ਚੰਡੀਗੜ੍ਹ: ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਅੱਜ ਜਾਰੀ ਇਕ ਬਿਆਨ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅਧਿਆਪਕਾਂ ਨੂੰ ਦਿੱਤੀ ਧਮਕੀ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਦਾ ਤਾਨਾਸ਼ਾਹ ਰਵੱਈਆ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ।
ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਇਨ੍ਹਾਂ ਸੰਘਰਸ਼ਕਾਰੀ ਅਧਿਆਪਕਾਂ ਦੇ ਧਰਨਿਆਂ ਵਿੱਚ ਜਾ ਕੇ ਵੱਡੇ ਵੱਡੇ ਵਾਅਦੇ ਕਰਦੇ ਸਨ, ਹੁਣ ‘ਆਪ’ ਦੇ ਮੰਤਰੀ ਸੰਘਰਸ਼ਕਾਰੀ ਅਧਿਆਪਕਾਂ ਨਾਲ ਗੱਲ ਕਰਨ ਤੋਂ ਵੀ ਨਾਂਹ ਕਰ ਰਹੇ ਹਨ।
ਗੜ੍ਹੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਅਸਲ ਚੇਹਰਾ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਭਾਜਪਾ ਦੀ ‘ਬੀ’ ਟੀਮ ਬਣਕੇ ਕੰਮ ਕਰ ਰਹੀ ‘ਆਪ’ ਹੁਣ ਉਸੇ ਨੀਤੀਆਂ ਚੱਲ ਰਹੀ ਹੈ, ਜਿਵੇਂ ਸੰਘਰਸ਼ਕਾਰੀ ਕਿਸਾਨਾਂ ਨਾਲ ਭਾਜਪਾ ਸਰਕਾਰ ਨੇ ਗੱਲ ਕਰਨ ਤੋਂ ਨਾਂਹ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਪੰਜਾਬ ਦੇ ਇਤਿਹਾਸ ਤੋਂ ਸਿੱਖ ਕੇ ਚੱਲੇ ਕੇ ਪੰਜਾਬੀਆਂ ਦੇ ਸੰਘਰਸ਼ ਨੂੰ ਕਦੇ ਕੁਚਲਿਆ ਨਹੀਂ ਜਾ ਸਕਿਆ, ਹਮੇਸ਼ਾ ਜਿੱਤੇ ਹਨ, ਇਸ ਦੀ ਤਾਜ਼ਾ ਉਦਾਹਰਣ ਕਿਸਾਨ ਅੰਦੋਲਨ ਸਾਹਮਣੇ ਹੈ।
ਜਸਵੀਰ ਸਿੰਘ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਆਪਣੀਆਂ ਜਾਇਜ਼ ਮੰਗਾਂ ਤੇ ਹੱਕਾਂ ਲਈ ਸੰਘਰਸ਼ ਕਰ ਰਹੇ ਅਧਿਆਪਕਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਅਧਿਆਪਕਾਂ ਦੀਆਂ ਤੁਰੰਤ ਮੰਗਾਂ ਮੰਨੇ ਅਤੇ ਅਧਿਆਪਕਾਂ ਵਿਰੁੱਧ ਬੋਲਣ ਵਾਲੇ ਆਪਣੇ ਮੰਤਰੀ ਦੀ ਲਗਾਮ ਕੱਸਣ।