ਚੰਡੀਗੜ੍ਹ: ਪੰਜਾਬ ਵਿਚ ਬੁੱਧਵਾਰ ਨੂੰ ਪਰਾਲੀ ਸਾੜਨ ਦੀਆਂ ਕੁੱਲ 1,238 ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਸੀਜ਼ਨ ਵਿਚ ਪਰਾਲੀ ਸਾੜਨ ਦੀਆਂ ਇਹ ਹੁਣ ਤੱਕ ਦੀਆਂ ਸਭ ਤੋਂ ਵੱਧ ਘਟਨਾਵਾਂ ਹਨ। ਸੂਬੇ ਵਿਚ ਕਿਸਾਨਾਂ ਵੱਲੋਂ ਲਗਾਤਾਰ ਪਰਾਲੀ ਸਾੜਨ ਦੇ ਮਾਮਲੇ ਵਿਚ ਜ਼ਿਲ੍ਹਾ ਤਰਨਤਾਰਨ ਸਭ ਤੋਂ ਉੱਪਰ ਹੈ। ਲੁਧਿਆਣਾ ਸਥਿਤ ਪੰਜਾਬ ਰਿਮੋਟ ਸੈਂਸਿੰਗ ਸੈਂਟਰ (PRSC) ਦੇ ਅੰਕੜਿਆਂ ਅਨੁਸਾਰ ਬੁੱਧਵਾਰ ਨੂੰ ਪੰਜਾਬ ਵਿਚ ਪਰਾਲੀ ਸਾੜਨ ਦੀਆਂ ਕੁੱਲ 1,238 ਘਟਨਾਵਾਂ ਦਰਜ ਕੀਤੀਆਂ ਗਈਆਂ। ਸੂਬੇ ਵਿਚ 24 ਅਕਤੂਬਰ ਨੂੰ 1,019 ਘਟਨਾਵਾਂ ਦਰਜ ਹੋਈਆਂ।
ਇਸ ਸਾਲ 15 ਸਤੰਬਰ ਤੋਂ 26 ਅਕਤੂਬਰ ਤੱਕ ਪਰਾਲੀ ਸਾੜਨ ਦੀਆਂ ਕੁੱਲ ਘਟਨਾਵਾਂ ਦੀ ਗਿਣਤੀ 7,036 ਤੱਕ ਪਹੁੰਚ ਗਈ ਹੈ। ਇਹ ਗਿਣਤੀ ਪਿਛਲੇ ਸਾਲ ਨਾਲੋਂ ਵੱਧ ਹੈ। 2021 ਵਿਚ 26 ਅਕਤੂਬਰ ਤੱਕ ਪਰਾਲੀ ਸਾੜਨ ਦੇ 6463 ਮਾਮਲੇ ਦਰਜ ਹੋਏ ਸਨ। ਪਰਾਲੀ ਸਾੜਨ ਦੇ ਮਾਮਲੇ ਵਿਚ ਤਰਨਤਾਰਨ ਜ਼ਿਲ੍ਹਾ ਸਭ ਤੋਂ ਉੱਪਰ ਹੈ। ਬੁੱਧਵਾਰ ਨੂੰ ਇੱਥੇ ਅਜਿਹੇ 210 ਮਾਮਲੇ ਦਰਜ ਹੋਏ ਆਈਆਂ, ਜਿਸ ਤੋਂ ਬਾਅਦ ਪਟਿਆਲਾ ਵਿਚ 183, ਸੰਗਰੂਰ ਵਿਚ 126, ਫਿਰੋਜ਼ਪੁਰ ਵਿਚ 116 ਅਤੇ ਕਪੂਰਥਲਾ ਵਿਚ 90 ਮਾਮਲੇ ਸਾਹਮਣੇ ਆਏ ਵਾਪਰੀਆਂ।
ਪਠਾਨਕੋਟ ਸੂਬੇ ਦਾ ਇਕੋ ਇਕ ਅਜਿਹਾ ਜ਼ਿਲ੍ਹਾ ਹੈ ਜਿੱਥੇ ਇਸ ਸੀਜ਼ਨ ਵਿਚ ਹੁਣ ਤੱਕ ਪਰਾਲੀ ਸਾੜਨ ਦੀ ਇਕ ਵੀ ਘਟਨਾ ਨਹੀਂ ਵਾਪਰੀ ਹੈ। ਪਟਿਆਲਾ ਵਿਚ 26 ਅਕਤੂਬਰ ਤੱਕ ਕੁੱਲ 651 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ, ਜੋ ਪਿਛਲੇ ਸਾਲ ਦੇ 554 ਦੇ ਅੰਕੜੇ ਨਾਲੋਂ ਵੱਧ ਹਨ। ਦੂਜੇ ਪਾਸੇ ਸਰਹੱਦ ਨਾਲ ਲੱਗਦੇ ਇਲਾਕੇ ਪਹਿਲਾਂ ਹੀ ਚੁਣੌਤੀ ਬਣੇ ਹੋਏ ਹਨ। ਖਾਸ ਕਰਕੇ ਤਰਨਤਾਰਨ ਵਿਚ ਪਿਛਲੇ ਸਾਲ ਦਰਜ ਕੀਤੇ ਗਏ 1,478 ਦੇ ਅੰਕੜੇ ਦੇ ਮੁਕਾਬਲੇ ਇਸ ਵਾਰ 1,560 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਅੰਮ੍ਰਿਤਸਰ ਵਿਚ 2021 ਵਿਚ ਦਰਜ ਕੀਤੇ ਗਏ 956 ਦੇ ਅੰਕੜੇ ਦੇ ਮੁਕਾਬਲੇ ਹੁਣ ਤੱਕ 1,139 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ।