ਹਿਮਾਚਲ ਪ੍ਰਦੇਸ਼ ਦੇ ਸਾਬਕਾ ਰਣਜੀ ਟਰਾਫੀ ਕ੍ਰਿਕਟ ਖਿਡਾਰੀ ਅਤੇ ਰਾਸ਼ਟਰੀ ਪੱਧਰ ਦੇ ਕੋਚ ਜਸਵੰਤ ਰਾਏ ਨੂੰ ਆਉਣ ਵਾਲੇ ਘਰੇਲੂ ਸੈਸ਼ਨ ਲਈ ਦਿੱਲੀ ਅੰਡਰ-19 ਪੁਰਸ਼ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਚੰਡੀਗੜ ਦੇ ਰਹਿਣ ਵਾਲੇ ਸ੍ਰੀ ਰਾਏ ਨੇ 70 ਫਸਟ ਕਲਾਸ ਮੈਚ ਖੇਡੇ ਹਨ ਅਤੇ ਉਹ ਹਿਮਾਚਲ ਪ੍ਰਦੇਸ਼ ਦੀ ਸੀਨੀਅਰ ਪੁਰਸ਼ ਕ੍ਰਿਕਟ ਟੀਮ, ਹਿਮਾਚਲ ਪ੍ਰਦੇਸ਼ ਮਹਿਲਾ ਟੀਮ ਅਤੇ ਪੰਜਾਬ ਅੰਡਰ-19 ਮਹਿਲਾ ਟੀਮ ਨੂੰ ਕੋਚਿੰਗ ਦੇ ਚੁੱਕੇ ਹਨ।
ਉਹ 2017 ਤੋਂ 2019 ਤੱਕ ਹਿਮਾਚਲ ਪ੍ਰਦੇਸ਼ ਦੀ ਸੀਨੀਅਰ ਪੁਰਸ ਕ੍ਰਿਕਟ ਟੀਮ ਦੇ ਚੋਣਕਾਰ ਵੀ ਸਨ। ਰਾਏ ਨੇ ਹਾਲ ਹੀ ਵਿੱਚ ਚੋਖੀ ਪ੍ਰਸਿੱਧੀ ਹਾਸਲ ਕੀਤੀ ਜਦੋਂ ਉਨਾਂ ਦੇ ਸਿਖਿਆਰਥੀ ਤੇ ਖੱਬੇ ਹੱਥ ਦੇ ਮੀਡੀਅਮ-ਪੇਸਰ, ਅਰਸ਼ਦੀਪ ਸਿੰਘ, ਨੇ ਆਈ.ਪੀ.ਐਲ. ਦੇ ਪਿਛਲੇ ਸੀਜਨਾਂ ਦੌਰਾਨ ਪੰਜਾਬ ਕਿੰਗਜ ਲਈ ਗੇਂਦਬਾਜੀ ਕਰਦੇ ਹੋਏ ਸੁਰਖੀਆਂ ’ਚ ਰਹਿਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਵਿੱਚ ਆਪਣੀ ਥਾਂ ਬਣਾਈ ।
ਜਸਵੰਤ ਰਾਏ ਨੇ ਕਿਹਾ ਹੈ ਕਿ ਉਹਨਾਂ ਇਸ ਸਾਲ ਦਿੱਲੀ ਅੰਡਰ-19 ਪੁਰਸ਼ ਟੀਮ ਦੀ ਜਿੱਤ ਦਾ ਡੰਕਾ ਵਜਾਉਣ ਲਈ ਕਮਰ ਕੱਸ ਲਈ ਹੈ। ਸ੍ਰੀ ਰਾਏ ਨੇ ਕਿਹਾ ਕਿ ਉਨਾਂ ਦਾ ਮੁੱਖ ਉਦੇਸ਼ ਇਹ ਹੋਵੇਗਾ ਕਿ ਦਿੱਲੀ ਦੀ ਅੰਡਰ-19 ਟੀਮ ਜਿੱਤੇ ਅਤੇ ਵੱਧ ਤੋਂ ਵੱਧ ਨੌਜਵਾਨ ਖਿਡਾਰੀ ਸੀਨੀਅਰ ਟੀਮ ਵਿੱਚ ਥਾਂ ਬਣਾਉਣ।
ਨਵ- ਨਿਯੁਕਤ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਨੇ ਸਾਬਕਾ ਕ੍ਰਿਕਟਰ ਗੁਰਸ਼ਰਨ ਸਿੰਘ, ਨਿਖਿਲ ਚੋਪੜਾ ਅਤੇ ਰੀਮਾ ਮਲਹੋਤਰਾ ਵਾਲੀ ਦਿੱਲੀ ਜ਼ਿਲਾ ਕ੍ਰਿਕਟ ਐਸੋਸੀਏਸ਼ਨ ਵਿਖੇ ਆਉਣ ਵਾਲੇ ਸੀਜ਼ਨ ਦੇ ਕੋਚਿੰਗ ਸਟਾਫ ਅਤੇ ਚੋਣ ਕਮੇਟੀ ਦੀ ਨਿਯੁਕਤੀ ਕੀਤੀ ਹੈ।