ਬਰਨਾਲਾ: ਪੰਜਾਬ ਦੇ ਗੁਰਦਾਸਪੁਰ ਦੇ ਪਿੰਡ ਬਰਨਾਲਾ ‘ਚ ਗਲੀ ‘ਤੇ ਕਬਜ਼ੇ ਨੂੰ ਲੈ ਕੇ 2 ਧਿਰਾਂ ਵਿਚ ਜ਼ਬਰਦਸਤ ਟਕਰਾਅ ਹੋਇਆ। ਜਿੱਥੇ ਕੁੱਝ ਨੌਜਵਾਨਾਂ ਵਲੋਂ ਗੁੰਡਾਗਰਦੀ ਕਰਦਿਆਂ ਸ਼ਰੇਆਮ ਹਥਿਆਰਾਂ ਲਹਿਰਾਏ ਗਏ। ਇਸ ਦੀ ਇੱਕ ਵੀਡਿਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਰਹੀ ਹੈ। ਇਸ ਦੇ ਨਾਲ ਹੀ ਦੋਵਾਂ ਧਿਰਾਂ ਵੱਲੋਂ ਇੱਕ-ਦੂਜੇ ‘ਤੇ ਧੱਕਾਸ਼ਾਹੀ ਕਰਨ ਦੇ ਦੋਸ਼ ਲਗਾਏ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਲੇਸ਼ ਕੁਮਾਰੀ ਨੇ ਦੱਸਿਆ ਕਿ ਉਹ ਗੁਰਦਾਸਪੁਰ ਦੇ ਪਿੰਡ ਬਰਨਾਲਾ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ ਗਵਾਂਢੀ ਮਦਨ ਲਾਲ ਨਾਲ ਗਲੀ ਦੇ ਕਬਜ਼ੇ ਨੂੰ ਲੈ ਕੇ ਝਗੜਾ ਚਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਕੋਰਟ ਕੇਸ ਵੀ ਚੱਲ ਰਿਹਾ ਸੀ, ਜੋ ਅਸੀਂ ਜਿੱਤੇ ਸੀ ਤੇ ਹੁਣ ਇਨ੍ਹਾਂ ਵੱਲੋਂ ਹਾਈ ਕੋਰਟ ਵਿਚ ਅਪੀਲ ਕੀਤੀ ਗਈ ਹੈ। ਜਿੱਥੇ ਕਿ ਇਨ੍ਹਾਂ ਵੱਲੋਂ ਖੁਦ ਹੀ ਕੇਸ ਵਾਪਸ ਲੈ ਲਿਆ ਗਿਆ।
ਕਮਲੇਸ਼ ਕੁਮਾਰੀ ਨੇ ਅੱਗੇ ਕਿਹਾ ਕਿ ਮਦਨ ਲਾਲ ਵੱਲੋਂ ਸਾਡੇ ਨਾਲ ਬਹਿ ਕੇ ਸਮਝੌਤਾ ਕੀਤਾ ਗਿਆ। ਇਸ ਦੌਰਾਨ ਕਿਹਾ ਗਿਆ ਸੀ ਕਿ ਉਹ ਗਲੀ ਵਿਚ ਕੰਧ ਨਹੀਂ ਕੱਢਣਗੇ। ਹੁਣ ਉਕਤ ਮਹਿਲਾ ਨੇ ਇਲਜ਼ਾਮ ਲਗਾਏ ਕਿ ਮਦਨ ਲਾਲ ਵੱਲੋਂ ਕੁਝ ਗੁੰਡੇ ਸੱਦੇ ਗਏ। ਜਿਨ੍ਹਾਂ ਨੇ ਹਥਿਆਰ ਫੜੇ ਹੋਏ ਸੀ ਤੇ ਸਾਡੇ ਨਾਲ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ।
ਉੱਥੇ ਹੀ ਦੂਜੀ ਧਿਰ ਮਦਨ ਲਾਲ ਨੇ ਦੱਸਿਆ ਕਿ ਸਾਡੇ ਘਰ ਦੇ ਅੱਗੇ ਜਿਹੜੀ ਗਲੀ ਹੈ ਉਹ ਸਾਡੀ ਥਾਂ ਹੈ। ਉਨ੍ਹਾਂ ਨੇ ਵੀ ਦਾਅਵਾ ਕੀਤਾ ਕੀ ਅਸੀਂ ਕੇਸ ਜਿੱਤੇ ਹਾਂ, ਜਿਸ ਕਰਕੇ ਅਸੀਂ ਆਪਣੀ ਥਾਂ ‘ਤੇ ਕੰਧ ਕੱਢ ਰਹੇ ਸੀ ਪਰ ਕਮਲੇਸ਼ ਕੁਮਾਰੀ ਦੇ ਪਰਿਵਾਰ ਵੱਲੋਂ ਗੁੰਡੇ ਬੁਲਾਏ ਗਏ ਤੇ ਸਾਡੇ ਨਾਲ ਦੁਰ-ਵਿਵਹਾਰ ਕੀਤਾ ਗਿਆ।
ਇਸ ਸਬੰਧੀ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਪੁਲਿਸ ਵੱਲੋਂ ਤੁਰੰਤ ਮੌਕੇ ‘ਤੇ ਪਹੁੰਚ ਕੇ ਕੰਮ ਨੂੰ ਰੋਕਿਆ ਗਿਆ। ਇਸ ਮਾਮਲੇ ‘ਚ ਦੋਵੇਂ ਧਿਰਾਂ ਇੱਕ ਦੂਜੇ ‘ਤੇ ਇਲਜ਼ਾਮਬਾਜ਼ੀ ਕਰ ਰਹੀਆਂ ਹਨ।