ਐਸਜੀਪੀਸੀ (SGPC) ਚੋਣਾਂ ਨੂੰ ਲੈ ਕੇ ਇਸ ਵਾਰ ਮਹੌਲ ਕਾਫੀ ਗਰਮ ਹੈ। 9 ਤਰੀਕ ਨੂੰ ਐਸਜੀਪੀਸੀ ਦੀਆਂ ਚੋਣਾਂ ਹੋਣੀਆਂ ਹਨ ਜੋ ਕਿ ਇਸ ਸਮੇਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਹ ਚੋਣਾਂ ਚਰਚਾ ਦਾ ਵਿਸ਼ਾ ਇਸ ਲਈ ਵੀ ਬਣੀਆਂ ਹੋਈਆਂ ਹਨ ਕਿਉਂਕਿ ਅਕਸਰ ਇਹ ਦੇਖਣ ਨੂੰ ਮਿਲਦਾ ਆਇਆ ਹੈ ਕਿ ਐਸਜੀਪੀਸੀ ਪ੍ਰਧਾਨ ਬਾਦਲ ਪਰਿਵਾਰ ਵੱਲੋਂ ਲਾਏ ਜਾਂਦੇ ਹਨ। ਇਸ ਪ੍ਰਮਪਰਾ ‘ਤੇ ਅਕਾਲੀ ਦਲ ਦੀ ਹੀ ਮੈਂਬਰ ਬੀਬੀ ਜਗੀਰ ਕੌਰ ਵੱਲੋਂ ਸਵਾਲ ਚੁੱਕੇ ਗਏ ਸਨ। ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਬੀਬੀ ਜਗੀਰ ਕੌਰ ਨੂੰ ਆਪਣੇ ਫੈਸਲੇ ‘ਤੇ ਵਿਚਾਰ ਕਰਨ ਦਾ ਇੱਕ ਹੋਰ ਮੌਕਾ ਦਿੱਤਾ ਸੀ। ਕਮੇਟੀ ਨੇ ਕਿਹਾ ਕਿ ਬੀਬੀ ਜਗੀਰ ਕੌਰ ਨੂੰ ਚੋਣ ਲੜਨ ਦਾ ਫੈਸਲਾ ਵਾਪਸ ਲੈ ਕੇ ਪਾਰਟੀ ਦੇ ਅਨੁਸ਼ਾਸਨ ਵਿੱਚ ਰਹਿਣਾ ਚਾਹੀਦਾ ਹੈ। ਜਿਸ ‘ਤੇ ‘ਪਾਰਟੀ ਨੇ ਬੀਬੀ ਜਾਗੀਰ ਕੌਰ ਨੂੰ ਅੱਜ 12 ਵਜੇ ਤੱਕ ਦਾ ਅਲਟੀਮੇਟਮ ਦਿੱਤਾ ਸੀ।
ਜਿਸ ਤੋਂ ਬਾਅਦ ਹੁਣ ਬੀਬੀ ਜਗੀਰ ਕੌਰ ਵੱਲੋਂ ਆਪਣੇ ਤਲਖ ਤੇਵਰ ਬਰਕਰਾਰ ਰੱਖਦਿਆਂ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ ਹੈ। ਜਿਸ ‘ਚ ਉਨ੍ਹਾਂ ਐਸਜੀਪੀਸੀ ‘ਚ ਸੁਧਾਰਾਂ ਦੀ ਵਕਾਲਤ ਤੌਰ ਦੁਬਾਰਾ ਜੌਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਐਸਜੀਪੀਸੀ ‘ਚ ਸੁਧਾਰ ਨਹੀਂ ਹੁੰਦਾ ਤਾਂ ਸਭ ਖ਼ਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵੀ ਇਸ ‘ਚ ਸੁਧਾਰ ਦੀ ਗੱਲ ਕਹੀ ਸੀ ਜਿਸ ‘ਤੇ ਵਿਚਾਰ ਨਹੀਂ ਕੀਤਾ ਗਿਆ ਜਿਸ ਕਾਰਨ ਅਕਾਲੀ ਦਲ ਅੱਜ ਹਾਸ਼ੀਏ ‘ਤੇ ਹੈ।