ ਹਰੀ ਨੂੰ ਸੰਬੋਧਿਤ ਹੋ ਕੇ ਭਿਖਸ਼ੂ ਆਖਦਾ ਹੈ: “ਜਿਸ ਵਿਅਕਤੀ ਨੇ ਆਪਣੇ ਅੰਤਰ ਚਖਸ਼ੂ ਖੋਲ੍ਹਣੇ ਨੇ ਉਸਨੂੰ ਪ੍ਰੇਮ ਦਾ ਵਿਸਤਾਰ ਕਰਨਾ ਪਵੇਗਾ। ਆਪਣੇ ਆਪ ਨੂੰ ਪ੍ਰੇਮ ‘ਚ ਫੈਲਾਉਣਾ ਪਵੇਗਾ। ਤਾ ਕਿ ਪ੍ਰੇਮ ਦੂਰ ਸਦੂਰ ਦੇ ਕੋਨੇ ਛੂਹ ਸਕੇ। ਏਨਾ ਵਿਸਤਾਰ ਦੇਣਾ ਪਵੇਗਾ ਕਿ ਪੂਰੀ ਪਰਜਾ ਪ੍ਰੇਮ ਅਤੇ ਪ੍ਰਕਿਰਤੀ ਵਿਚ ਰਮ ਜਾਵੇ। ਇਸ ਪ੍ਰੇਮ ਦੇ ਵਿਸਤਾਰ ਦਾ ਨਾਮ ਹੀ ਅਹਿੰਸਾ ਹੈ। ਕਰੁਣਾ ਹੈ। ਦਯਾ ਹੈ।” ਇਸੇ ਲਈ ਪੰਦਰਵੀਂ ਸਦੀ ਵਿਚ ਗੁਰੂ ਨਾਨਕ ਦਾ ਧਰਮ ਐਂਪਥੀ ਉਪਰ ਅਧਾਰਿਤ ਦੂਸਰੇ ਦੇ ਦੂਸਰੇਪਣ ਲਈ ਪ੍ਰੇਮ ਉਪਰ ਟਿਕਿਆ ਹੋਇਆ ਹੈ: “ਧੌਲ ਧਰਮ ਦਇਆ ਕਾ ਪੁਤ॥” ਇਸੇ ਪ੍ਰੰਪਰਾ ਨੂੰ ਮਜ਼ਬੂਤ ਕਰਨ ਲਈ ਜਿਥੇ ਗੁਰੂ ਤੇਗ ਬਹਾਦਰ ਜੀ ਦੂਸਰੇ ਦੇ ਦੂਸਰੇਪਣ ਲਈ ਸ਼ਹਾਦਤ ਦਿੰਦੇ ਹਨ, ਓਥੇ ਭਾਈ ਮਤੀਦਾਸ, ਸਤੀ ਦਾਸ ਅਤੇ ਦਿਆਲਾ ਜੀ ਗੁਰੂ ਤੇਗ ਬਹਾਦਰ ਦੇ ਪ੍ਰੇਮ ਵਿਚ ਸ਼ਹਾਦਤ ਦਿੰਦੇ ਹਨ, “ਸਾਚੁ ਕਹੋ ਸੁਨ ਲੇਹੁ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ॥”
ਭਰਥਰੀ ਨੇ ਆਦਿ ਨਾਥ ਮੂਹਰੇ ਜਗਿਆਸਾ ਪ੍ਰਗਟ ਕੀਤੀ: “ਆਦਿ ਨਾਥ.. ਮੇਰੇ ਕੋਲ ਸੰਸਾਰ ਦੇ ਸਭ ਸੁਖ ਸਨ। ਉਜੈਨ ਦੇ ਸ਼ਕਤੀਸ਼ਾਲੀ ਸ਼ਾਸਨ ਦਾ ਰਾਜਭਾਗ… ਸੈਨਾ… ਮਹਿਲ ਮੰਡਪ… ਰਾਣੀਆਂ ਪਟਰਾਣੀਆਂ… ਦਾਸ ਦਾਸੀਆਂ। ਵੈਭਵ। ਹਰ ਪ੍ਰਕਾਰ ਦੀਆਂ ਸੁਖ ਸੁਵੁਧਾਵਾਂ। ਪਰ ਫਿਰ ਵੀ ਪ੍ਰਸੰਨਤਾ ਨਹੀਂ ਸੀ। ਮਨ ਸਦੈਵ ਉਦਾਸ ਰਹਿੰਦੈ। ਅਕਾਰਨ ਉਭ।” ਭਰਥਰੀ ਨੇ ਹੌਲੀ ਹੌਲੀ ਸਮਝਣਾ ਸ਼ੁਰੂ ਕਰ ਦਿੱਤਾ ਸੀ ਕਿ ਪ੍ਰਸੰਨਤਾ ਸੰਸਾਰਕ ਵਸਤੂਆਂ ਦੇ ਮੋਹ ਵਿਚ ਨਹੀਂ, ਇਨ੍ਹਾਂ ਤੋਂ ਅਭਿਜ ਰਹਿਣ ਵਿਚ ਹੈ। ਮੋਹ ਤੋਂ ਮੁਕਤ ਹੋਣ ਵਿਚ ਹੈ। ਇਹ ਵੀ ਜਾਣ ਗਿਆ ਸੀ ਕਿ ਪ੍ਰੇਮ ਹੀ ਮੋਹ ਮਾਇਆ ਦੇ ਬੰਧਨਾਂ ਤੋਂ ਮੁਕਤੀ ਪ੍ਰਾਪਤ ਕਰਨ ਦਾ ਇੱਕੋ ਇੱਕ ਮਾਰਗ ਹੈ:
ਪ੍ਰੇਮ ਤਾਂ ਆਉਂਦੈ ਜਦ ਮੋਹ ਚਲੇ ਜਾਂਦੈ। ਮੋਹ ਮੁਕਤੀ ਪ੍ਰੇਮ ਨਾਲ ਸੰਭਵ ਹੁੰਦੀ। ਪ੍ਰੇਮ ਹੀ ਮੁਕਤੀ ਹੈ..।
————
ਲੇਖਕ ਨਾਵਲ ਦੇ ਪਹਿਲੇ ਅਧਿਆਏ ਵਿਚ ਹੀ ਸਪਸ਼ਟ ਕਰ ਦਿੰਦਾ ਹੈ ਕਿ “ਵੈਰਾਗ ਸੁੰਦਰਤਾ ਦਾ ਨਹੀਂ ਭੋਗ ਦਾ ਤਿਆਗ ਹੈ।” ਕਹਿਣ ਤੋਂ ਭਾਵ ਹੈ ਕਿ ਸੁੰਦਰਤਾ ਫੁੱਲਾਂ ਦੇ ਮਨਨ/ ਚਿੰਤਨ (ਕੰਟੈਂਪਲੇਸ਼ਨ) ਵਿਚ ਹੈ, ਫਲਾਂ ਦੇ ਵਿਉਪਾਰ ਜਾਂ ਖਪਤਕਾਰੀ ਵਿਚ ਨਹੀਂ। ਸੁੰਦਰਤਾ ਆਰਥਕ ਅਤੇ ਖਪਤਕਾਰੀ ਪਹਿਲੂਆਂ ਤੋਂ ਮੁਕਤ ਇਕ ਮੌਜ (ਲਗਜ਼ਰੀ) ਹੈ ਜੋ ਲੋੜਾਂ ਅਤੇ ਮਜਬੂਰੀਆਂ ਤੋਂ ਆਜ਼ਾਦ ਖੁੱਲ੍ਹੀ ਖੇਡ ਦੇ ਰੂਪ ਵਿਚ ਪ੍ਰਗਟ ਹੁੰਦੀ ਹੈ।
ਜਦੋਂ ਲੇਖਕ ਇਹ ਵੀ ਆਖਦਾ ਹੈ ਕਿ ਵੈਰਾਗ ਕੋਰਾ ਅਧਿਆਤਮ ਨਹੀਂ, ਵਿਦਰੋਹ ਹੈ, ਸਿਰਜਣਾਤਮਕ ਹਸਤਾਖੇਪ ਹੈ, ਤਾਂ ਉਹ ਸੁੰਦਰਤਾ ਨੂੰ ਸਿਆਸਤ ਨਾਲ ਵੀ ਜੋੜ ਰਿਹਾ ਹੁੰਦਾ ਹੈ; ਸੁੰਦਰਤਾ ਦੀ ਸਿਆਸਤ ਨਾਲ। ਪਰ ਸੁੰਦਰਤਾ ਦੀ ਸਿਆਸਤ ਹੈ ਕੀ? ਸੁੰਦਰਤਾ ਦੀ ਸਿਆਸਤ ਦਾ ਆਰਥਕਤਾ ਅਤੇ ਖਪਤਕਾਰੀ ਨਾਲ ਕੋਈ ਸਬੰਧ ਨਹੀਂ। ਇਸਦਾ ਸਬੰਧ ਕੇਵਲ ਸੁੰਦਰਤਾ ਦੇ ਨਿਰਮਾਣ ਅਤੇ ਖੇੜੇ ਨਾਲ ਹੈ; ਜੋ ਸਮਾਜ ਵਿਚ ਪ੍ਰਸੰਨਤਾ/ ਆਨੰਦ ਦਾ ਮਹੌਲ ਪੈਦਾ ਕਰੇ। ਸੁੰਦਰਤਾ ਨੂੰ ਅਸ਼ਲੀਲਤਾ (ਪੋਰਨੋ) ਦੇ ਟਾਕਰੇ ਵਿਚ ਰੱਖ ਕੇ ਦੇਖਣ ਨਾਲ ਇਹ ਗੱਲ ਵਧੇਰੇ ਸਪਸ਼ਟ ਹੋ ਜਾਵੇਗੀ। ਪੋਰਨੋ ਦਾ ਸਬੰਧ ਦੂਸਰੇ ਨੂੰ ਭੋਗਣ ਨਾਲ ਹੈ, ਜਦੋਂ ਕਿ ਸੁੰਦਰਤਾ ਦਾ ਸਬੰਧ ਦੂਸਰੇ ਦੇ ਖੇੜੇ ਨੂੰ ਅਨੁਭਵ ਕਰਨ ਨਾਲ ਹੈ। ਇਸ ਤਰ੍ਹਾਂ ਸਮਝਣ ਨਾਲ ਸੁੰਦਰਤਾ ਦੀ ਸਿਆਸਤ ਪ੍ਰੇਮ ਦੀ ਸਿਆਸਤ ਨਾਲ ਜਾ ਜੁੜਦੀ ਹੈ। ਇਹ ਇਕ ਪ੍ਰੇਮ ਦੀ ਭਾਵਨਾ ਹੀ ਹੈ, ਜੋ ਆਪਣੀ ਹਉਮੈ ਦੀ ਆਹੂਤੀ ਦੇ ਕੇ ਦੂਸਰੇ ਦੇ ਦੂਸਰੇਪਣ ਲਈ ਆਪਣੇ ਅੰਦਰ ਸਪੇਸ ਪੈਦਾ ਕਰਦੀ ਹੈ।
ਜਿਥੇ ਸਾਡੀ ਵਰਤਮਾਨ ਸਿਆਸਤ ਖਪਤਕਾਰੀ ਮਹੌਲ ਦੀ ਸਿਰਜਣਾ ਕਰਦੀ ਹੈ, ਓਥੇ ਸੁੰਦਰਤਾ ਅਤੇ ਪ੍ਰੇਮ ਦੀ ਸਿਆਸਤ ਪ੍ਰਸੰਨਤਾ, ਆਨੰਦ, ਖੇੜੇ ਅਤੇ ਨਿਆਂ ਦਾ ਮਹੌਲ ਸਿਰਜਣ ਵਿਚ ਸਹਾਈ ਹੁੰਦੀ ਹੈ। ਮਨਮੋਹਨ ਦੇ ਇਸ ਨਾਵਲ ‘ਸਹਜ ਗੁਫਾ ਮਹਿ ਆਸਣੁ’ ਨੂੰ ਇਕ ਅਜਿਹੇ ਸਿਆਸੀ ਐਕਟ ਵਜੋਂ ਸਮਝਣ ਦੀ ਲੋੜ ਹੈ, ਜੋ ਸੁੰਦਰਤਾ ਦੀ ਸਿਆਸਤ ਦੇ ਸਿਰਜਣਾਤਮਕ ਵਿਘਨ ਰਾਹੀਂ, ਖਪਤਕਾਰੀ ਉਪਰ ਟਿਕੀ ਵਰਤਮਾਨ ਪੂੰਜੀਵਾਦੀ ਵਿਵਸਥਾ ਨੂੰ ਵਿਸਥਾਪਿਤ ਕਰਕੇ ਨਵੀਆਂ ਸੰਭਾਵਨਾਵਾਂ ਪੈਦਾ ਕਰ ਸਕੇ।
ਅ ਮ ਰ ਜੀ ਤ ਸਿੰ ਘ ਗ ਰੇ ਵਾ ਲ