RPG Attack Case: ਪੰਜਾਬ ਦੇ ਮੋਹਾਲੀ ‘ਚ ਆਰਪੀਜੀ ਹਮਲੇ ਦੇ ਮੁੱਖ ਦੋਸ਼ੀ ਚੜ੍ਹਤ ਸਿੰਘ ਦੇ ਖੁਲਾਸੇ ‘ਤੇ ਪੰਜਾਬ ਪੁਲਿਸ (Punjab Police) ਨੇ ਉਸ ਦੇ ਸਾਥੀਆਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸਈਅਦ ਮੁਹੰਮਦ ਤੌਸੀਫ਼ ਚਿਸ਼ਤੀ ਉਰਫ਼ ਚਿੰਕੀ ਅਤੇ ਸੁਨੀਲ ਕੁਮਾਰ ਉਰਫ਼ ਕਾਲਾ ਵਾਸੀ ਅਜਮੇਰ, ਰਾਜਸਥਾਨ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ AK-56 ਅਸਾਲਟ ਰਾਈਫ਼ਲ, 100 ਕਾਰਤੂਸ ਅਤੇ .30 ਬੋਰ ਦਾ ਪਿਸਤੌਲ ਬਰਾਮਦ ਕੀਤੀ ਹੈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਡੀਜੀਪੀ ਗੌਰਵ ਯਾਦਵ (DGP Gaurav Yadav) ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਚਿੰਕੀ ਕਰੀਬ 5-7 ਸਾਲਾਂ ਤੋਂ ਗੈਂਗਸਟਰ ਲਖਬੀਰ ਲੰਡਾ (gangster Lakhbir Landa) ਦੇ ਸੰਪਰਕ ਵਿੱਚ ਸੀ। ਲੰਡਾ ਦੇ ਕਹਿਣ ‘ਤੇ ਚਿੰਕੀ ਨੇ ਚੜ੍ਹਤ ਸਿੰਘ ਨੂੰ ਅਜਮੇਰ ‘ਚ ਅਲ ਖਾਦਿਮ ਨਾਂ ਦੇ ਗੈਸਟ ਹਾਊਸ ‘ਚ ਠਹਿਰਣ ਦਾ ਇੰਤਜ਼ਾਮ ਕੀਤਾ ਸੀ।
ਮੁਲਜ਼ਮ ਚੱਢਾ ਨੇ ਕਬੂਲ ਕੀਤਾ ਹੈ ਕਿ ਲੰਡਾ ਨੇ ਚਿੰਕੀ ਨੂੰ ਕਰੀਬ 3-4 ਲੱਖ ਰੁਪਏ ਭੇਜੇ। ਮੁਲਜ਼ਮ ਸੁਨੀਲ ਕੁਮਾਰ ਉਰਫ਼ ਕਾਲਾ ਨੇ ਅਮਰੀਕਾ ਰਹਿੰਦੇ ਜਗਰੂਪ ਸਿੰਘ ਉਰਫ਼ ਰੂਪ ਦੇ ਕਹਿਣ ‘ਤੇ ਚੜ੍ਹਤ ਸਿੰਘ ਨੂੰ ਠਿਕਾਣਾ ਮੁਹੱਈਆ ਕਰਵਾਇਆ ਸੀ। ਪੁਲਿਸ ਨੇ ਮੁਲਜ਼ਮ ਸੁਨੀਲ ਨੂੰ ਰੋਪੜ ਤੋਂ ਗ੍ਰਿਫ਼ਤਾਰ ਕੀਤਾ ਹੈ।
ਜਗਰੂਪ ਉਰਫ਼ ਰੂਪ ਲਖਬੀਰ ਦਾ ਕਰੀਬੀ
ਪੁਲਿਸ ਨੇ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਦਾ ਵਸਨੀਕ ਜਗਰੂਪ ਉਰਫ਼ ਰੂਪ ਲਖਬੀਰ ਲੰਡਾ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ। ਦੱਸ ਦਈਏ ਕਿ 9 ਮਈ 2022 ਨੂੰ ਮੋਹਾਲੀ ਦੇ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਆਰਪੀਜੀ ਹਮਲਾ ਕੀਤਾ ਗਿਆ ਸੀ।
ਪੈਰੋਲ ‘ਤੇ ਬਾਹਰ ਆ ਕੇ ਆਰਪੀਜੀ ਹਮਲੇ ਨੂੰ ਦਿੱਤਾ ਅੰਜਾਮ
ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਦੋਸ਼ੀ ‘ਤੇ ਕਤਲ, ਕਤਲ ਦੀ ਕੋਸ਼ਿਸ਼ ਅਤੇ ਆਰਮਜ਼ ਐਕਟ ਸਮੇਤ ਕਈ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ। ਉਸ ਨੇ ਪਾਕਿਸਤਾਨ ਵਿੱਚ ਬੈਠੇ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਰਾਹੀਂ ਪਾਕਿਸਤਾਨ ਆਈਐਸਆਈ ਦੀ ਮਦਦ ਨਾਲ ਸਰਹੱਦ ਪਾਰੋਂ ਇੱਕ ਆਰਪੀਜੀ, ਇੱਕ ਏਕੇ-47 ਅਤੇ ਹੋਰ ਹਥਿਆਰ ਮੰਗਵਾਏ ਸੀ।
ਮੁਲਜ਼ਮ ਇੱਕ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ। ਆਰਪੀਜੀ ਹਮਲੇ ਦੇ ਸਮੇਂ ਉਹ ਪੈਰੋਲ ‘ਤੇ ਬਾਹਰ ਸੀ। ਆਪਣੀ ਪੈਰੋਲ ਦੌਰਾਨ ਚੱਢਾ ਨੇ ਆਰਪੀਜੀ ਹਮਲੇ ਨੂੰ ਅੰਜਾਮ ਦੇਣ ਲਈ ਤਰਨਤਾਰਨ ਤੋਂ ਕਿਸਾਨ ਕੁੱਲਾ ਅਤੇ ਹੋਰਾਂ ਨੂੰ ਮੁੜ ਇਕੱਠਾ ਕੀਤਾ। ਤਾਂ ਜੋ ਪੰਜਾਬ ਦੀ ਸਦਭਾਵਨਾ ਅਤੇ ਸ਼ਾਂਤੀ ਨੂੰ ਖਤਰਾ ਪੈਦਾ ਕੀਤਾ ਜਾ ਸਕੇ।