blueberry farm in Canada: ਪੰਜਾਬੀ ਜਿੱਥੇ ਵੀ ਜਾਉਂਦੇ ਹਨ ਆਪਣੀ ਪਛਾਣ ਜ਼ਰੂਰ ਛੱਡ ਜਾਂਦੇ ਹਨ। ਕੈਨੇਡਾ ਅਮਰੀਕਾ ਵਰਗੀਆਂ ਧਰਤੀਆਂ ‘ਤੇ ਪੰਜਾਬ ਦੇ ਲੋਕਾਂ ਨੇ ਆਪਣੀ ਸਖਤ ਮਿਹਨਤ ਸਦਕਾ ਵੱਡੀਆਂ-ਵੱਡੀਆਂ ਮੱਲਾਂ ਮਾਰੀਆਂ ਹਨ। ਇਨ੍ਹਾਂ ਮੱਲਾਂ ‘ਚ ਪੰਜਾਬ ਦੀਆਂ ਕੁੜੀਆਂ ਵੀ ਕਿਸੇ ਤੋਂ ਘੱਟ ਨਹੀਂ ਹਨ। ਉਹ ਭਾਵੇਂ ਜਿਹੜਾ ਮਰਜੀ ਖੇਤਰ ਹੋਵੇ ਪੰਜਾਬ ਦੀਆਂ ਧੀਆਂ ਮੁੰਡਿਆਂ ਨਾਲੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਹਨ। ਇਸ ਦੀਆਂ ਕਈ ਉਦਹਾਰਨਾਂ ਹਨ ਇਸੇ ਤਰ੍ਹਾਂ ਦੀ ਇਕ ਹੋਰ ਉਦਹਾਰਨ ਕੈਨੇਡਾ ਵਿਖੇ ਦੇਖਣ ਨੂੰ ਮਿਲੀ ਹੈ ਜਿੱਥੇ ਕਿ ਪੰਜਾਬ ਦੀ ਗੁਰਸਿੱਖ ਧੀ ਅਮਤੋਜ਼ ਕੌਰ ਨੇ ਮਹਿਜ਼ 23 ਸਾਲਾਂ ਦੀ ਉਮਰ ‘ਚ 60 ਕਿੱਲਿਆਂ ‘ਚ ਬਲੂਬੇਰੀ ਦਾ ਫਾਰਮ ਚਲਾ ਰਹੀ ਹੈ। ਇਸ ਫਾਰਮ ਦੇ ਸਦਕਾ ਉਸ ਨੇ ਆਪਣੀ ਵਖਰੀ ਪਛਾਣ ਤਾਂ ਬਣਾਈ ਹੀ ਹੈ ਇਸਦੇ ਨਾਲ ਹੀ ਆਪਣੀ ਮਿਹਨਤ ਸਦਕਾ ਉਹ ਅੱਜ ਕਈ ਮਹਿੰਗੀਆਂ ਕਾਰਾਂ ਤੇ ਕੋਠੀਆਂ ਦੀ ਮਾਲਕਣ ਵੀ ਹੈ।
ਪ੍ਰੋ-ਪੰਜਾਬ ਟੀਵੀ ਦੇ ਸੰਸਥਾਪਕ ਤੇ ਪੱਤਰਕਾਰ ਯਾਦਵਿੰਦਰ ਸਿੰਘ ਵੱਲੋਂ ਇਸ 60 ਏਕੜ ਦੀ ਮਾਲਿਕ ਪੰਜਾਬੀ ਧੀ ਅਮਤੋਜ਼ ਕੌਰ ਨਾਲ ਗੱਲਬਾਤ ਕੀਤੀ ਗਈ। ਗੱਲਬਾਤ ਦੌਰਾਨ ਅਮਤੋਜ਼ ਨੇ ਦੱਸਿਆ ਕਿ ਮੇਰੀ ਮਾਂ ਤੇ ਮਾਸੀਆਂ ਸਮੇਤ ਫਾਰਮ ‘ਚ ਹੀ ਵੱਡੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਗੁੜਤੀ ਸਾਨੂੰ ਵੀ ਦਿੱਤੀ ਗਈ ਹੈ। ਮੇਰੇ ਪਿਤਾ ਤੇ ਮੇਰੀ ਮਾਂ ‘ਚ ਕੋਈ ਫਰਕ ਨਹੀਂ ਹੈ ਜੋ ਮੇਰੇ ਪਿਤਾ ਕਰ ਸਕਦੇ ਹਨ ਉਹ ਮੇਰੀ ਮਾਂ ਵੀ ਕਰ ਸਕਦੀ ਹੈ ਇਸੇ ਤਰ੍ਹਾਂ ਜੋ ਮੇਰਾ ਭਈ ਕਰ ਸਕਦਾ ਹੈ ਉਹ ਮੈਂ ਵੀ ਕਰ ਸਕਦੀ ਹੈ। ਪੰਜਾਬੀ ਕਲਚਰ ਬਾਰੇ ਗੱਲ ਕਰਦਿਆਂ ਅਮਤੋਜ਼ ਨੇ ਦੱਸਿਆ ਕਿ ਸਾਨੂੰ ਅੰਦਰੋ ਹੀ ਖਿੱਚ ਸੀ ਅਸੀਂ ਗੁਰਦੁਆਰੇ ਜਾਂਦੇ ਹਾਂ ਸਵੇਰੇ ਉੱਠ ਪਾਠ ਕਰਦੇ ਹਾਂ ਅਸੀਂ ਕਦੇ ਵੀ ਆਪਣੇ ਇਤਿਹਾਸ ਤੇ ਕਲਚਰ ਤੋਂ ਵੱਖ ਹੋਏ ਹੀ ਨਹੀਂ ਸ਼ਾਇਦ ਇਸ ਦਾ ਕਾਰਨ ਪੰਜਾਬ ਦੀ ਖਿੱਚ ਹੀ ਹੈ।
ਧੀ ਅਮਤੋਜ਼ ਬਾਰੇ ਜਾਣੋ
ਅਮਤੋਜ਼ ਕੌਰ ਨੇ ਆਪਣੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਇਥੇ ਪੜ੍ਹ ਵੀ ਰਹੇ ਹਨ ਤੇ ਇਸ ਦੇ ਨਾਲ-ਨਾਲ ਇਕ ਫਾਰਮ ਵੀ ਚਲਾ ਰਹੀ ਹੈ। ਇਸ ਦੇ ਨਾਲ ਹੀ ਉਹ ਰਿਅਲਅਸਟੇਟ ਦੇ ਬਿਜਨਸ ‘ਚ ਵੀ ਹੈ।
ਕਿਵੇਂ ਸ਼ੁਰੂ ਹੋਇਆ ਕੰਮ
ਅਮਤੋਜ਼ ਨੇ ਦੱਸਿਆ ਕਿ ਇਹ ਖੇਤੀ ਦਾ ਕੰਮ ਉਨ੍ਹਾਂ ਦੇ ਪਿਤਾ ਵੱਲੋਂ ਸਨ 2000 ‘ਚ ਸ਼ੁਰੂ ਕੀਤਾ ਗਿਆ ਸੀ। ਉਹ ਇੱਥੇ 1995 ‘ਚ ਕੈਨੇਡਾ ਦੀ ਧਰਤੀ ‘ਤੇ ਆਏ ਸੀ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਇਥੇ ਗੁਜਾਰੇ ਲਈ ਛੋਟੇ-ਮੋਟੇ ਕੰਮ ਕੀਤੇ ਗਏ। ਜਿਸ ਤੋਂ ਬਾਅਦ ਉਹ ਮੁੱਖ ਤੌਰ ‘ਤੇ ਕਿਸਾਨੀ ਵਾਲੇ ਪਾਸੇ ਆ ਗਏ।
ਕਿਵੇਂ ਹੁੰਦਾ ਹੈ ਕੰਮ
ਕੰਮ ਬਾਰੇ ਜਾਣਕਾਰੀ ਦਿੰਦੇ ਹੋਏ ਅਮਤੋਜ਼ ਨੇ ਦੱਸਿਆ ਕਿ ਬੇਰੀ ਦੀਆਂ ਕਾਫੀ ਤਰ੍ਹਾਂ ਦੀਆਂ ਕਿਸਮਾਂ ਹੁੰਦੀਆਂ ਹਨ ਜਿਸ ਨੂੰ ਸਿਰਫ ਹੱਥ ਨਾਲ ਹੀ ਤੋੜਿਆ ਜਾਂਦਾ ਹੈ ਪਰ ਬਹੁਤ ਜ਼ਿਆਦਾ ਕਿਸਮਾਂ ਅਜਿਹੀਆਂ ਹਨ ਜੋ ਕਿ ਮਸ਼ੀਨਾਂ ਨਾਲ ਹੀ ਤੋੜੀਆਂ ਜਾਂਦੀਆਂ ਹਨ। ਜਿਸ ਤੋਂ ਬਾਅਦ ਇਸ ਨੂੰ ਹਾਲਸੇਲਰਾਂ ‘ਚ ਭੇਜ ਦਿੱਤੀ ਜਾਂਦੀ ਹੈ। ਜਿਸ ਤੋਂ ਬਾਅਦ ਉਹ ਅੱਗੇ ਦੁਕਾਨਾਂ ਜਾਂ ਮੰਡੀਆਂ ‘ਚ ਭੇਜ ਦਿੰਦੇ ਹਨ।