Sidhu Moosewala : ਸਿੱਧੂ ਮੂਸੇਵਾਲਾ (Sidhu Moosewala) ਕਤਲ ਕੇਸ ਵਿੱਚ ਪੰਜਾਬੀ ਗਾਇਕਾ ਅਫਸਾਨਾ ਖਾਨ (Afsana Khan) ਨੂੰ ਕੇਂਦਰੀ ਜਾਂਚ ਏਜੰਸੀ (ਐਨਆਈਏ) ਨੇ ਤਲਬ ਕੀਤਾ ਹੈ। ਅਫਸਾਨਾ ਖਾਨ ਤੋਂ ਮੰਗਲਵਾਰ ਨੂੰ NIA ਨੇ 5 ਘੰਟੇ ਤੱਕ ਪੁੱਛਗਿੱਛ ਕੀਤੀ। ਜਿਸ ਤੋਂ ਬਾਅਦ ਅਫਸਾਨਾ ਬੁੱਧਵਾਰ ਨੂੰ ਇੰਸਟਾਗ੍ਰਾਮ ‘ਤੇ ਲਾਈਵ ਹੋ ਗਈ। ਅਫਸਾਨਾ ਨੇ ਕਿਹਾ ਕਿ ਐਨਆਈਏ (NIA) ਸੱਚੀ ਏਜੰਸੀ ਹੈ। ਮੂਸੇਵਾਲਾ ਦਾ ਮਾਮਲਾ ਐਨਆਈਏ ਕੋਲ ਪਹੁੰਚ ਗਿਆ ਹੈ ਜੋ ਚੰਗੀ ਗੱਲ ਹੈ। ਅਫਸਾਨਾ ਨੇ ਕਿਹਾ ਕਿ ਮੂਸੇਵਾਲਾ ਮੇਰਾ ਭਰਾ ਸੀ ਅਤੇ ਰਹੇਗਾ।
ਅੱਜ ਤੱਕ ਮੂਸੇਵਾਲਾ ਨੇ ਕਦੇ ਵੀ ਉਸ ਨਾਲ ਕਿਸੇ ਗੈਂਗਸਟਰ ਨਾਲ ਸਬੰਧ ਹੋਣ ਦੀ ਗੱਲ ਨਹੀਂ ਕੀਤੀ। ਮੂਸੇਵਾਲਾ ਦੇ ਕਤਲ ਤੋਂ ਲੈ ਕੇ ਅੱਜ ਤੱਕ ਉਹ ਪਰਿਵਾਰ ਦੇ ਨਾਲ ਹੈ। ਅਫਸਾਨਾ ਨੇ ਉਨ੍ਹਾਂ ਗਾਇਕਾਂ ‘ਤੇ ਵੀ ਵਿਅੰਗ ਕੱਸਿਆ ਜੋ ਮੂਸੇਵਾਲਾ ਲਈ ਗੀਤ ਲੈ ਕੇ ਆ ਰਹੇ ਹਨ। ਅਫਸਾਨਾ ਨੇ ਕਿਹਾ ਕਿ 4 ਮਹੀਨਿਆਂ ਬਾਅਦ ਇਹ ਲੋਕ ਮੂਸੇਵਾਲਾ ਨੂੰ ਸ਼ਰਧਾਂਜਲੀ ਦੇ ਰਹੇ ਹਨ, ਉਹ ਉਨ੍ਹਾਂ ਤੋਂ ਪੁੱਛਣਾ ਚਾਹੁੰਦੀ ਹੈ ਕਿ ਉਹ ਲੋਕ ਪਹਿਲਾਂ ਕਿੱਥੇ ਸਨ। ਅਫਸਾਨਾ ਦੀ ਇਸ ਗੱਲ ਨੂੰ ਲੋਕ ਜਾਨੀ ਜੌਹਲ ਦੇ ਨਵੇਂ ਗੀਤ ਨਾਲ ਜੋੜ ਕੇ ਦੇਖ ਰਹੇ ਹਨ।
ਅਫਸਾਨਾ ਨੇ ਕਿਹਾ ਕਿ ਐਨਆਈਏ ਅਧਿਕਾਰੀਆਂ ਨੇ ਉਸ ਤੋਂ ਇਹੀ ਸਵਾਲ ਪੁੱਛੇ ਹਨ ਕਿ ਉਹ ਗਾਇਕਾ ਕਦੋਂ ਬਣੀ ਸੀ। ਪਰਿਵਾਰ ਵਿੱਚ ਕੌਣ ਹੈ? ਤੁਸੀਂ ਦੇਸ਼-ਵਿਦੇਸ਼ ਵਿੱਚ ਕਿੱਥੇ-ਕਿੱਥੇ ਸ਼ੋਅ ਕੀਤੇ ਹਨ? ਤੁਸੀਂ ਮੂਸੇਵਾਲਾ ਨੂੰ ਕਦੋਂ ਤੋਂ ਜਾਣਦੇ ਹੋ? ਮੂਸੇਵਾਲਾ ਨੂੰ ਤੁਸੀਂ ਪਹਿਲੀ ਵਾਰ ਕਿੱਥੇ ਮਿਲੇ ਸੀ? ਅਫਸਾਨਾ ਨੇ ਦੱਸਿਆ ਕਿ ਉਹ ਆਪਣੀ ਮਿਹਨਤ ਨਾਲ ਰੋਟੀ ਕਮਾ ਰਹੀ ਹੈ ਅਤੇ ਖਾ ਰਹੀ ਹੈ। ਮੈਨੂੰ NIA ਵੱਲੋਂ ਕੋਈ ਧਮਕੀ ਨਹੀਂ ਦਿੱਤੀ ਗਈ ਹੈ। ਇਸ ਦੇ ਨਾਲ ਹੀ ਜਿੱਥੋਂ ਤੱਕ ਗੈਂਗਸਟਰਾਂ ਦੀ ਗੱਲ ਹੈ, ਉਹ ਅੱਜ ਤੱਕ ਕਿਸੇ ਗੈਂਗਸਟਰ ਦੇ ਸੰਪਰਕ ਵਿੱਚ ਨਹੀਂ ਆਈ ਹੈ।