ਸੰਗਰੂਰ: ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) (Bharatiya Kisan Union (Ekta-Ugrahan)) ਵੱਲੋਂ ਪੰਜਾਬ (Punjab government) ਤੇ ਕੇਂਦਰ ਸਰਕਾਰ ਵਿਰੁੱਧ ਅਣਮਿਥੇ ਸਮੇਂ ਦਾ ਪੱਕਾ ਮੋਰਚਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਦੀ ਕੋਠੀ ਸਾਹਮਣੇ ਲਾਇਆ ਹੋਇਆ ਹੈ। ਪਟਿਆਲਾ ਰੋਡ ‘ਤੇ ਲੱਗਿਆ ਇਹ ਧਰਨਾ ਸ਼ੁੱਕਰਵਾਰ ਨੂੰ ਛੇਵੇਂ ਦਿਨ ਵੀ ਉਤਸ਼ਾਹ ਨਾਲ ਜਾਰੀ ਰਿਹਾ। ਧਰਨੇ ‘ਚ ਸੈਂਕੜੇ ਔਰਤਾਂ ਸਮੇਤ ਪੰਜਾਬ ਭਰ ਤੋਂ ਹਜ਼ਾਰਾਂ ਕਿਸਾਨ ਮਜ਼ਦੂਰ ਨੌਜਵਾਨ ਸ਼ਾਮਲ ਹੋਏ। ਸਟੇਜ ਤੋਂ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰੀਸ ਨਾਲ ਮਾਲਵਿੰਦਰ ਕੰਗ ਅਤੇ ਹਰਜੋਤ ਬੈਂਸ ਵਰਗੇ ਆਪ ਦੇ ਆਗੂ ਵੀ ਮੰਗਾਂ ਮੰਨ ਲੈਣ ਦੇ ਬਾਵਜੂਦ ਕਿਸਾਨਾਂ ਵੱਲੋਂ ਬਗੈਰ ਵਜ੍ਹਾ ਮੋਰਚਾ ਲਾਉਣ ਦਾ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ। ਜਦੋਂ ਕਿ ਕਿਸਾਨ ਮੋਰਚਾ (Kisan Morcha) ਇਨ੍ਹਾਂ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਲਈ ਹੀ ਲਾਇਆ ਹੋਇਆ ਹੈ।
ਉਨ੍ਹਾਂ ਨੇ ਐਲਾਨ ਕੀਤਾ ਕਿ ਇਨ੍ਹਾਂ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਨ ਬਾਰੇ ਆਪ ਸਰਕਾਰ ਦੇ ਇਸ ਗੁੰਮਰਾਹਕੁੰਨ ਪ੍ਰਚਾਰ ਦਾ ਪਰਦਾਫਾਸ਼ 15 ਅਕਤੂਬਰ ਨੂੰ “ਲਲਕਾਰ ਦਿਵਸ” ਮੌਕੇ ਲਾਮਿਸਾਲ ਇਕੱਠ ਰਾਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸੂਬਾ ਮੀਤ ਪ੍ਰਧਾਨ ਜਗਤਾਰ ਸਿੰਘ ਕਾਲਾਝਾੜ ਨੇ ਦੱਸਿਆ ਕਿ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਵਿੱਚ ਸਰਕਾਰਾਂ ਵਲੋਂ ਮੰਨੀ ਹੋਈ ਮੰਗਾਂ ਨੂੰ ਤੁਰੰਤ ਲਾਗੂ ਕਰਾਉਣ ਦੇ ਭਖਦੇ ਮਸਲੇ ਸ਼ਾਮਲ ਹਨ। ਕਿਸਾਨ ਆਗੂ ਨੇ ਨਰਮਾ ਤਬਾਹੀ ਕਾਰਨ ਮਜ਼ਦੂਰਾਂ ਦੇ ਰੁਜ਼ਗਾਰ-ਉਜਾੜੇ ਦਾ ਮੁਆਵਜ਼ਾ ਵੰਡਣਾ ਸ਼ੁਰੂ ਕਰਨ ਨੂੰ ਇਸ ਮੋਰਚੇ ਦੀ ਸ਼ੁਰੂਆਤੀ ਜਿੱਤ ਕਰਾਰ ਦਿੱਤਾ।
ਅਮਰਜੀਤ ਸਿੰਘ ਸੈਦੋਕੇ ਜ਼ਿਲ੍ਹਾ ਪ੍ਰਧਾਨ ਮੋਗਾ ਨੇ ਦੋਸ਼ ਲਾਇਆ ਕਿ ਸਾਮਰਾਜੀਆਂ ਦੀਆਂ ਚਾਕਰ ਭਾਜਪਾ ਤੇ ਆਪ ਪਾਰਟੀਆਂ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਭਗਵੰਤ ਸਿੰਘ ਮਾਨ ਹੁਣ ਕਿਸਾਨਾਂ ਦੇ ਪੱਕੇ ਮੋਰਚੇ ਨੂੰ ਢਾਹ ਲਾਉਣ ਦੀ ਨੀਅਤ ਨਾਲ ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਦੀ ਏਕਤਾ ਉੱਤੇ ਸੱਟ ਮਾਰਨ ਖਾਤਰ ਐੱਸਵਾਈਐੱਲ ਦੇ ਮੁੱਦੇ ਨੂੰ ਉਛਾਲਣ ਲਈ ਤਿੰਘ ਰਹੇ ਹਨ।
ਪੰਜਾਬ ਖੇਤ ਮਜ਼ਦੂਰ ਯੂਨੀਅਨ ਬਲਾਕ ਮਹਿਲਕਲਾਂ ਦੀ ਆਗੂ ਪਰਮਜੀਤ ਕੌਰ ਨੇ ਇਨ੍ਹਾਂ ਭਖਦੇ ਮਸਲਿਆਂ ਦੇ ਕਿਸਾਨਾਂ ਮਜ਼ਦੂਰਾਂ ਤੇ ਔਰਤਾਂ ਦੀ ਹੋਣੀ ਨਾਲ ਜੁੜੇ ਹੋਏ ਸਿੱਧੇ ਸੰਬੰਧਾਂ ਦਾ ਢੁੱਕਵਾਂ ਜ਼ਿਕਰ ਕੀਤਾ। ਕਿਸਾਨ ਮੋਰਚੇ ਦੀ ਹਮਾਇਤ ਵਿੱਚ ਸੈਂਕੜੇ ਕਿਲੋਮੀਟਰਾਂ ਤੋਂ ਚੱਲ ਕੇ ਆਏ ਕੌਮੀ ਪੱਧਰ ਦੇ ਮੰਨੇ ਪ੍ਰਮੰਨੇ ਬੁੱਧੀਜੀਵੀ ਹਿਮਾਂਸ਼ੂ ਕੁਮਾਰ ਨੇ ਪੰਜਾਬ ਅਤੇ ਕੇਂਦਰ ਦੇ ਹਾਕਮਾਂ ਨੂੰ ਸਾਮਰਾਜੀ ਕਾਰਪੋਰੇਟਾਂ ਦੇ ਝੋਲੀਚੁੱਕ ਦੱਸਦਿਆਂ ਇਨ੍ਹਾਂ ਵਿਰੁੱਧ ਜਾਨਹੂਲਵੇਂ ਘੋਲ਼ ਲੜ ਰਹੇ ਕਿਸਾਨਾਂ ਮਜ਼ਦੂਰਾਂ ਦੀ ਜੈ ਜੈਕਾਰ ਕੀਤੀ।