sidhu moosewala Murder Case: ਇਮੀਗ੍ਰੇਸ਼ਨ ਅਧਿਕਾਰੀਆਂ ਨੇ ਵੀਰਵਾਰ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ‘ਤੇ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਹੱਤਿਆਕਾਂਡ ‘ਚ ਰੇਕੀ ਕਰਨ ਦੇ ਦੋਸ਼ੀ ਗੁਆਂਢੀ ਜਗਤਾਰ ਸਿੰਘ ਨੂੰ ਫੜ ਲਿਆ। ਜਗਤਾਰ ਸਿੰਘ ਦੁਬਈ ਦੀ ਫਲਾਈਟ ਰਾਹੀਂ ਪੰਜਾਬ ਛੱਡਣ ਦੀ ਫਿਰਾਕ ਸੀ।
ਹੁਣ ਉਸ ਨੂੰ ਮਾਨਸਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।ਮਾਨਸਾ ਪੁਲਿਸ ਨੇ ਜਗਤਾਰ ਸਿੰਘ ਦਾ ਲੁਕਆਊਟ ਨੋਟਿਸ ਜਾਰੀ ਕੀਤਾ ਸੀ, ਇਸੇ ਕਾਰਨ ਉਹ ਫੜਿਆ ਗਿਆ।ਜਾਣਕਾਰੀ ਮੁਤਾਬਕ ਜਦੋਂ ਦੋਸ਼ੀ ਦੁਬਈ ਜਾਣ ਵਾਲੀ ਫਲਾਈਟ ਐਸਜੀ-55 ਨੂੰ ਫੜਨ ਲਈ ਪਹੁੰਚਿਆ ਤਾਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਪਾਸਪੋਰਟ ਤੇ ਡਾਕੂਮੈਂਟ ਵੈਰੀਫਿਕੇਸ਼ਨ ਦੌਰਾਨ ਕਾਬੂ ਕਰ ਲਿਆ।ਫਿਰ ਉਸ ਨੂੰ ਏਅਰਪੋਰਟ ਥਾਣੇ ਦੀ ਪੁਲਿਸ ਹਵਾਲੇ ਕਰ ਦਿੱਤਾ।ਦੋਸ਼ੀ ਜਗਤਾਰ ਸਿੰਘ ਕਈ ਦਿਨਾਂ ਤੋਂ ਮੋਹਾਲੀ ‘ਚ ਹੀ ਲੁਕ ਕੇ ਬੈਠਾ ਸੀ।
ਹੁਣ ਸਿੱਧੂ ਮੂਸੇਵਾਲਾ ਦੀ ਮੌਤ ਦਾ ਮਾਮਲਾ ਥੋੜ੍ਹਾ ਸ਼ਾਂਤ ਹੋਇਆ ਤਾਂ ਦੋਸ਼ੀ ਵਿਦੇਸ਼ ਭੱਜਣ ਦੀ ਤਿਆਰੀ ਕਰਨ ਲੱਗਾ।ਵੀਰਵਾਰ ਸਵੇਰੇ ਦੋਸ਼ੀ ਅੰਮ੍ਰਿਤਸਰ ਏਅਰਪੋਰਟ ਪਹੁੰਚਿਆ ਤੇ 8 ਵਜੇ ਪੁਲਿਸ ਨੇ ਫੜ ਲਿਆ।ਵੀਰਵਾਰ ਦੁਪਹਿਰ 1:30 ਵਜੇ ਦੋਸ਼ੀ ਨੂੰ ਮਾਨਸਾ ਪੁਲਿਸ ਦੇ ਹਵਾਲੇ ਕਰ ਦਿੱਤਾ।ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਹੈ ਕਿ ਫੜਿਆ ਗਿਆ ਜਗਤਾਰ ਸਿੰਘ ਕੋਈ ਹੋਰ ਨਹੀਂ ਸਗੋਂ ਸਿੱਧੂ ਮੂਸੇਵਾਲਾ ਦਾ ਹੀ ਰਿਸ਼ਤੇਦਾਰ ਹੈ।ਦੋਸ਼ ਹੈ ਕਿ ਜਗਤਾਰ ਸਿੰਘ ਨੇ ਮੂਸੇਵਾਲਾ ਦੀ ਰੇਕੀ ਕੀਤੀ ਸੀ।ਉਸਨੇ ਲਾਰੇਂਸ ਗੈਂਗ ਨੂੰ ਸਿੱਧੂ ਮੂਸੇਵਾਲਾ ਦੇ ਘਰ ਤੋਂ ਆਉਣ ਜਾਣ ਦੀਆਂ ਜਾਣਕਾਰੀਆਂ ਮੁਹੱਈਆ ਕਰਵਾਈਆਂ ਸਨ।