Farmers Protest in Sangrur: ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਇੱਥੇ ਪੰਜਾਬ ਤੇ ਕੇਂਦਰ ਸਰਕਾਰ ਵਿਰੁੱਧ ਅਣਮਿਥੇ ਸਮੇਂ ਦੇ ਪੱਕੇ ਮੋਰਚੇ ਦੌਰਾਨ ਸ਼ਨੀਵਾਰ ਨੂੰ ਲਲਕਾਰ ਦਿਵਸ ਮਨਾਇਆ ਗਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ‘ਚ ਔਰਤਾਂ ਸਮੇਤ ਪੰਜਾਬ ਭਰ ਤੋਂ ਪੁੱਜੇ ਦਹਿ-ਹਪੰਜ਼ਾਰਾਂ ਕਿਸਾਨਾਂ ਮਜ਼ਦੂਰਾ ਨੌਜਵਾਨਾਂ ਸਾਹਮਣੇ ਮਾਨ ਸਰਕਾਰ ਨੂੰ ਭੇਜਿਆ ਜਾਣ ਵਾਲਾ ਯਾਦ ਪੱਤਰ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਪੜ੍ਹ ਕੇ ਪਾਸ ਕਰਾਇਆ ਗਿਆ।
ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਇਸ ਯਾਦ ਪੱਤਰ ਪ੍ਰਤੀ ਸਾਰਥਕ ਹੁੰਗਾਰਾ ਨਾ ਭਰੇ ਜਾਣ ਦੀ ਸੂਰਤ ਵਿੱਚ 20 ਅਕਤੂਬਰ ਨੂੰ ਸਖ਼ਤ ਐਕਸ਼ਨ ਕਰਨ ਦਾ ਐਲਾਨ ਕੀਤਾ ਗਿਆ। ਮੰਗਾਂ ਨੂੰ ਮੁੜ ਤਰਤੀਬ ਦੇ ਕੇ ਭੇਜੇ ਗਏ ਯਾਦ ਪੱਤਰ ‘ਚ ਮੰਗ ਕੀਤੀ ਗਈ ਹੈ ਕਿ ਪੰਜਾਬ ਦੇ ਹਿੱਸੇ ਆਏ ਦਰਿਆਈ ਪਾਣੀ ਦੀ ਮੁਕੰਮਲ ਵਰਤੋਂ ਖੇਤੀ ਲਈ ਰੋਡ ਮੈਪ ਤਿਆਰ ਕਰਕੇ ਤੁਰੰਤ ਕਿਸਾਨਾਂ ਨੂੰ ਦਿੱਤਾ ਜਾਵੇ। ਇਸ ਬਾਰੇ 27-7-22 ਨੂੰ ਲੋਕ ਸਭਾ ਵਿੱਚ ਪੇਸ਼ ਕੀਤੀ ਗਈ ਰਿਪੋਰਟ ਦੇ ਵੇਰਵੇ ਜਨਤਕ ਕੀਤੇ ਜਾਣ। ਜ਼ੀਰੇ ਨੇੜੇ ਪ੍ਰਦੂਸ਼ਣ ਦਾ ਗੜ੍ਹ ਬਣੀ ਦੀਪ ਮਲਹੋਤਰਾ ਦੀ ਸ਼ਰਾਬ ਫੈਕਟਰੀ ਦਾ ਪ੍ਰਦੂਸ਼ਣ ਰੋਕਣ ਬਾਰੇ ਜਥੇਬੰਦੀ ਨਾਲ ਬਣੀ ਸਹਿਮਤੀ ਅਨੁਸਾਰ ਇਸ ਫੈਕਟਰੀ ਨੂੰ ਤੁਰੰਤ ਬੰਦ ਕੀਤਾ ਜਾਵੇ।
ਨਾਲ ਹੀ ਝੋਨੇ ਦੇ ਔਸਤ ਝਾੜ ਤੇ ਕਾਸ਼ਤ ਗਰਦੌਰੀ ਦੀਆਂ ਸ਼ਰਤਾਂ ਰੱਦ ਕਰਕੇ ਅਤੇ ਨਮੀ 22% ਕਰਕੇ ਨਿਰਵਿਘਨ ਖਰੀਦ ਦੀ ਗਰੰਟੀ ਕੀਤੀ ਜਾਵੇ। ਝੋਨੇ ਦੀ ਥਾਂ ਸੌਣੀ ਦੀਆਂ ਹੋਰ ਫ਼ਸਲਾਂ ਦੀ ਲਾਭਕਾਰੀ ਐੱਮਐੱਸਪੀ ਮਿਥ ਕੇ ਪੂਰੀ ਖ੍ਰੀਦ ਦੀ ਕਾਨੂੰਨੀ ਗਰੰਟੀ ਲਈ ਠੋਸ ਰੋਡ ਮੈਪ ਲਿਆਉਣ ਦਾ ਵਾਅਦਾ ਕੀਤਾ ਜਾਵੇ।
ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਪੰਜਾਬ ਦੇ ਕੁੱਝ ਮੌਕਾਪ੍ਰਸਤ ਫਿਰਕਾਪ੍ਰਸਤ ਆਗੂਆਂ ਦੀ ਲੋਕਾਂ ‘ਚ ਪਾਟਕ ਪਾਊ ਨੀਤੀ ਦੀ ਨਿੰਦਾ ਕਰਦਿਆਂ ਜਥੇਬੰਦੀ ਦੀ ਧਰਮ ਨਿਰਪੱਖਤਾ ਅਤੇ ਵੋਟ ਸਿਆਸਤ ਤੋਂ ਨਿਰਲੇਪਤਾ ਦੀ ਨੀਤੀ ਦੀ ਵਿਆਖਿਆ ਕੀਤੀ।