ਹਾਲ ਹੀ ‘ਚ ਦਿੱਲੀ ਸੀਐਮ ਅਰਵਿੰਦ ਕੇਜਰੀਵਾਲ ਨੇ ਬਿਆਨ ਦਿੱਤਾ ਸੀ ਕਿ ਨੋਟਾਂ ‘ਤੇ ਲਕਸ਼ਮੀ ਜੀ ਅਤੇ ਗਣੇਸ਼ ਜੀ ਦੀ ਫੋਟੋ ਲੱਗਣੀ ਚਾਹਿਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨੋਟਾਂ ‘ਤੇ ਦੂਜੇ ਪਾਸੇ ਗਾਂਧੀ ਜੀ ਦੀ ਫੋਟੋ ਵੀ ਹੋਣੀ ਚਾਹਿਦੀ ਹੈ। ਇਸ ਬਿਆਨ ਤੋਂ ਬਾਅਦ ਵੱਖ-ਵੱਖ ਸਿਆਸੀ ਲੋਕਾਂ ਅਤੇ ਵਰਗਾਂ ਵਲੋਂ ਪ੍ਰਤੀਕਿਰਿਆ ਆ ਰਹੀਆਂ ਹਨ ਇਸ ਨੂੰ ਲੈ ਕੇ ਹੁਣ ਕਾਂਗਰਸੀ ਸਾਂਸਦ ਜਸਵੀਰ ਡਿੰਪਾ ਦਾ ਬਿਆਨ ਸਾਹਮਣੇ ਆਇਆ ਹੈ।
ਡਿੰਪਾ ਨੇ ਕਿਹਾ ਕਿ ‘ਆਪ’ ਭਾਜਪਾ ਦੀ ਬੀ ਟੀਮ ਹੈ, ਜਿਸ ਨੇ ਭਾਜਪਾ ਦੇ ਕਹਿਣ ‘ਤੇ ਨੋਟਾਂ ‘ਤੇ ਲਕਸ਼ਮੀ ਅਤੇ ਗਣੇਸ਼ ਦੀ ਫੋਟੋ ਲਗਾਉਣ ਦਾ ਬਿਆਨ ਦਿੱਤਾ ਹੈ। ਇਸ ਬਾਰੇ ਅੱਗੇ ਬੋਲਦਿਆਂ ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਹਿਬ ਸਭ ਧਰਮਾਂ ਦੇ ਹਨ, ਹਰ ਕੋਈ ਗੁਰੂ ਨਾਨਕ ਸਾਹਿਬ ਦੇ ਫਲਸਫੇ ‘ਤੇ ਚੱਲਦਾ ਹੈ, ਉਨ੍ਹਾਂ ਵੱਲੋਂ ਸ਼ੁਰੂ ਕੀਤੀ ਖੇਤੀ ਅੱਜ ਵੀ ਚੱਲ ਰਹੀ ਹੈ, ਕਈ ਸਦੀਆਂ ਤੋਂ ਚੱਲਿਆ ਆ ਰਿਹਾ ਲੰਗਰ ਅੱਜ ਵੀ ਚੱਲ ਰਿਹਾ ਹੈ, ਅਤੇ ਜੇਕਰ ਫੋਟੋ ਲਾਉਣੀ ਹੀ ਹੈ ਤਾਂ ਗੁਰੂ ਨਾਨਕ ਦੇਵ ਜੀ ਦੀ ਲਗਾਓ।
ਕੇਜਰੀਵਾਲ ‘ਤੇ ਬਰਸੇ ਜਸਬੀਰ ਡਿੰਪਾ
ਜਦੋਂ ਕੇਜਰੀਵਾਲ ਨੇ ਦਿੱਲੀ ਤੋਂ ਵੋਟਾਂ ਲੈਣੀਆਂ ਹੁੰਦੀਆਂ ਹਨ ਤਾਂ ਪੰਜਾਬ ਨੂੰ ਕੋਸਣਾ ਸ਼ੁਰੂ ਹੋ ਜਾਂਦਾ ਹੈ। ਤਿੰਨੋਂ ਕਾਲੇ ਕਾਨੂੰਨ ਸਭ ਤੋਂ ਪਹਿਲਾਂ ਕੇਜਰੀਵਾਲ ਨੇ ਦਿੱਲੀ ਵਿੱਚ ਲਾਗੂ ਕੀਤੇ, ਪਹਿਲਾਂ ਉਹ ਕਹਿੰਦਾ ਸੀ ਕਿ ਸਰਕਾਰ ਬਣਦਿਆਂ ਹੀ ਪਰਾਲੀ ਦਾ ਮਸਲਾ ਹੱਲ ਹੋ ਜਾਵੇਗਾ, ਪਰ ਹੱਲ ਕਿਉਂ ਨਹੀਂ ਕੀਤਾ ਗਿਆ। ਕਿਸਾਨ ਨੂੰ ਪੈਸੇ ਦਿੱਤੇ ਜਾਣੇ ਚਾਹੀਦੇ ਹਨ। ਪਰਾਲੀ ਨਾਲ ਨਜਿੱਠਣ ਲਈ ਹਰ ਕਿਸਾਨ 2000 ਰੁਪਏ ਪ੍ਰਤੀ ਏਕੜ ਸਰਕਾਰ ਨੂੰ ਦੇਵੇ। ਬਾਕੀ ਸੂਬੇ ਸਾਡੇ ਤੋਂ ਅੱਗੇ ਨਿਕਲ ਗਏ ਹਨ।
ਰਾਮ ਰਹੀਮ ਦੇ ਪੰਜਾਬ ‘ਚ ਨਵੇਂ ਡੇਰੇ ‘ਤੇ ਬੋਲੇ ਡਿੰਪਾ
ਰਾਮ ਰਹੀਮ ਵਲੋਂ ਸੁਨਾਮ ਵਾਲੇ ਪਾਸੇ ਬਣਾਏ ਜਾ ਰਹੇ ਡੇਰੇ ਬਾਰੇ ਡਿੰਪਾ ਨੇ ਕਿਹਾ ਕਿ ਇਹ ਪੰਜਾਬ ਨੂੰ ਫਿਰ ਤੋਂ ਅੱਗ ਲਾਉਣ ਦੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡੀ ਸਾਜ਼ਿਸ਼ ਹੈ, ਮੈਂ ਕੇਂਦਰ ਸਰਕਾਰ ਨੂੰ ਇਸ ਨੂੰ ਆਪਣੇ ਹੱਥਾਂ ਵਿੱਚ ਲੈਣ ਦੀ ਅਪੀਲ ਕਰਦਾ ਹਾਂ। ਉਨ੍ਹਾਂ ਅੱਗੇ ਕਿਹਾ ਕਿ ਜੋ ਮਰਜ਼ੀ ਹੋਵੇ ਪੰਜਾਬ ਦੀ ਸ਼ਾਂਤੀ ਬਣਾਈ ਰੱਖਣ। ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਉਹ ਆਪਣੇ ਬੱਚਿਆਂ ਨੂੰ ਬਚਾ ਲੈਣ। ਕੇਂਦਰ ਅਤੇ ਸੂਬਾ ਸਰਕਾਰਾਂ ਪੰਜਾਬ ਦੇ ਹਿੱਤ ਵਿੱਚ ਨਹੀਂ ਹਨ, ਆਪਣੇ ਹਿੱਤਾਂ ਲਈ ਪੰਜਾਬ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ।
ਰਾਮ ਰਹੀਮ ਨੂੰ ਪੈਰੋਲ ‘ਤੇ ਡਿੰਪਾ ਨੇ ਕਿਹਾ
ਡਿੰਪਾ ਨੇ ਕਿਹਾ ਕਿ ਜਿਸ ਕਾਨੂੰਨ ਨੇ ਬੰਦੀ ਸਿੰਘ ਨੂੰ ਸਜ਼ਾ ਦਿੱਤੀ ਸੀ ਤੇ ਉਹ ਪੂਰੀ ਹੋ ਚੁੱਕੀ ਹੈ ਪਰ ਉਹ ਹੋਰ ਵੀ ਕਈ ਸਜ਼ਾਵਾਂ ਭੁਗਤ ਚੁਕੇ ਹਨ। ਉਨ੍ਹਾਂ ਦੀ ਸਜ਼ਾ ਵੀ ਪੂਰੀ ਹੋ ਚੁੱਕੀ ਹੈ ਪਰ ਹੁਣ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜਦੋਂ ਵੀ ਵੋਟਾਂ ਦਾ ਸਮਾਂ ਆਉਂਦਾ ਹੈ, ਭਾਜਪਾ ਉਸੇ ਸਮੇਂ ਇਹ ਖੇਡ ਕਰਦੀ ਹੈ।
ਸਰਹੱਦੀ ਇਲਾਕਿਆਂ ‘ਚ ਡਰੋਨ ਦੀ ਦਹਿਸ਼ਤ
ਪੰਜਾਬ ਦੇ ਸਰਹੱਦੀ ਇਲਾਕੇ ‘ਚ ਡਰੋਨਾਂ ਨੇ ਦਹਿਸ਼ਤ ਮਚਾ ਦਿੱਤੀ ਹੈ। ਉਨ੍ਹਾਂ ਕਿਹਾ ਮੈਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਪੱਤਰ ਵੀ ਲਿਖਿਆ ਹੈ। ਪੰਜਾਬ ਦੇ ਮੁੱਖ ਮੰਤਰੀ ਪੰਜਾਬ ਨਾਲੋਂ ਦੂਜੇ ਰਾਜਾਂ ‘ਚ ਜ਼ਿਆਦਾ ਨਜ਼ਰ ਆਉਂਦੇ ਹਨ। ਸਾਨੂੰ ਬਿਹਤਰ ਤਕਨੀਕ ਦੇਣ ਦੀ ਲੋੜ ਹੈ।