ਈਰਾਨ ਵਿੱਚ ਹਿਜਾਬ ਵਿਵਾਦ ਇਸ ਹੱਦ ਤੱਕ ਵੱਧ ਗਿਆ ਹੈ ਕਿ ਹੁਣ ਰਾਸ਼ਟਰਪਤੀ ਇਬਰਾਹਿਮ ਰਇਸੀ ਨੇ ਨਿਊਯਾਰਕ ਵਿੱਚ ਸੀਐਨਐਨ ਦੀ ਮਹਿਲਾ ਪੱਤਰਕਾਰ ਨੂੰ ਇੰਟਰਵਿਊ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਵੱਲੋਂ ਇਹ ਸ਼ਰਤ ਰੱਖੀ ਗਈ ਸੀ ਕਿ ਜੇਕਰ ਮਹਿਲਾ ਪੱਤਰਕਾਰ ਹਿਜਾਬ ਪਹਿਨਣਗੀਆਂ ਤਾਂ ਹੀ ਰਇਸੀ ਉਨ੍ਹਾਂ ਨਾਲ ਗੱਲਬਾਤ ਕਰਨਗੇ।
ਮਹਿਲਾ ਪੱਤਰਕਾਰ ਇਸ ਸ਼ਰਤ ‘ਤੇ ਹਾਮੀ ਨਹੀਂ ਭਰੀ ਤਾਂ ਇਹ ਇੰਟਰਵਿਊ ਵੀ ਨਾ ਹੋਇਆ।ਸੀਐਨਐਨ ਦੀ ਚੀਫ ਇੰਟਰਨੈਸ਼ਨਲ ਐਂਕਰ ਕ੍ਰਿਸਚੀਅਨ ਅਮਾਨਪੋਰ ਨਾਲ ਹੋਈ ਇਸ ਘਟਨਾ ਲਈ ਸੋਸ਼ਲ ਮੀਡੀਆ ‘ਤੇ ਈਰਾਨ ਦੀ ਆਲੋਚਨਾ ਹੋ ਰਹੀ ਹੈ। ਅਮਾਨਪੁਰ ਨੇ ਨਿਊਯਾਰਕ ਵਿੱਚ ਰਾਸ਼ਟਰਪਤੀ ਰਇਸੀ ਨਾਲ ਇੱਕ ਇੰਟਰਵਿਊ ਕਰਨਾ ਸੀ। ਉਹ ਪਿਛਲੇ ਇਕ ਹਫਤੇ ਤੋਂ ਈਰਾਨ ‘ਚ ਚੱਲ ਰਹੇ ਹਿਜਾਬ ਵਿਵਾਦ ‘ਤੇ ਰਇਸੀ ਨਾਲ ਚਰਚਾ ਕਰਨ ਵਾਲੀ ਸੀ। ਉਨ੍ਹਾਂ ਨੇ ਇੰਟਰਵਿਊ ਲਈ ਤਿਆਰੀ ਕਰ ਲਈ ਸੀ ਪਰ ਇਸ ਦੌਰਾਨ ਰਾਸ਼ਟਰਪਤੀ ਦੇ ਸਹਾਇਕ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਤੁਸੀਂ ਹਿਜਾਬ ਪਹਿਨੋਗੇ ਤਾਂ ਹੀ ਇਹ ਇੰਟਰਵਿਊ ਹੋ ਸਕੇਗਾ।
ਅਮਾਨਪੁਰ ਇਸ ਸ਼ਰਤ ‘ਤੇ ਤਿਆਰ ਨਹੀਂ ਸੀ। ਮਹਿਲਾ ਪੱਤਰਕਾਰ ਨੇ ਕਿਹਾ ਕਿ ਉਹ ਨਿਊਯਾਰਕ ਵਿੱਚ ਹੈ ਅਤੇ ਅਜਿਹੇ ਨਿਯਮ ਅਤੇ ਰਵਾਇਤਾਂ ਇੱਥੇ ਲਾਗੂ ਨਹੀਂ ਹੋ ਸਕਦੀਆਂ। ਆਖਿਰਕਾਰ ਰਾਸ਼ਟਰਪਤੀ ਇੰਟਰਵਿਊ ਲਈ ਨਹੀਂ ਆਏ। ਇਸ ਤੋਂ ਬਾਅਦ ਅਮਾਨਪੁਰ ਨੇ ਇਸ ਘਟਨਾ ਬਾਰੇ ਟਵੀਟ ਕੀਤਾ। ਉਨ੍ਹਾਂ ਨੇ ਰਾਸ਼ਟਰਪਤੀ ਲਈ ਆਪਣੇ ਸਾਹਮਣੇ ਰੱਖੀ ਇਕ ਖਾਲੀ ਤਸਵੀਰ ਦੇ ਨਾਲ ਆਪਣੀ ਇਕ ਤਸਵੀਰ ਵੀ ਸਾਂਝੀ ਕੀਤੀ ਹੈ।
ਰਇਸੀ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ‘ਚ ਸ਼ਾਮਲ ਹੋਣ ਲਈ ਨਿਊਯਾਰਕ ‘ਚ ਹਨ। ਇਸ ਦੌਰਾਨ ਇਸ ਅਮਰੀਕੀ ਨਿਊਜ਼ ਚੈਨਲ ਨੇ ਉਨ੍ਹਾਂ ਦਾ ਇੰਟਰਵਿਊ ਲੈਣ ਦੀ ਯੋਜਨਾ ਬਣਾਈ ਸੀ।
ਬ੍ਰਿਟਿਸ਼-ਇਰਾਨੀ ਮੂਲ ਦੀ ਮਹਿਲਾ ਪੱਤਰਕਾਰ ਅਮਾਨਪੁਰ ਨੇ ਟਵੀਟ ਦੀ ਇੱਕ ਲੜੀ ਵਿੱਚ ਉਕਤ ਘਟਨਾ ਦਾ ਪੂਰਾ ਵੇਰਵਾ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ ਕਿ ਮੈਂ ਹਿਜਾਬ ਪਹਿਨਣ ਲਈ ਰਇਸੀ ਦੇ ਸਹਾਇਕ ਦੀ ਬੇਨਤੀ ਨੂੰ ਨਿਮਰਤਾ ਨਾਲ ਠੁਕਰਾ ਦਿੱਤਾ। ਮੈਂ ਉਨ੍ਹਾਂ ਨੂੰ ਦੱਸਿਆ ਕਿ ਅਸੀਂ ਨਿਊਯਾਰਕ ‘ਚ ਹਾਂ, ਜਿੱਥੇ ਔਰਤਾਂ ਲਈ ਹਿਜਾਬ ਜਾਂ ਸਕਾਰਫ ਪਾਉਣ ਦਾ ਕੋਈ ਕਾਨੂੰਨ ਜਾਂ ਪਰੰਪਰਾ ਨਹੀਂ ਹੈ। ਮੈਂ ਇਹ ਸ਼ਰਤ ਸਵੀਕਾਰ ਨਹੀਂ ਕਰਾਂਗੀ। ਇਸ ਤੋਂ ਬਾਅਦ ਉਹ ਉੱਥੋਂ ਚਲੇ ਗਏ ਅਤੇ ਇੰਟਰਵਿਊ ਨਹੀਂ ਹੋਇਆ।
ਪਿਛਲੇ ਹਫਤੇ ਈਰਾਨ ‘ਚ ਹਿਜਾਬ ਵਿਵਾਦ ਉਸ ਸਮੇਂ ਹੋਰ ਡੂੰਘਾ ਹੋ ਗਿਆ ਜਦੋਂ 22 ਸਾਲਾ ਮਹਸਾ ਅਮੀਨੀ ਦੀ ਹਿਰਾਸਤ ‘ਚ ਮੌਤ ਹੋ ਗਈ। ਇਸ ਤੋਂ ਬਾਅਦ ਭਾਰੀ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ। ਈਰਾਨ ਵਿੱਚ ਹਜ਼ਾਰਾਂ ਔਰਤਾਂ ਨੈਤਿਕ ਪੁਲਿਸਿੰਗ ਅਤੇ ਔਰਤਾਂ ਲਈ ਹਿਜਾਬ ਪਹਿਨਣ ਦੀ ਲੋੜ ਦੇ ਵਿਰੋਧ ਵਿੱਚ ਸੜਕਾਂ ‘ਤੇ ਉਤਰੀਆਂ।