ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹਰਿਆਣਾ ਸਰਕਾਰ ਨੂੰ ਕਿਹਾ ਕਿ ਉਹ ਸੂਬੇ ਵਿੱਚ ਸਿੱਖ ਭਾਵਨਾਵਾਂ ਨੂੰ ਭੜਕਾਉਣ ਵਾਲੀਆਂ ਕਾਰਵਾਈਆਂ ਨੂੰ ਰੋਕੇ ਅਤੇ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਥੇ ਅਕਾਲ ਤਖ਼ਤ ਸਕੱਤਰੇਤ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਖਿਆ ਕਿ ਬੀਤੇ ਦਿਨ ਕੁਰੂਕਸ਼ੇਤਰ ਵਿੱਚ ਕਿਸਾਨਾਂ ਦੇ ਇੱਕ ਸਮਾਗਮ ਵਿੱਚ ਸਿੱਖ ਵੀ ਸ਼ਾਮਲ ਹੋਏ ਸਨ, ਜਿੱਥੇ ਕੁਝ ਗੈਰ-ਸਿੱਖਾਂ ਨੇ ਗਾਤਰੇ ਅਤੇ ਕਿਰਪਾਨਾਂ ਪਾ ਕੇ ਸਿੱਖ ਭਾਵਨਾਵਾਂ ਨੂੰ ਭੜਕਾਉਣ ਵਾਲੀ ਕਾਰਵਾਈ ਕੀਤੀ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀਆਂ ਨੂੰ ਸਿੱਖ ਨੌਜਵਾਨਾਂ ਨੇ ਕਾਬੂ ਕਰ ਲਿਆ ਸੀ, ਪਰ ਬਾਅਦ ਵਿੱਚ ਚਿਤਾਵਨੀ ਦੇ ਕੇ ਛੱਡ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਅਜਿਹੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਸਗੋਂ ਉਨ੍ਹਾਂ ਦੀ ਸ਼ਿਕਾਇਤ ’ਤੇ ਸਿੱਖਾਂ ਖ਼ਿਲਾਫ਼ ਹੀ ਕੇਸ ਦਰਜ ਕੀਤੇ ਹਨ। ਇਸ ਨਾਲ ਸਿੱਖਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਇਹ ਗ਼ੈਰ ਸਿੱਖ ਵਿਅਕਤੀ ਕੋਈ ਦੇਵ ਸੈਨਾ ਨਾਂ ਦੀ ਜਥੇਬੰਦੀ ਨਾਲ ਸਬੰਧਤ ਹਨ। ਇਸ ਜਥੇਬੰਦੀ ਨੇ ਇਕ ਵੀਡੀਓ ਰਾਹੀਂ ਐਲਾਨ ਕੀਤਾ ਹੈ ਕਿ ਉਹ 21 ਅਗਸਤ ਨੂੰ ਮੁੜ ਗਾਤਰੇ ਤੇ ਕਿਰਪਾਨਾਂ ਪਹਿਨਣਗੇ। ਉਨ੍ਹਾਂ ਕਿਹਾ ਕਿ ਇਹ ਕਕਾਰ ਅੰਮ੍ਰਿਤਧਾਰੀ ਸਿੱਖ ਹੀ ਪਹਿਨ ਸਕਦੇ ਹਨ। ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਕਿ ਉਪਰੋਕਤ ਕਾਰਵਾਈ ਸਿੱਖਾਂ ਅਤੇ ਹਿੰਦੂਆਂ ਵਿਚਾਲੇ ਪਾੜਾ ਪਾਉਣ ਦੀ ਕੋਈ ਸਾਜ਼ਿਸ਼ ਵੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਇਸ ਦੇਵ ਸੈਨਾ ਨੂੰ ਅਜਿਹਾ ਕਰਨ ਤੋਂ ਰੋਕੇ ਅਤੇ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਇਸ ਤੋਂ ਨਿਕਲਣ ਵਾਲੇ ਸਿੱਟਿਆਂ ਲਈ ਸੂਬਾ ਸਰਕਾਰ ਤੇ ਪ੍ਰਸ਼ਾਸਨ ਦੋਵੇਂ ਜ਼ਿੰਮੇਵਾਰ ਹੋਣਗੇ।