ਅੰਮ੍ਰਿਤਸਰ ਸ਼ਹਿਰ ‘ਚ ਬਿਜਲੀ ਬੰਦ ਹੋਣ ‘ਤੇ ਹਰੇਕ ਵਿਅਕਤੀ ਨੂੰ ਐੱਸਐੱਮਐੱਸ ਰਾਹੀਂ ਸੂਚਨਾ ਪ੍ਰਾਪਤ ਹੋਵੇਗੀ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ। ਇਹ ਵੀ ਦੱਸਿਆ ਜਾਵੇਗਾ ਕਿ ਕਿੰਨੇ ਤੋਂ ਕਿੰਨੇ ਵਜੇ ਤਕ ਬਿਜਲੀ ਬੰਦ ਰਹੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਰਭਜਨ ਸਿੰਘ ਈਟੀਓ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਤੇ ਬਿਜਲੀ ਮੰਤਰੀ ਪੰਜਾਬ ਨੇ ਸੋਮਵਾਰ ਨੂੰ ਮੁੱਖ ਇੰਜੀਨੀਅਰ ਬਾਰਡਰ ਜ਼ੋਨ ਦੇ ਦਫ਼ਤਰ ਤੋਂ ਕੰਪਿਊਟਰ ‘ਤੇ ਕਲਿੱਕ ਕਰ ਕੇ ਇਸ ਸੇਵਾ ਦਾ ਆਰੰਭ ਕਰਨ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਬਟਾਲਾ ਸ਼ਹਿਰ ‘ਚ ਇਸ ਪ੍ਰੋਜੈਕਟ ਦਾ ਟਰਾਇਲ ਸ਼ੁਰੂ ਕੀਤਾ ਗਿਆ ਸੀ, ਜਿੱਥੇ ਇਸ ਨੂੰ ਕਾਫ਼ੀ ਹੁੰਗਾਰਾ ਮਿਲਿਆ। ਇਸ ਤੋਂ ਬਾਅਦ ਹੁਣ ਇਸ ਪ੍ਰੋਜੈਕਟ ਦੀ ਸ਼ੁਰੂਆਤ ਅੰਮ੍ਰਿਤਸਰ ਸ਼ਹਿਰੀ ਇਲਾਕੇ ‘ਚ ਕੀਤੀ ਗਈ ਹੈ ਅਤੇ ਆਉਂਦੇ ਅਗਲੇ 15 ਦਿਨਾਂ ‘ਚ ਸ਼ਹਿਰ ਦਾ ਬਾਕੀ ਹਿੱਸਾ ਜੋ ਕਿ ਸਬ-ਅਰਬਨ ਸਰਕਲ ਅਧੀਨ ਆਉਂਦਾ ਹੈ, ਨੂੰ ਵੀ ਇਸ ਸਕੀਮ ‘ਚ ਜੋੜ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਪਾਇਲਟ ਪ੍ਰੋਜੈਕਟ ‘ਚ 14 ਸਬ-ਸਟੇਸ਼ਨਾਂ ਤੋਂ ਚੱਲਦੇ ਲਗਪਗ 141 ਨੰਬਰ 11 ਕੇਵੀ ਫੀਡਰ ਸ਼ਾਮਿਲ ਕੀਤੇ ਗਏ ਹਨ ਜਿਨ੍ਹਾਂ ਰਾਹੀਂ 2.27 ਲੱਖ ਵੱਖ-ਵੱਖ ਸ਼੍ਰੇਣੀਆਂ ਦੇ ਖਪਤਕਾਰਾਂ ਨੂੰ ਵੀ ਸੇਵਾ ਦਾ ਸਿੱਧਾ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ PSPCL ਦੀ ਟੀਮ ਵਧਾਈ ਦੀ ਪਾਤਰ ਹੈ ਜੋ ਕਾਫ਼ੀ ਦਿਨਾਂ ਤੋਂ ਇਸ ਪ੍ਰੋਜੈਕਟ ‘ਤੇ ਕੰਮ ਕਰ ਰਹੀ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਈਟੀਓ ਨੇ ਕਿਹਾ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾ ਰਹੀ ਹੈ, ਉਸੇ ਤਰ੍ਹਾਂ ਬਿਜਲੀ ਚੋਰੀ ਕਰਨ ‘ਤੇ ਵੀ ਇਹ ਨੀਤੀ ਅਪਣਾਈ ਜਾਵੇਗੀ।
ਬਿਜਲੀ ਵਿਭਾਗ ਦੀਆਂ ਇਮਾਰਤਾਂ ਦੀ ਵੀ ਜਲਦ ਹੀ ਮੁਰੰਮਤ ਕੀਤੀ ਜਾਵੇਗੀ ਤਾਂ ਜੋ ਉਥੇ ਕੰਮ ਕਰਦੇ ਸਟਾਫ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਾ ਆਵੇ। ਇਸ ਮੌਕੇ ਬਾਰਡਰ ਜ਼ੋਨ ਦੇ ਚੀਫ ਇੰਜੀ. ਬਾਲ ਕ੍ਰਿਸ਼ਨ, ਐੱਸਈ ਰਾਮੇਸ਼ ਸਾਰੰਗਲ, ਐੱਸਈ ਜਤਿੰਦਰ ਸਿੰਘ, ਐੱਸਈ ਰਾਜੀਵ ਪਰਾਸ਼ਰ, ਐੱਸਈ ਤਰਨਤਾਰਨ ਜੀਐੱਸ ਖਹਿਰਾ ਤੇ ਪਾਵਰਕਾਮ ਇੰਨੋਵੇਸ਼ਨ ਇੰਚਾਰਜ ਇੰਜ. ਪਰਉਪਕਾਰ ਸਿੰਘ ਤੋਂ ਇਲਾਵਾ ਪੀਐੱਸਪੀਸੀਐੱਲ ਦੇ ਹੋਰ ਅਧਿਕਾਰੀ ਹਾਜ਼ਰ ਸਨ।