ਰਾਹੁਲ ਕਾਲਾ ਦੀ ਖਾਸ ਰਿਪੋਰਟ
ਬੇਅਦਬੀ ਦੇ ਇਨਸਾਫ਼ ਲਈ ਲਗਾਇਆ ਗਿਆ ਮੋਰਚਾ ਅਜੇ ਵੀ ਨਿਰੱਤਰ ਜਾਰੀ ਹੈ। ਦੱਸ ਦਈਏ ਕਿ ਬੇਅਦਬੀ ਤੇ ਗੋਲੀਕਾਂਡ ਦੀਆਂ ਘਟਨਾਵਾਂ ਨੂੰ ਵਾਪਰੇ 7 ਸਾਲ ਹੋ ਗਏ ਹਨ ਪਰ ਪੀੜਤਾਂ ਨੂੰ ਹਾਲੇ ਵੀ ਇਨਸਾਫ਼ ਨਹੀਂ ਮਿਲਿਆ। ਸੂਬੇ ‘ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਅਤੇ ਗਈ, ਕਾਂਗਰਸ ਦੀ ਵੀ ਆ ਕੇ ਚਲੇ ਗਈ ਅਤੇ ਹੁਣ ਸੂਬੇ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਪਰ ਬੇਅਦਬੀ ਦੇ ਪੀੜਤਾਂ ਨੂੰ ਇਨਸਾਫ਼ ਮਿਲਣ ਦਾ ਮੁੱਦਾ ਅਜੇ ਵੀ ਉੱਥੇ ਹੀ ਹੈ।
ਜਦੋਂ ਕਿ ਇਸ ਦੇ ਉਲਟ ਪੰਜਾਬ ਸਰਕਾਰ ਦਾਅਵਾ ਕਰ ਰਹੀ ਹੈ ਕਿ ਜਾਂਚ ਲਗਾਤਾਰ ਜਾਰੀ ਹੈ। ਸਰਕਾਰ ਦਾ ਦਾਅਵਾ ਹੈ ਕਿ ਗੋਲੀਕਾਂਡ ਦੇ ਦੋਸ਼ੀ ਜਲਦ ਹੀ ਜੇਲ੍ਹਾਂ ਵਿਚ ਹੋਣਗੇ। ਇਸ ਸਭ ਦੇ ਦੌਰਾਨ ਅੱਜ ਯਾਨੀ 11 ਅਕਤੂਬਰ ਨੂੰ ਵੀ ਕੋਟਕਪੁਰਾ ਗੋਲੀਕਾਂਡ ਦੀ ਜਾਂਚ ਲਈ ਏਡੀਜੀਪੀ ਐਲਕੇ ਯਾਦਵ ਦੀ ਅਗਵਾਈ ਵਾਲੀ ਬਣਾਈ ਐਸਆਈਟੀ ਘਟਨਾ ਸਥਾਨ ‘ਤੇ ਪਹੁੰਚੀ। ਮੌਕੇ ‘ਤੇ ਪਹੁੰਚੀ ਟੀਮ ਵਲੋਂ ਨਿਸ਼ਾਨਦੇਹੀ ਕੀਤੀ ਗਈ, ਕੁੱਝ ਗਿਣਤੀਆਂ-ਮਿਣਤੀਆਂ ਵੀ ਕੀਤੀਆਂ ਗਈਆਂ, ਪਰ ਸਵਾਲ ਇਸ ਸਿੱਟ ‘ਤੇ ਵੀ ਉੱਠਣ ਲੱਗੇ ਹਨ।
ਬੇਅਦਬੀ ਤੇ ਗੋਲੀਕਾਂਡ ਮਾਮਲੇ ‘ਚ ਕਈ SIT ਬਣੀਆਂ ਤੇ ਕਈ ਕਮਿਸ਼ਨ ਬਣਾਏ ਗਏ, ਪਰ ਜਾਂਚ ਕਿਸੇ ਦੀ ਵੀ ਸਿਰੇ ਨਹੀਂ ਚੜ ਸਕੀ। ਸੂਬੇ ‘ਚ ਜਦੋਂ ਕਾਂਗਰਸ ਸਰਕਾਰ ਸਮੇਂ ਕੈਪਟਨ ਸਰਕਾਰ ਵੱਲੋਂ ਬਣਾਈ ਗਈ ਇੱਕ ਸਿੱਟ ਦੇ ਮੈਂਬਰ ਕੁਵੰਰ ਵਿਜੇ ਪ੍ਰਾਤਪ ਨੇ ਆਪਣੀ ਜਾਂਚ ਸ਼ੁਰੂ ਕੀਤੀ ਤਾਂ ਸਾਰਿਆਂ ਨੂੰ ਇਸ ਅਫ਼ਸਰ ‘ਤੋਂ ਉਮੀਦਾਂ ਸੀ ਪਰ ਬਾਅਦ ‘ਚ ਇਸ ਸਿੱਟ ਨੂੰ ਖਾਰਜ ਕਰ ਦਿੱਤਾ ਗਿਆ ਸੀ। ਸੁਖਰਾਜ ਨੇ ਵੀ ਸਾਬਕਾ ਆਈਜੀ ਕੁਵੰਰ ਵਿਜੇ ਪ੍ਰਤਾਪ ‘ਤੇ ਕਾਫ਼ੀ ਉਮੀਦਾਂ ਲਾਈਆਂ ਸੀ।
ਫਿਲਹਾਲ ਇਨ੍ਹਾਂ ਘਟਨਾਵਾਂ ਨੂੰ ਵਾਪਰੇ 7 ਸਾਲ ਹੋ ਗਏ ਹਨ। ਇਨਸਾਫ਼ ਲਈ ਅੱਜ ਵੀ ਮੋਰਚਾ ਜਾਰੀ ਹਨ। 14 ਅਕਤੂਬਰ ਨੂੰ ਹੀ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ‘ਤੇ ਪੁਲਿਸ ਨੇ ਕਾਰਵਾਈ ਕੀਤੀ ਸੀ ਜਿਸ ‘ਚ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਮੌਤ ਅਤੇ 100 ਲੋਕ ਜ਼ਖਮੀ ਹੋਏ ਸੀ। ਜੇਕਰ ਪਿੱਛੇ ਝਾਤ ਮਾਰੀਆਂ ਤਾਂ ਰੂਹ ਕੰਬ ਉੱਠਦੀ ਹੈ, ਜਿਸ ਨੇ ਸਿੱਖਾਂ ਦੇ ਹਿਰਦੇ ਬਲੂਦਰੇ ਸੀ।
ਇਸ ਤਰ੍ਹਾਂ ਜਾਣੋ ਬੇਅਦਬੀ ਤੇ ਗੋਲੀਕਾਂਡ ਮਾਮਲੇ ‘ਚ ਕਦੋਂ ਕੀ ਹੋਇਆ?
1 ਜੂਨ 2015- ਬਰਗਾੜੀ ਅਤੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਪਾਵਨ ਸਰੂਪ ਚੋਰੀ
25 ਸਤੰਬਰ 2015- ਬਰਗਾੜੀ ਬਹਿਬਲ ਕਲਾਂ ‘ਚ ਭੱਦੀ ਸ਼ਬਦਾਵਲੀ ਵਾਲੇ ਪੋਸਟਰ ਲੱਗਾਏ ਗਏ
12 ਅਕਤੂਬਰ 2015- ਬਰਗਾੜੀ ‘ਚ ਚੋਰੀ ਹੋਏ ਸਰੂਪ ਦੇ ਅੰਗ ਖਿਲਾਰੇ ਗਏ
13 ਅਕਤੂਬਰ 2015- ਬਹਿਬਲ ਕਲਾਂ ਤੇ ਕੋਟਕਪੁਰਾ ‘ਚ ਸੰਗਤ ਦਾ ਧਰਨਾ
14 ਅਕਤੂਬਰ 2015- ਪੁਲਿਸ ਨੇ ਸਵੇਰੇ 5 ਤੋਂ ਵਜੇ ਕਾਰਵਾਈ ਕੀਤੀ, ਗੋਲੀਬਾਰੀ ‘ਚ 2 ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਮੌਤ ਅਤੇ 100 ਲੋਕ ਜ਼ਖਮੀ
15 ਅਕਤੂਬਰ 2015- ਅਕਾਲੀ ਸਰਕਾਰ ਨੇ ਹਾਈਕਰੋਟ ਦੇ ਰਿਟਾਇਰ ਜਸਟਿਸ ਜ਼ੋਰਾ ਸਿੰਘ ਦੀ ਅਗਵਾਈ ‘ਚ ਕਮਿਸ਼ਨ ਗਠਿਤ ਕੀਤਾ
18 ਅਕਤੂਬਰ 2015- ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਏਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਿੱਚ ਐੱਸਆਈਟੀ ਦਾ ਗਠਨ ਕੀਤਾ
21 ਅਕਤੂਬਰ 2015- ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਪਰਚਾ ਦਰਜ ਕੀਤਾ ਗਿਆ, ਪੁਲਿਸ ਨੂੰ ਅਣਪਛਾਤਾ ਲਿਖਿਆ ਗਿਆ, ਪੁਲਿਸ ਪਾਰਟੀ ‘ਤੇ ਕਤਲ ਦਾ ਪਰਚਾ
24 ਅਕਤੂਬਰ 2015- ਪੰਜਾਬ ਸਰਕਾਰ ਵੱਲੋਂ ਉਸ ਸਮੇਂ ਦੇ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਅਹੁਦੇ ਤੋਂ ਹਟਾਇਆ ਗਿਆ ਅਤੇ ਸੇਵਾ ਮੁਕਤ ਜਸਟਿਸ ਜੋਰਾ ਸਿੰਘ ਦੀ ਅਗਵਾਈ ਹੇਠ ਕਮਿਸ਼ਨ ਦਾ ਗਠਨ ਕੀਤਾ
26 ਅਕਤੂਬਰ 2015- ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ
30 ਜੂਨ 2016- ਸਾਢੇ ਸੱਤ ਮਹੀਨਿਆਂ ਦੀ ਜਾਂਚ ਦੀ ਰਿਪੋਰਟ ਜਸਟਿਸ ਜ਼ੋਰਾ ਸਿੰਘ ਨੇ ਅਕਾਲੀ ਸਰਕਾਰ ਨੂੰ ਸੌਂਪੀ, ਪਰ ਕਮਿਸ਼ਨ ਦੀਆਂ ਤਜਵੀਜ਼ਾਂ ‘ਤੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ
14 ਅਪ੍ਰੈਲ 2017- ਨਵੀਂ ਕੈਪਟਨ ਸਰਕਾਰ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਗਠਿਤ ਕੀਤਾ
16 ਅਪ੍ਰੈਲ 2018- ਇੱਕ ਸਾਲ ਚਾਰ ਦਿਨ ਦੀ ਜਾਂਚ ਤੋਂ ਬਾਅਦ ਰਣਜਿਤ ਕਮਿਸ਼ਨ ਨੇ ਕੈਪਟਨ ਸਰਕਾਰ ਨੂੰ ਜਾਂਚ ਸੌਂਪੀ
31 ਜੂਨ 2018- ਕੈਪਟਨ ਸਰਕਾਰ ਨੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਪੁਲਿਸ ਕਾਰਵਾਈ ਦੀ ਜਾਂਚ ਸੀਬੀਆਈ ਹਵਾਲੇ ਕੀਤੀ
12 ਅਗਸਤ 2018- ਬਹਿਬਲ ਕਲਾਂ ਗੋਲੀਕਾਂਡ ‘ਚ ਮੋਗਾ ਦੇ ਤਤਕਾਲੀ ਐਸਐਸਪੀ ਚਰਨਜੀਤ ਸ਼ਰਮਾ, ਐਸਪੀ ਫਾਜਿਲਕਾ ਬਿਕਰਮਜੀਤ ਸਿੰਘ, ਐਸਆਈ ਅਮਰਜੀਤ ਸਿੰਘ ਪੋਲਾਰ ਨਾਮਜ਼ਦ
7 ਅਗਸਤ 2018- ਕੋਟਕਪੁਰਾ ਗੋਲੀਕਾਂਡ ਮਾਮਲੇ ‘ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਸਿਫਾਰਿਸ਼ ‘ਤੇ ਅਣਪਛਾਤੇ ਪੁਲਿਸ ਅਫ਼ਸਰਾਂ ‘ਤੇ ਪਰਚਾ ਦਰਜ, ਇਰਾਦਾ ਕਤਲ ਦੀ ਧਾਰਾ ਜੋੜੀ
27 ਅਗਸਤ 2018- ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ, ਸਰਕਾਰ ਨੇ ਰਿਪੋਰਟ ਪੇਸ਼ ਕੀਤੀ, ਸੀਬੀਆਈ ਤੋਂ ਜਾਂਚ ਵਾਪਸ ਲੈਣ ਲਈ ਮਤਾ ਪਾਸ ਕੀਤਾ
10 ਸਤੰਬਰ 2018- ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਸਿਫਾਰਿਸ਼ ‘ਤੇ ਕੈਪਟਨ ਸਰਕਾਰ ਨੇ ਪ੍ਰਬੋਧ ਕੁਮਾਰ ਏਡੀਜੀਪੀ (ਤਤਕਾਲੀ) ਦੀ ਅਗਵਾਈ ‘ਚ ਸਿੱਟ ਬਣਾਈ, ਕੁਵੰਰ ਵਿਜੈ ਪ੍ਰਤਾਪ ਮੈਂਬਰ ਸਮੇਤ ਅਰੁਣਪਾਲ ਸਿੰਘ ਆਈਜੀ, ਸਤਿੰਦਰ ਸਿੰਘ ਐਸਐਸਪੀ, ਭੁਪਿੰਦਰ ਸਿੰਘ ਐਸਪੀ
27 ਜਨਵਰੀ 2019- ਪੰਜਾਬ ਪੁਲਿਸ ਦੇ ਐੱਸਐੱਸਪੀ ਚਰਨਜੀਤ ਸਿੰਘ ਸਣੇ ਕਈ ਗ੍ਰਿਫਤਾਰੀਆਂ ਹੋਈਆਂ
22 ਜੂਨ 2019- ਨਾਭਾ ਜੇਲ੍ਹ ‘ਚ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਕਤਲ, ਬਿੱਟੂ ਕੋਟਕਪੁਰਾ ਦਾ ਰਹਿਣ ਵਾਲਾ ਸੀ, ਬਿੱਟੂ 9 ਜੂਨ 2018 ਨੂੰ ਗ੍ਰਿਫਤਾਰ ਹੋਇਆ ਸੀ, ਐਸਆਈਟੀ ਦੀ ਜਾਂਚ ਨੇ 10 ਡੇਰਾ ਪ੍ਰੇਮੀ ਨਾਮਜ਼ਦ ਕਿੱਤੇ ਬਰਗਾੜੀ ਕਾਂਡ ‘ਚ
4 ਜੁਲਾਈ 2019- ਸੀਬੀਆਈ ਨੇ ਮੁਹਾਲੀ ਦੀ ਸੀਬੀਆਈ ਅਦਾਲਤ ਵਿੱਚ ਬਰਗਾੜੀ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੇ ਤਿੰਨ ਕੇਸਾਂ ਵਿੱਚ ਕਲੋਜ਼ਰ ਰਿਪੋਰਟ ਦਾਇਰ ਕਰ ਦਿੱਤੀ
26 ਸਤੰਬਰ 2019- ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀਬੀਆਈ ‘ਤੇ ਭਰੋਸਾ ਨਹੀਂ, ਸੀਬੀਆਈ ਨੇ ਜਿਨ੍ਹਾਂ ਕੇਸਾਂ ਦੀ ਕਲੋਜ਼ਰ ਰਿਪੋਰਟ ਦਾਇਰ ਕੀਤੀ ਹੈ, ਉਸ ਦੀ ਜਾਂਚ ਵਿਸ਼ੇਸ਼ ਜਾਂਚ ਟੀਮ ਕਰੇਗੀ
9 ਅਪ੍ਰੈਲ 2021
ਹਾਈਕੋਰਟ ਨੇ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਸਿਟ ਦੀ ਜਾਂਚ ਨੂੰ ਖਾਰਜ ਕੀਤਾ, ਪੰਜਾਬ ਸਰਕਾਰ ਨੂੰ IG ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਬਿਨਾਂ ਨਵੀਂ SIT ਬਣਾਉਣ ਦੇ ਹੁਕਮ ਦੇ ਦਿੱਤੇ
7 ਮਈ 2021- ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਏਡੀਜੀਪੀ ਐਲ.ਕੇ ਯਾਦਵ ਦੀ ਅਗਵਾਈ ‘ਚ ਨਵੀਂ ਸਿੱਟ ਬਣਾਈ
ਦੱਸ ਦਈਏ ਕਿ ਇਸ ਕੇਸ ਦੀ ਜਾਂਚ ਹਾਲੇ ਚੱਲ ਰਹੀ ਹੈ। ਜਾਂਚ ਟੀਮ ਨੂੰ 6 ਮਹੀਨਿਆਂ ਵਿੱਚ ਆਪਣੀ ਰਿਪੋਰਟ ਸੌਪਣੀ ਲਈ ਕਿਹਾ ਗਿਆ ਸੀ। 2015 ‘ਚ ਵਾਪਰੇ ਇਸ ਘਟਨਾਕ੍ਰਮ ਨੂੰ ਲੈ ਕੇ ਜਨਤਾ ਨਾਲ ਹਰ ਵਾਰ ਸਰਕਾਰ ਬਣਨ ਤੋਂ ਪਹਿਲਾਂ ਇਨਸਾਫ਼ ਦੇ ਕਈ ਵਾਅਦੇ ਕੀਤੇ ਜਾਂਦੇ ਹਨ, 2017 ਦੀਆਂ ਚੋਣਾਂ ‘ਚ ਕਾਂਗਰਸ ਨੇ ਬੇਅਦਬੀ ਤੇ ਗੋਲੀਕਾਂਡ ਨੂੰ ਮੁੱਦਾ ਬਣਾ ਚੋਣ ਲੜੀ, ਜਿਸ ਦਾ ਖਮਿਆਜਾ ਅਕਾਲੀ ਦਲ ਦੀ ਸਰਕਾਰ ਨੂੰ ਭੁੱਗਤਣਾ ਪਿਆ ਅਤੇ ਅਕਾਲੀ ਦਲ ਸਰਕਾਰ ਨਹੀਂ ਬਣਾ ਸੀ। ਫਿਰ 2022 ਦੀਆਂ ਚੋਣਾਂ ‘ਚ ਆਮ ਆਦਮੀ ਪਾਰਟੀ ਨੇ ਇਨਸਾਫ਼ ਦਾ ਵਾਅਦਾ ਕੀਤਾ ਤੇ ਕਾਂਗਰਸ ਦੀ ਸਰਕਾਰ ਨੂੰ ਜਨਤਾ ਨੇ ਨਕਾਰ ਦਿੱਤਾ। ਅੱਜ ਸੱਤਾ ਵਿੱਚ ਆਮ ਆਦਮੀ ਪਾਰਟੀ ਹੈ ਤੇ ਜਨਤਾ ਹੁਣ ਨਵੀਂ ਸਰਕਾਰ ਤੋਂ ਵੀ ਉਹੀ ਸਵਾਲ ਪੁਛ ਰਹੀ ਹੈ ਕਿ ਕਿੱਥੇ ਗਏ ਉਹ ਵਾਅਦੇ ਜੋ ਚੋਣਾਂ ‘ਚ ਕੀਤੇ ਗਏ ਸੀ।