PM Narendra Modi Diwali Gift: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਵਾਲੀ ‘ਤੇ ਨੌਜਵਾਨਾਂ ਨੂੰ ਨੌਕਰੀ ਦਾ ਤੋਹਫ਼ਾ ਦੇਣ ਜਾ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਪੀਐਮ ਮੋਦੀ ਦੇਸ਼ ਭਰ ਦੇ 75,000 ਨੌਜਵਾਨਾਂ ਨੂੰ ਨੌਕਰੀਆਂ ਦਾ ਤੋਹਫਾ ਦੇਣ ਜਾ ਰਹੇ ਹਨ। ਉਹ 22 ਅਕਤੂਬਰ ਨੂੰ ਵੀਡੀਓ ਕਾਨਫਰੰਸ ਰਾਹੀਂ ਨੌਜਵਾਨਾਂ ਨਾਲ ਜੁੜਨਗੇ। ਇਸ ਦੌਰਾਨ 75,000 ਨੌਜਵਾਨਾਂ ਨੂੰ ਨੌਕਰੀ ਦੇ ਨਿਯੁਕਤੀ ਪੱਤਰ ਸੌਂਪੇ ਜਾਣਗੇ। ਇਸ ਸਾਲ ਜੂਨ ‘ਚ ਮੋਦੀ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਅਗਲੇ ਡੇਢ ਸਾਲ ‘ਚ ਯਾਨੀ ਦਸੰਬਰ 2023 ਤੱਕ 10 ਲੱਖ ਨੌਕਰੀਆਂ ਦੇਵੇਗੀ। ਵਿਰੋਧੀ ਪਾਰਟੀਆਂ ਨੇ ਬੇਰੁਜ਼ਗਾਰੀ ਦੇ ਮੁੱਦੇ ‘ਤੇ ਮੋਦੀ ਸਰਕਾਰ ‘ਤੇ ਕਈ ਵਾਰ ਸਵਾਲ ਚੁੱਕੇ ਹਨ। ਸਾਰੇ ਵਿਭਾਗਾਂ ਅਤੇ ਮੰਤਰਾਲਿਆਂ ਦੀ ਸਮੀਖਿਆ ਤੋਂ ਬਾਅਦ ਇਸ ਦਿਸ਼ਾ ਵਿੱਚ ਮਿਸ਼ਨ ਮੋਡ ਵਿੱਚ ਕੰਮ ਸ਼ੁਰੂ ਕੀਤਾ ਗਿਆ। ਇਸ ਤਹਿਤ ਮੋਦੀ 75,000 ਨੌਜਵਾਨਾਂ ਨੂੰ ਰੁਜ਼ਗਾਰ ਪੱਤਰ ਦੇਣਗੇ।
ਇਸ ਦੌਰਾਨ ਰੱਖਿਆ ਮੰਤਰਾਲਾ, ਰੇਲਵੇ ਮੰਤਰਾਲਾ, ਡਾਕ ਵਿਭਾਗ, ਗ੍ਰਹਿ ਮੰਤਰਾਲਾ, ਕਿਰਤ ਅਤੇ ਰੁਜ਼ਗਾਰ ਮੰਤਰਾਲਾ, ਸੀਆਈਐਸਐਫ, ਸੀਬੀਆਈ, ਕਸਟਮ, ਬੈਂਕਿੰਗ ਸਮੇਤ ਕਈ ਹੋਰ ਖੇਤਰਾਂ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਦਾ ਐਲਾਨ ਕੀਤਾ ਜਾਵੇਗਾ। ਇਸ ਪ੍ਰੋਗਰਾਮ ਵਿੱਚ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਤੋਂ ਕੇਂਦਰੀ ਮੰਤਰੀ ਵੀ ਸ਼ਾਮਲ ਹੋਣਗੇ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਉੜੀਸਾ ਤੋਂ, ਸਿਹਤ ਮੰਤਰੀ ਮਨਸੁਖ ਮਾਂਡਵੀਆ ਗੁਜਰਾਤ ਤੋਂ, ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਚੰਡੀਗੜ੍ਹ ਤੋਂ, ਵਣਜ ਮੰਤਰੀ ਪਿਊਸ਼ ਗੋਇਲ ਮਹਾਰਾਸ਼ਟਰ ਤੋਂ ਸ਼ਾਮਲ ਹੋਣਗੇ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਰਾਜਸਥਾਨ ਤੋਂ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤਾਮਿਲਨਾਡੂ ਤੋਂ, ਭਾਰੀ ਉਦਯੋਗ ਮੰਤਰੀ ਮਹਿੰਦਰ ਪਾਂਡੇ ਉੱਤਰ ਪ੍ਰਦੇਸ਼ ਤੋਂ, ਅਰਜੁਨ ਮੁੰਡਾ ਝਾਰਖੰਡ ਅਤੇ ਗਿਰੀਰਾਜ ਸਿੰਘ ਬਿਹਾਰ ਤੋਂ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਸੰਸਦ ਮੈਂਬਰ ਵੀ ਆਪੋ-ਆਪਣੇ ਸੰਸਦੀ ਹਲਕਿਆਂ ਤੋਂ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।
ਵਿਰੋਧੀ ਧਿਰ ਦੇ ਦੋਸ਼
ਵਿਰੋਧੀ ਧਿਰ ਨੇ ਦੋਸ਼ ਲਾਇਆ ਹੈ ਕਿ ਮੋਦੀ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਿੱਚ ਨਾਕਾਮ ਰਹੀ ਹੈ। ਪਿਛਲੇ ਸਾਲ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਸੰਸਦ ਨੂੰ ਦੱਸਿਆ ਸੀ ਕਿ ਕੇਂਦਰ ਸਰਕਾਰ ਦੇ ਵਿਭਾਗਾਂ ਵਿੱਚ 1 ਮਾਰਚ 2020 ਤੱਕ 8.72 ਲੱਖ ਅਸਾਮੀਆਂ ਖਾਲੀ ਹਨ। ਕੇਂਦਰ ਸਰਕਾਰ ਦੇ ਵਿਭਾਗਾਂ ਵਿੱਚ ਕੁੱਲ 40 ਲੱਖ 4 ਹਜ਼ਾਰ ਅਸਾਮੀਆਂ ਹਨ, ਜਿਨ੍ਹਾਂ ਵਿੱਚੋਂ 31 ਲੱਖ 32 ਹਜ਼ਾਰ ਅਸਾਮੀਆਂ ਭਰੀਆਂ ਗਈਆਂ ਹਨ। SSC ਵਿੱਚ 2016-17 ਤੋਂ 2020-21 ਦੌਰਾਨ ਕੁੱਲ 2,14,601 ਕਰਮਚਾਰੀ ਭਰਤੀ ਕੀਤੇ ਗਏ ਸਨ। ਨਾਲ ਹੀ, RRB ਨੇ 2,04,945 ਲੋਕਾਂ ਦੀ ਨਿਯੁਕਤੀ ਕੀਤੀ ਹੈ। ਜਦਕਿ UPSC ਨੇ ਵੀ 25,267 ਉਮੀਦਵਾਰਾਂ ਦੀ ਚੋਣ ਕੀਤੀ ਹੈ।