Slogans in Support of Khalistan: ਪਿਛਲੇ ਦਿਨੀਂ ਪੰਜਾਬ (Punjab) ਦੇ ਕਈ ਸ਼ਹਿਰਾਂ ਵਿੱਚ ਖਾਲਿਸਤਾਨ ਦੇ ਹੱਕ ਵਿੱਚ ਨਾਅਰੇ (Slogans of Khalistan) ਲਿਖੇ ਜਾਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਆਮ ਤੌਰ ‘ਤੇ ਇਹ ਨਾਅਰੇ ਕਿਸੇ ਵੀ ਸਰਕਾਰੀ ਜਾਂ ਜਨਤਕ ਸਥਾਨ ਦੇ ਨੇੜੇ ਵੇਖਣ ਨੂੰ ਮਿਲੇ। ਇਸ ਮਗਰੋਂ ਹੁਣ ਇੱਕ ਵਾਰ ਫਿਰ ਤੋਂ ਬਠਿੰਡਾ (Bathinda) ‘ਚ ‘ਖਾਲਿਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਿਖੇ ਗਏ ਹਨ।
ਦੱਸ ਦਈਏ ਕਿ ਇਹ ਨਾਅਰੇ ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਨਾਲ ਲੱਗਦੀਆਂ ਕੰਧਾਂ ‘ਤੇ ਲਿਖੇ ਗਏ। ਪੁਲਿਸ ਹੁਣ ਤੱਕ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਨੂੰ ਫੜਨ ਵਿੱਚ ਨਾਕਾਮ ਰਹੀ ਹੈ। ਇਹ ਇਤਰਾਜ਼ਯੋਗ ਨਾਅਰੇ ਬਠਿੰਡਾ ਦੇ ਮਾਡਲ ਟਾਊਨ ਦੇ ਫੇਜ਼ 4 ਅਤੇ 5 ਦੇ ਨਾਲ ਲੱਗਦੀ ਪਾਣੀ ਦੀ ਟੈਂਕੀ ਅਤੇ ਜੋਗਾਨੰਦ ਰੋਡ ‘ਤੇ ਡਵੀਜ਼ਨਲ ਜੰਗਲਾਤ ਦਫ਼ਤਰ ਦੇ ਬਾਹਰ ਇੱਕ ਕੰਧ ‘ਤੇ ਲਿਖੇ ਗਏ।
ਇਸ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਅਤੇ ਖੁਫ਼ੀਆ ਵਿਭਾਗ ਦੇ ਅਧਿਕਾਰੀਆਂ ਨੇ ਕੰਧ ਤੋਂ ਨਾਅਰੇ ਮਿਟਾਏ | ਇਸ ਘਟਨਾ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਕੁਝ ਦਿਨ ਪਹਿਲਾਂ ਬਠਿੰਡਾ ਦੇ ਜੰਗਲਾਤ ਵਿਭਾਗ ਦੇ ਬਾਹਰ ਖਾਲਿਸਤਾਨ ਦੇ ਸਮਰਥਨ ਵਿੱਚ ਨਾਅਰੇ ਲਿਖੇ ਗਏ ਸੀ। ਪਰ ਪੁਲਿਸ ਅਜੇ ਤੱਕ ਇਸ ਮਾਮਲੇ ਵਿੱਚ ਵੀ ਕਿਸੇ ਨੂੰ ਵੀ ਫੜਨ ਵਿੱਚ ਕਾਮਯਾਬ ਨਹੀਂ ਹੋ ਸਕੀ।
ਇਸ ਤੋਂ ਪਹਿਲਾਂ 2 ਅਕਤੂਬਰ ਦਿਨ ਐਤਵਾਰ ਨੂੰ ਬਠਿੰਡਾ ਸ਼ਹਿਰ ਵਿੱਚ ਡਵੀਜ਼ਨਲ ਜੰਗਲਾਤ ਅਫ਼ਸਰ ਦੇ ਦਫ਼ਤਰ ਦੀ ਬਾਹਰਲੀ ਕੰਧ ‘ਤੇ ਖਾਲਿਸਤਾਨ ਪੱਖੀ ਅਤੇ ਭਾਰਤ ਵਿਰੋਧੀ ਨਾਅਰੇ ਲਿਖੇ ਹੋਏ ਪਾਏ ਗਏ ਸੀ। ਇਹ ਨਾਅਰੇ ਸਪਰੇਅ ਪੇਂਟ ਨਾਲ ਲਿਖੇ ਗਏ ਸੀ। ਪਾਬੰਦੀਸ਼ੁਦਾ ਜਥੇਬੰਦੀ ਸਿੱਖ ਫਾਰ ਜਸਟਿਸ ਨੇ ਇਸ ਘਿਨਾਉਣੇ ਕਾਰੇ ਦੀ ਜ਼ਿੰਮੇਵਾਰੀ ਲਈ ਸੀ। 2 ਅਕਤੂਬਰ ਦੀ ਘਟਨਾ ਤੋਂ ਬਾਅਦ ਖਾਲਿਸਤਾਨੀ ਅੱਤਵਾਦੀ ਸੰਗਠਨ SFJ ਨੇ ਵੀਡੀਓ ਫੁਟੇਜ ਜਾਰੀ ਕੀਤੀ ਸੀ। ਜਿਸ ਵਿੱਚ ਐਸਐਫਜੇ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੂੰ ਇਸ ਕਾਰੇ ਦੀ ਜ਼ਿੰਮੇਵਾਰੀ ਲੈਂਦੇ ਸੁਣਿਆ ਗਿਆ।