Dr Gurpreet Singh wander: ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਹੀਰੋ ਡੀਐਮਸੀ ਦੇ ਮੁਖੀ ਅਤੇ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਗੁਰਪ੍ਰੀਤ ਸਿੰਘ ਵਾਂਡਰ ਦੇ ਅਹੁਦੇ ਤੋਂ ਆਪਣਾ ਨਾਂ ਵਾਪਸ ਲੈਣ ਨਾਲ ਪੰਜਾਬ ਦੀ ‘ਆਪ’ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। ਸੂਬਾ ਸਰਕਾਰ ਨੇ ਵੀਸੀ ਦੇ ਅਹੁਦੇ ਲਈ ਉਨ੍ਹਾਂ ਦਾ ਨਾਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਭੇਜਿਆ ਸੀ।
ਪਰ ਰਾਜਪਾਲ ਨੇ ਇਸ ਨੂੰ ਵਾਪਸ ਕਰ ਦਿੱਤਾ ਸੀ। ਜਿਸ ਤਰ੍ਹਾਂ ਇਹ ਪੂਰਾ ਮਾਮਲਾ ਵਿਵਾਦਾਂ ‘ਚ ਘਿਰਿਆ ਹੈ, ਉਸ ਨਾਲ ਸੂਬੇ ਦੀ ਭਗਵੰਤ ਮਾਨ ਸਰਕਾਰ ਅਤੇ ਰਾਜਪਾਲ ਵਿਚਾਲੇ ਟਕਰਾਅ ਵਧਣ ਦਾ ਖਦਸ਼ਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਸਾਬਕਾ ਵੀਸੀ ਡਾ. ਰਾਜ ਬਹਾਦਰ ਨੇ ਸਿਹਤ ਮੰਤਰੀ ਚੇਤਨ ਜੌੜਾਮਾਜਰਾ ਵਲੋਂ ਦੁਰਵਿਵਹਾਰ ਦੇ ਚਲਦਿਆਂ ਅਸਤੀਫ਼ਾ ਦੇ ਦਿੱਤਾ ਸੀ।
ਦਰਅਸਲ, ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਵਾਈਸ ਚਾਂਸਲਰ ਦੇ ਅਹੁਦੇ ਲਈ ਡਾ: ਵਾਂਡਰ ਨੇ ਰਾਜ ਸਰਕਾਰ ਅਤੇ ਰਾਜ ਭਵਨ ਵਿਚਾਲੇ ਚੱਲ ਰਹੀ ਖਿੱਚੋਤਾਣ ਦੇ ਮੱਦੇਨਜ਼ਰ ਆਪਣਾ ਨਾਮ ਵਾਪਸ ਲੈ ਲਿਆ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਯੂਨੀਵਰਸਿਟੀ ਦੇ ਵੀਸੀ ਲਈ ਤਿੰਨ ਨਾਵਾਂ ਦੀ ਸੂਚੀ ਵਿੱਚ ਉਨ੍ਹਾਂ ਦਾ ਨਾਂ ਨਾ ਭੇਜਿਆ ਜਾਵੇ।
ਉਨ੍ਹਾਂ ਦੇ ਨੇੜਲੇ ਸੂਤਰਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ, ਹਾਲਾਂਕਿ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਡਾਕਟਰ ਵਾਂਡਰ ਨੇ ਫੋਨ ਨਹੀਂ ਚੁੱਕਿਆ। ਧਿਆਨ ਯੋਗ ਹੈ ਕਿ ਕੱਲ੍ਹ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਨੂੰ ਭੇਜੇ ਗਏ ਡਾਕਟਰ ਜੀਐਸ ਵਾਂਡਰ ਦੇ ਨਾਂ ’ਤੇ ਮੋਹਰ ਨਹੀਂ ਲਾਈ ਅਤੇ ਕਿਹਾ ਕਿ ਇਸ ਲਈ ਤਿੰਨ ਨਾਵਾਂ ਦਾ ਪੈਨਲ ਭੇਜਿਆ ਜਾਵੇ।
ਮੈਡੀਕਲ ਯੂਨੀਵਰਸਿਟੀ ਐਕਟ ਅਨੁਸਾਰ ਰਾਜਪਾਲ ਯੂਨੀਵਰਸਿਟੀ ਦਾ ਚਾਂਸਲਰ ਹੁੰਦਾ ਹੈ ਅਤੇ ਵੀਸੀ ਦੀ ਨਿਯੁਕਤੀ ਚੋਣ ਕਮੇਟੀ ਦੀ ਸਿਫ਼ਾਰਸ਼ ‘ਤੇ ਰਾਜਪਾਲ ਦੁਆਰਾ ਕੀਤੀ ਜਾਂਦੀ ਹੈ। ਪਰ ਸਰਕਾਰ ਨੇ ਤਿੰਨ ਨਾਵਾਂ ਦਾ ਪੈਨਲ ਭੇਜਣ ਦੀ ਬਜਾਏ ਸਿਰਫ਼ ਡਾ: ਗੁਰਪ੍ਰੀਤ ਸਿੰਘ ਵਾਂਡਰ ਦਾ ਨਾਂਅ ਹੀ ਭੇਜਿਆ
ਡਾ. ਵਾਂਡਰ ਨੂੰ ਵੀਸੀ ਬਣਾਉਣ ਦੇ ਮੁੱਖ ਮੰਤਰੀ ਦੇ ਇਸ ਫੈਸਲੇ ਦੀ ਕਾਫੀ ਤਾਰੀਫ਼ ਵੀ ਹੋਈ ਸੀ ਪਰ ਰਾਜਪਾਲ ਨਾਲ ਉਨ੍ਹਾਂ ਦੇ ਸਬੰਧ ਪਿਛਲੇ ਕੁਝ ਸਮੇਂ ਤੋਂ ਸੁਖਾਵੇਂ ਨਾ ਹੋਣ ਕਾਰਨ ਰਾਜ ਭਵਨ ਵੱਲੋਂ ਹਰ ਕੰਮ ਵਿੱਚ ਰੁਕਾਵਟਾਂ ਵੀ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਦੁਖੀ ਹੋ ਕੇ ਡਾਕਟਰ ਵਾਂਡਰ ਨੇ ਆਪਣਾ ਨਾਂ ਵਾਪਸ ਲੈ ਲਿਆ ਹੈ।
ਯਾਦ ਰਹੇ ਕਿ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਸਾਬਕਾ ਵੀਸੀ ਡਾ: ਰਾਜ ਬਹਾਦਰ ਨੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਜ਼ਲੀਲ ਕੀਤੇ ਜਾਣ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਸੀ। 29 ਜੁਲਾਈ ਨੂੰ ਅਸਤੀਫਾ ਦੇਣ ਤੋਂ ਬਾਅਦ ਨਵੇਂ ਵੀਸੀ ਦੀ ਭਾਲ ਸ਼ੁਰੂ ਹੋ ਗਈ ਸੀ। ਸਰਕਾਰ ਵੱਲੋਂ ਦਿੱਤੇ ਮੈਮੋਰੰਡਮ ਤੋਂ ਬਾਅਦ 22 ਲੋਕਾਂ ਨੇ ਅਪਲਾਈ ਕੀਤਾ, ਜਿਨ੍ਹਾਂ ਵਿੱਚੋਂ ਡਾ. ਵਾਂਡਰ ਦੀ ਚੋਣ ਕੀਤੀ ਗਈ।