ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰੂਸ ਨੂੰ ਪ੍ਰਮਾਣੂ ਹਥਿਆਰ ਦੀ ਧਮਕੀ ਦੇਣ ਵਾਲੇ ਪੱਛਮੀ ਦੇਸ਼ਾਂ ਨੂੰ ਸਖ਼ਤ ਸੰਦੇਸ਼ ਦਿੰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਜੋ ਅਜਿਹੀਆਂ ਧਮਕੀਆਂ ਦੇ ਰਹੇ ਹਨ, ਉਹ ਇਹ ਗੱਲ ਧਿਆਨ ਵਿਚ ਰੱਖਣ ਕਿ ਆਪਣੀ ਮਾਂ ਭੂਮੀ ਦੀ ਰੱਖਿਆ ਲਈ ਰੂਸ ਉਹ ਸਭ ਕੁਝ ਕਰੇਗਾ ਜੋ ਜ਼ਰੂਰੀ ਹੈ। ਪੱਛਮੀ ਦੇਸ਼ ਕਿਸੇ ਧੋਖੇ ਵਿਚ ਨਾ ਰਹਿਣ।
ਦੇਸ਼ ਦੇ ਨਾਂ ਟੈਲੀਵਿਜ਼ਨ ’ਤੇ ਦਿੱਤੇ ਸੰਦੇਸ਼ ਵਿਚ ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਜੋ ਸਾਨੂੰ ਪ੍ਰਮਾਣੂ ਹਥਿਆਰਾਂ ਦੀ ਧਮਕੀ ਦੇ ਰਹੇ ਹਨ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਹਵਾ ਦਾ ਰੁਖ ਕਦੇ ਵੀ ਬਦਲ ਸਕਦਾ ਹੈ। ਅਸੀਂ ਆਪਣੀ ਮਾਂ ਭੂਮੀ ਅਤੇ ਲੋਕਾਂ ਦੀ ਰੱਖਿਆ ਲਈ ਜੋ ਵੀ ਜ਼ਰੂਰੀ ਹੋਵੇਗਾ ਉਹ ਕਰਾਂਗੇ। ਆਪਣੀ ਆਜ਼ਾਦੀ ਦੀ ਰੱਖਿਆ ਲਈ ਮੈਂ ਦੁਹਰਾਉਂਦਾ ਹਾਂ ਕਿ ਅਸੀਂ ਉਹ ਸਭ ਕੁੱਝ ਕਰਾਂਗੇ ਜੋ ਜ਼ਰੂਰੀ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਪੱਛਮੀ ਦੇਸ਼ ਅਜਿਹਾ ਦਿਖਾ ਰਹੇ ਹਨ ਕਿ ਉਹ ਰੂਸ ਨੂੰ ਬਰਬਾਦ ਕਰ ਦੇਣਗੇ ਅਤੇ ਇਸਦੇ ਲਈ ਉਹ ਯੂਕ੍ਰੇਨ ਦੇ ਲੋਕਾਂ ਨੂੰ ਜੰਗ ਵਿਚ ਬਲੀ ਦਾ ਬਕਰਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡਾ ਉਦੇਸ਼ ਡੋਨਬਾਸ ਖੇਤਰ ਨੂੰ ਆਜ਼ਾਦ ਕਰਾਉਣਾ ਹੈ। ਇਸ ਲਈ ਯੂਕ੍ਰੇਨ ਦੇ ਆਜ਼ਾਦ ਇਲਾਕਿਆਂ ਵਿਚ ਆਪਣੇ ਲੋਕਾਂ ਦੀ ਸੁਰੱਖਿਆ ਲਈ ਹੋਰ ਫੌਜ ਭੇਜੇ ਜਾਣ ਸਬੰਧੀ ਮੈਂ ਰੱਖਿਆ ਵਿਭਾਗ ਨਾਲ ਵੀ ਗੱਲ ਕੀਤੀ ਹੈ। 3,00,000 ‘ਰਿਜਰਵਿਸਟ’ (ਰਾਖਵੇਂ ਫੌਜੀ) ਦੀ ਅੰਸ਼ਿਕ ਤਾਇਨਾਤੀ ਦੀ ਯੋਜਨਾ ਬਣਾਈ ਗਈ ਹੈ। ਇਸ ਦੇ ਲਈ ਡਿਕੱਰੀ ’ਤੇ ਦਸਤਖਤ ਕੀਤੇ ਜਾ ਚੁੱਕੇ ਹਨ ਅਤੇ ਫੌਜ ਨੂੰ ਭੇਜਣਾ ਸ਼ੁਰੂ ਕਰ ਦਿੱਤਾ ਗਿਆ ਹੈ।