ਅੱਜ ਚਾਰ ਜਥੇਬੰਦੀ ਪੀ. ਐੱਸ.ਯੂ., ਏ.ਆਈ.ਐੱਸ.ਐੱਫ., ਐੱਸ.ਐੱਫ.ਆਈ. ਅਤੇ ਡੀ.ਐੱਸ.ਓ. ਦੇ ਸਾਂਝੇ ਵਿਦਿਆਰਥੀ ਮੋਰਚੇ ਵੱਲੋਂ ਵਿਦਿਆਰਥੀਆਂ ਦਾ ਭਾਰੀ ਇੱਕਠ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਫੀਸਾਂ ਦੇ ਵਾਧੇ ਖਿਲਾਫ ਇੱਕ ਵੰਗਾਰ-ਰੈਲੀ ਕੀਤੀ ਗਈ, ਕਿਉਂਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਫੀਸ ਵਾਧਾ ਅਤੇ ਸਰਕਾਰ ਵੱਲੋਂ ਗ੍ਰਾਂਟ ਦੇਣ ਵਿੱਚ ਕੀਤੀ ਜਾ ਰਹੀ ਟਾਲ-ਮਟੋਲ ਦਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿੱਚ ਭਾਰੀ ਰੋਹ ਪਾਇਆ ਜਾ ਰਿਹਾ ਹੈ।
ਇਹ ਵਿਰੋਧ ਉਸ ਵੇਲੇ ਨਵਾਂ ਮੋੜ ਲੈ ਗਿਆ ਜਦੋਂ ਵਿਦਿਆਰਥੀਆਂ ਨੇ ਵਿਦਿਆਰਥੀ ਜਥੇਬੰਦੀਆਂ ਦੀ ਅਗਵਾਈ ਯੂਨੀਵਰਸਿਟੀ ਕੈਂਪਸ ਵਿੱਚ ਕਾਂਗਰਸੀ ਆਗੂਆਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ। ਉਨ੍ਹਾਂ ਇੱਕ ਪਰਚਾ ਅਤੇ ਪੋਸਟਰ ਜਾਰੀ ਕਰਦਿਆਂ ਕਿਹਾ ਕਿ ਜੇਕਰ ਕੋਈ ਕਾਂਗਰਸੀ ਆਗੂ ਯੂਨੀਵਰਸਿਟੀ ਵਿੱਚ ਦਾਖਲ ਹੋਵੇਗਾ ਤਾਂ ਉਨ੍ਹਾਂ ਦਾ ਘਿਰਾਅ ਕਰਕੇ ਜਬਰਦਸਤ ਵਿਰੋਧ ਕੀਤਾ ਜਾਵੇਗਾ।
ਜਾਰੀ ਕੀਤੇ ਪੋਸਟਰ ਉੱਤੇ ਪੰਜਾਬ ਦੇ ਮੁੱਖ-ਮੰਤਰੀ ਅਮਰਿੰਦਰ ਸਿੰਘ, ਕਾਂਗਰਸ ਪ੍ਰਧਾਨ ਨਵਜੋਤ ਸਿੱਧੂ, ਪ੍ਰਨੀਤ ਕੌਰ, ਉੱਚ-ਸਿੱਖਿਆ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ, ਅਤੇ ਯੂਨੀਵਰਸਿਟੀ ਦੇ ਸਿੰਡੀਕੇਟ ਮੈਂਬਰ ਹੈਰੀ ਮਾਨ ਦੀਆਂ ਫੋਟੋਆਂ ਹਨ ਜਿਹਨਾਂ ਨੂੰ ਵੰਗਾਰ ਰੈਲੀ ਕਰਕੇ ਯੂਨੀਵਰਸਿਟੀ ਦੇ ਮੁੱਖ ਗੇਟ ਅਤੇ ਲਾਇਬਰੇਰੀ ਦੇ ਸਾਹਮਣੇ ਬੰਨਿਆ ਗਿਆ।