ਪ੍ਰਯਾਗਰਾਜ ਜ਼ਿਲ੍ਹੇ ਦੇ ਇੱਕ ਨਿੱਜੀ ਹਸਪਤਾਲ ਨੂੰ ਡੇਂਗੂ ਦੇ ਮਰੀਜ਼ ਨੂੰ ਪਲੇਟਲੈਟਸ ਦੀ ਬਜਾਏ ਮੌਸੰਮੀ ਦਾ ਜੂਸ ਚੜ੍ਹਾਏ ਜਾਣ ਦੇ ਦੋਸ਼ ਤਹਿਤ ਸੀਲ ਕਰ ਦਿੱਤਾ ਗਿਆ। ਬਾਅਦ ਵਿੱਚ ਮਰੀਜ਼ ਦੀ ਮੌਤ ਹੋ ਗਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ, ਉਪ-ਮੁੱਖ ਮੰਤਰੀ ਬ੍ਰਿਜੇਸ਼ ਪਾਠਕ ਦੇ ਟਵੀਟ ਅਤੇ ਹੁਕਮਾਂ ‘ਤੇ ਜ਼ਿਲ੍ਹਾ ਪ੍ਰਸ਼ਾਸਨ ਹਰਕਤ ‘ਚ ਆਇਆ ਅਤੇ ਹਸਪਤਾਲ ਨੂੰ ਸੀਲ ਕਰ ਦਿੱਤਾ, ਜਿੱਥੇ ਮਰੀਜ਼ ਨੂੰ ਕਥਿਤ ਤੌਰ ‘ਤੇ ਮੌਸੰਮੀ ਦਾ ਜੂਸ ਚੜ੍ਹਾਇਆ ਗਿਆ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਮਰੀਜ਼ ਪ੍ਰਦੀਪ ਪਾਂਡੇ ਦੀ ਹਾਲਤ ਵਿਗੜਨ ਤੋਂ ਬਾਅਦ ਉਸ ਨੂੰ ਸ਼ਹਿਰ ਦੇ ਇੱਕ ਹੋਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਹਾਲਾਂਕਿ ਘਟਨਾ ਦੇ ਸਬੰਧ ਵਿੱਚ ਸਥਾਨਕ ਪੁਲਿਸ ਸਟੇਸ਼ਨ ਵਿੱਚ ਕੋਈ ਐਫ਼.ਆਈ.ਆਰ. ਦਰਜ ਨਹੀਂ ਕੀਤੀ ਗਈ। ਨਿੱਜੀ ਹਸਪਤਾਲ ਦੇ ਮਾਲਕ ਨੇ ਦਾਅਵਾ ਕੀਤਾ ਕਿ ਪਲੇਟਲੈਟਸ ਕਿਸੇ ਹੋਰ ਮੈਡੀਕਲ ਸੈਂਟਰ ਤੋਂ ਲਿਆਂਦੇ ਗਏ ਸਨ, ਅਤੇ ਪਲੇਟਲੈਟਸ ਦੇ ਤਿੰਨ ਯੂਨਿਟ ਚੜ੍ਹਾਉਣ ਤੋਂ ਬਾਅਦ ਮਰੀਜ਼ ਨੂੰ ਤਕਲੀਫ਼ ਹੋਣੀ ਸ਼ੁਰੂ ਹੋ ਗਈ ਸੀ।
ਉਪ-ਮੁੱਖ ਮੰਤਰੀ ਪਾਠਕ ਨੇ ਟਵੀਟ ਕੀਤਾ, ”ਪ੍ਰਯਾਗਰਾਜ ਦੇ ਝਲਵਾ ਵਿਖੇ ਸਥਿਤ ਗਲੋਬਲ ਹਸਪਤਾਲ ‘ਚ ਇੱਕ ਡੇਂਗੂ ਦੇ ਮਰੀਜ਼ ਨੂੰ ਪਲੇਟਲੈਟਸ ਦੀ ਬਜਾਏ ਮੌਸੰਮੀ ਦਾ ਜੂਸ ਚੜ੍ਹਾ ਦੇਣ ਦੀ ਵਾਇਰਲ ਹੋਈ ਵੀਡੀਓ ਦਾ ਨੋਟਿਸ ਲੈਂਦਿਆਂ, ਮੇਰੇ ਹੁਕਮਾਂ ਤਹਿਤ ਹਸਪਤਾਲ ਨੂੰ ਤੁਰੰਤ ਸੀਲ ਕਰ ਦਿੱਤਾ ਗਿਆ ਹੈ, ਅਤੇ ਪਲੇਟਲੈਟਸ ਦੇ ਪੈਕੇਟ ਜਾਂਚ ਲਈ ਭੇਜ ਦਿੱਤੇ ਗਏ ਹਨ।” ਉਨ੍ਹਾਂ ਕਿਹਾ, “ਜੇਕਰ ਹਸਪਤਾਲ ਪ੍ਰਸ਼ਾਸਨ ਦੋਸ਼ੀ ਪਾਇਆ ਗਿਆ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।”
ਸੂਤਰਾਂ ਮੁਤਾਬਕ ਮਰੀਜ਼ ਦੀ ਮੌਤ ‘ਗ਼ਲਤ ਪਲੇਟਲੈਟਸ’ ਚੜ੍ਹਾਏ ਜਾਣ ਕਾਰਨ ਹੋਈ ਹੈ ਅਤੇ ਇਨ੍ਹਾਂ ਪਲੇਟਲੈਟਸ ਦੇ ਸੈਂਪਲਾਂ ਦੀ ਜਾਂਚ ਕੀਤੀ ਜਾਵੇਗੀ। ਹਸਪਤਾਲ ਦੇ ਮਾਲਕ ਸੌਰਭ ਮਿਸ਼ਰਾ ਨੇ ਦੱਸਿਆ ਕਿ ਪ੍ਰਦੀਪ ਪਾਂਡੇ ਡੇਂਗੂ ਤੋਂ ਪੀੜਤ ਸੀ ਅਤੇ ਉਨ੍ਹਾਂ ਦੇ ਹਸਪਤਾਲ ‘ਚ ਭਰਤੀ ਹੋਇਆ ਸੀ। ਉਨ੍ਹਾਂ ਦੱਸਿਆ ਕਿ ਮਰੀਜ਼ ਦੇ ਪਲੇਟਲੈਟਸ ਦਾ ਪੱਧਰ 17,000 ਤੱਕ ਡਿੱਗਣ ਤੋਂ ਬਾਅਦ ਉਸ ਦੇ ਰਿਸ਼ਤੇਦਾਰਾਂ ਨੂੰ ਪਲੇਟਲੈਟਸ ਲਿਆਉਣ ਲਈ ਕਿਹਾ ਗਿਆ।
ਉਨ੍ਹਾਂ ਦੱਸਿਆ ਕਿ ਮਰੀਜ਼ ਦੇ ਅਟੈਂਡੈਂਟ ਸਵਰੂਪ ਰਾਣੀ ਨਹਿਰੂ (ਐੱਸ.ਆਰ.ਐੱਨ.) ਹਸਪਤਾਲ ਤੋਂ ਪਲੇਟਲੈਟਸ ਦੇ ਪੰਜ ਯੂਨਿਟ ਲੈ ਕੇ ਆਏ, ਪਰ ਤਿੰਨ ਯੂਨਿਟ ਪਲੇਟਲੈੱਟਸ ਚੜ੍ਹਾਉਣ ਤੋਂ ਬਾਅਦ ਮਰੀਜ਼ ਨੂੰ ਪਰੇਸ਼ਾਨੀ ਹੋ ਗਈ ਅਤੇ ਡਾਕਟਰਾਂ ਨੇ ਪਲੇਟਲੈਟ ਚੜ੍ਹਾਉਣੇ ਬੰਦ ਕਰ ਦਿੱਤੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹਸਪਤਾਲ ਵਿੱਚ ਪਲੇਟਲੈਟਸ ਟੈਸਟ ਕਰਨ ਦੀ ਕੋਈ ਸਹੂਲਤ ਨਹੀਂ ਹੈ। ਮਿਸ਼ਰਾ ਨੇ ਕਿਹਾ ਕਿ ਜਿਹੜੇ ਪਲੇਟਲੈੱਟਸ ਮਰੀਜ਼ ਨੂੰ ਨਹੀਂ ਚੜ੍ਹਾਏ ਗਏ, ਉਨ੍ਹਾਂ ਦੀ ਜਾਂਚ ਕੀਤੀ ਜਾਵੇ ਕਿ ਇਹ ਪਲੇਟਲੇਟ ਕਿੱਥੋਂ ਲਿਆਂਦੇ ਗਏ। ਉਨ੍ਹਾਂ ਕਿਹਾ ਕਿ ਪਲੇਟਲੈਟਸ ਦੀ ਬੋਤਲ ‘ਤੇ ਐਸਆਰਐਨ ਦਾ ਸਟਿੱਕਰ ਲੱਗਿਆ ਹੋਇਆ ਹੈ।