Amritsar/New Delhi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਗੁਹਾਰ ਲਾਉਂਦਿਆਂ ਪ੍ਰਵਾਸੀ ਪੰਜਾਬੀ ਭਾਈਚਾਰੇ ਦੇ ਚੇਤੰਨ ਆਗੂਆਂ ਨੇ ਹਾਲ ਹੀ ’ਚ ਕੈਨੇਡਾ ਅਤੇ ਭਾਰਤ ਦਰਮਿਆਨ ਹਵਾਈ ਆਵਾਜਾਈ ਸਮਝੌਤੇ ਵਿਚੋਂ ਪੰਜਾਬ ਨੂੰ ਬਾਹਰ ਰੱਖਣ ’ਤੇ ਮੁੜ ਵਿਚਾਰ ਕਰਨ ਅਤੇ ਏਅਰ ਇੰਡੀਆ ਦੀ ਅੰਮ੍ਰਿਤਸਰ ਤੋਂ ਟੋਰਾਂਟੋ ਅਤੇ ਵੈਨਕੂਵਰ ਲਈ ਉਡਾਣਾਂ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ।
ਕੌਮੀ ਘੱਟ ਗਿਣਤੀਆਂ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਰਾਹੀਂ ਪ੍ਰਧਾਨ ਮੰਤਰੀ ਨੂੰ ਭਾਜਪਾ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਵੱਲੋਂ ਭੇਜੇ ਗਏ ਪੱਤਰ ਵਿਚ ਕੈਨੇਡਾ ਦੇ ਨਾਮਵਰ ਮੀਡੀਆ ਸ਼ਖ਼ਸੀਅਤ ਤੇ ਸਮਾਜ ਸੇਵੀ ਪ੍ਰੋ: ਕੁਲਵਿੰਦਰ ਸਿੰਘ ਛੀਨਾ, ਫਲਾਈ ਅੰਮ੍ਰਿਤਸਰ ਇਨੀਸ਼ੈਟਿਵ ਦੇ ਕਨਵੀਨਰ ਅਨੰਤ ਦੀਪ ਸਿੰਘ ਢਿੱਲੋਂ ਅਤੇ ਮੋਹਿਤ ਧੰਜੂ ਨੇ ਕਿਹਾ ਕਿ ਕੈਨੇਡਾ ਲਈ ਅੰਮ੍ਰਿਤਸਰ ਤੋਂ ਸਿੱਧੀਆਂ ਉਡਾਣਾਂ ਦੀ ਸ਼ੁਰੂਆਤ ਮੋਦੀ ਦੀ ਗਤੀਸ਼ੀਲ ਅਗਵਾਈ ਹੇਠ ਭਾਰਤ ਸਰਕਾਰ ਵੱਲੋਂ ਭਾਰਤ ਅਤੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਅਤੇ ਸਿੱਖ ਭਾਈਚਾਰੇ ਲਈ ਇੱਕ ਹੋਰ ਇਤਿਹਾਸਕ ਫ਼ੈਸਲਾ ਅਤੇ ਤੋਹਫ਼ਾ ਹੋਵੇਗਾ, ਜੋ ਸਕਾਰਾਤਮਿਕ ਅਤੇ ਸਦਭਾਵਨਾ ਦੇ ਸੰਦੇਸ਼ ਨੂੰ ਪ੍ਰਫੁੱਲਿਤ ਕਰਨ ਵਿੱਚ ਬਹੁਤ ਮਦਦਗਾਰ ਸਾਬਿਤ ਹੋਵੇਗੀ।
ਉਨ੍ਹਾਂ ਕਿਹਾ ਕਿ ਕੈਨੇਡਾ ਨਾਲ ਕੀਤੇ ਗਏ ਨਵਾਂ ਸਮਝੌਤੇ ਵਿਚ ਕੈਨੇਡਾ ਤੋਂ ਭਾਰਤ ਵਿੱਚ ਦਿੱਲੀ, ਮੁੰਬਈ, ਬੰਗਲੌਰ, ਚੇਨਈ, ਹੈਦਰਾਬਾਦ ਅਤੇ ਕੋਲਕਾਤਾ ਦੇ 6 ਅੰਤਰਰਾਸ਼ਟਰੀ ਹਵਾਈ ਅੱਡਿਆਂ ਨੂੰ ਸ਼ਾਮਲ ਕੀਤੇ ਗਏ। ਪਰ ਅਫ਼ਸੋਸ ਦੀ ਗੱਲ ਹੈ ਕਿ ਕੈਨੇਡਾ ਵਿੱਚ ਵੱਸਦੇ ਬਹੁਗਿਣਤੀ ਭਾਰਤੀ ਪੰਜਾਬੀ ਪ੍ਰਵਾਸੀ ਅਤੇ ਪੰਜਾਬ ਦੇ ਲੋਕਾਂ ਦੀ ਚਿਰੋਕਣੀ ਮੰਗ ਦੇ ਬਾਵਜੂਦ ਪੰਜਾਬ ਦੇ ਅੰਮ੍ਰਿਤਸਰ ਜਾਂ ਚੰਡੀਗੜ੍ਹ ਦੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਨੂੰ ਅਣਗੌਲਿਆ ਕਰ ਦਿੱਤਾ ਗਿਆ। ਜੋ ਕਿ ਕੈਨੇਡਾ ਤੋਂ ਆਉਣ ਵਾਲੇ ਜ਼ਿਆਦਾਤਰ ਯਾਤਰੀਆਂ ਦੀ ਮੰਜ਼ਿਲ ਵੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਿੱਖਾਂ ਦਾ ਕੌਮੀ ਘਰ ਹੈ ਤਾਂ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਸਿੱਖ ਧਰਮ ਦਾ ਕੇਂਦਰੀ ਧੁਰਾ ਹੈ ਅਤੇ ਜਿਸ ਦੇ ਦਰਸ਼ਨਾਂ ਲਈ ਵਿਸ਼ਵ ਭਰ ਦੇ ਲੋਕ ਆਉਂਦੇ ਹਨ। ਇਸ ਦੀ ਸਿੱਖਾਂ ’ਚ ਅਹਿਮੀਅਤ ਤੋਂ ਹਰ ਕੋਈ ਵਾਕਿਫ ਹੈ। ਕੈਨੇਡਾ ਅਤੇ ਪੰਜਾਬ ਵਿਚ ਸਿੱਧੀਆਂ ਉਡਾਣਾਂ ਨਾ ਮਿਲਣ ਕਾਰਨ ਯਾਤਰੀਆਂ ਨੂੰ ਵਾਧੂ ਪੈਸਾ ਅਤੇ ਸਮਾਂ ਖ਼ਰਚ ਕਰਨਾ ਪੈਂਦਾ ਹੈ ਅਤੇ ਸੜਕ ਹਾਦਸਿਆਂ ਵਰਗੇ ਭਾਰੀ ਅਸੁਵਿਧਾ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨ੍ਹਾਂ ਦੱਸਿਆ ਕਿ ਨਵੇਂ ਸਮਝੌਤੇ ’ਚ ਸ਼ਾਮਿਲ ਦੱਖਣੀ ਭਾਰਤ ਦੇ ਦੋ ਸ਼ਹਿਰਾਂ ਬੈਂਗਲੋਰ ਅਤੇ ਚੇਨਈ ਦੀ ਦੂਰੀ ਸਿਰਫ਼ 300 ਕਿੱਲੋਮੀਟਰ ਹੈ ਅਤੇ ਇਸ ਖੇਤਰ ਦੇ ਕੰਨੜ ਬੋਲਣ ਵਾਲਿਆਂ ਦੀ ਗਿਣਤੀ ਕੈਨੇਡਾ ਵਿੱਚ ਸਿਰਫ਼ ਵੀਹ ਹਜ਼ਾਰ ਹੈ। ਇਥੋਂ ਲਈ ਕੈਨੇਡਾ ਤੋਂ ਕੇਵਲ 3 ਫੀਸਦੀ ਯਾਤਰੀ ਸਫਰ ਕਰਦੇ ਹਨ। ਦੂਜੇ ਪਾਸੇ ਅੰਮ੍ਰਿਤਸਰ( ਪੰਜਾਬ) ਅਤੇ ਦਿੱਲੀ ਵਿਚਕਾਰ 500 ਕਿੱਲੋਮੀਟਰ ਦੀ ਦੂਰੀ ਹੈ।
ਇਹ ਵੀ ਪੜ੍ਹੋ : Big Breaking : ਗੈਂਗਸਟਰ ਗੋਲਡੀ ਬਰਾੜ ਗ੍ਰਿਫ਼ਤਾਰ !
ਕੈਨੇਡਾ ਦੀ ਤਾਜ਼ਾ ਮਰਦਮਸ਼ੁਮਾਰੀ ਦੇ ਅਨੁਸਾਰ, ਇੱਥੇ ਲਗਭਗ 10 ਲੱਖ (763, 785) ਪੰਜਾਬੀ ਬੋਲਣ ਵਾਲੇ ਲੋਕ ਰਹਿੰਦੇ ਹਨ ਜੋ ਇਸ ਦੇਸ਼ ਦੀ ਆਬਾਦੀ ਦਾ 2.6 ਪ੍ਰਤੀਸ਼ਤ ਹੈ। ਉਨ੍ਹਾਂ ਅੱਗੇ ਕਿਹਾ ਕਿ ਕੈਨੇਡਾ ਜਾਣ ਵਾਲੇ 5 ਲੱਖ ਸਾਲਾਨਾ ਯਾਤਰੀਆਂ ਵਿਚੋਂ ਦਿੱਲੀ ਤੋਂ ਏਅਰ ਇੰਡੀਆ ਅਤੇ ਏਅਰ ਕੈਨੇਡਾ ਦੀਆਂ ਉਡਾਣਾਂ ਵਿੱਚ ਲਗhਗ 70-80% ਯਾਤਰੀ ਪੰਜਾਬ ਤੋਂ ਆਉਂਦੇ ਹਨ।
ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਦੇ ਟਰਾਂਸਪੋਰਟ ਮੰਤਰੀ ਓਮਰ ਅਲਘਬਰਾ ਨੇ ਅੰਮ੍ਰਿਤਸਰ ਲਈ ਉਡਾਣਾਂ ’ਚ ਭਾਰਤ ਸਰਕਾਰ ਨੂੰ ਅੜਿੱਕਾ ਦੱਸਿਆ ਹੈ। ਇਸ ਲਈ ਸਮਝੌਤੇ ਵਿਚ ਸੋਧ ਕਰਦਿਆਂ ਏਅਰ ਕੈਨੇਡਾ ਨੂੰ ਅੰਮ੍ਰਿਤਸਰ ਲੈਂਡ ਕਰਨ ਦੀ ਸਹੂਲਤ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਤੋਂ ਕੈਨੇਡੀਅਨ ਰੂਟਾਂ ‘ਤੇ ਸਿੱਧੀ ਉਡਾਣ ਏਅਰ ਇੰਡੀਆ ਲਈ ਵੀ ਲਾਭਦਾਇਕ ਵਿਕਲਪ ਹੋਵੇਗੀ ਕਿਉਂਕਿ ਦਿੱਲੀ ਤੋਂ ਉਡਾਣਾਂ ਦੇ ਮੁਕਾਬਲੇ ਏਅਰ ਕੈਨੇਡਾ ਜਾਂ ਹੋਰ ਵਿਦੇਸ਼ੀ ਏਅਰਲਾਈਨਾਂ ਨਾਲ ਕੋਈ ਮੁਕਾਬਲਾ ਨਹੀਂ ਹੋਵੇਗਾ।
ਉਨ੍ਹਾਂ ਦੱਸਿਆ ਕਿ 2005 ਅਤੇ 2010 ਦੇ ਵਿਚਕਾਰ, ਏਅਰ ਇੰਡੀਆ ਨੇ ਬਰਮਿੰਘਮ ਅਤੇ ਲੰਡਨ ਰਾਹੀਂ ਅੰਮ੍ਰਿਤਸਰ ਅਤੇ ਟੋਰਾਂਟੋ ਵਿਚਕਾਰ ਸਿੱਧੀਆਂ ਉਡਾਣਾਂ ਨੂੰ ਸਫਲਤਾਪੂਰਵਕ ਚਲਾਇਆ ਸੀ। ਇਸ ਰੂਟ ਨੂੰ ਇਸ ਦੇ ਇਤਿਹਾਸ ਵਿੱਚ ਏਅਰਲਾਈਨਜ਼ ਲਈ ਸਭ ਤੋਂ ਵੱਧ ਲਾਭਕਾਰੀ ਰੂਟਾਂ ਵਿੱਚੋਂ ਇੱਕ ਕਿਹਾ ਗਿਆ ਸੀ। ਬਾਅਦ ਵਿੱਚ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਲਈ ਦਿੱਲੀ ਨੂੰ ਇਸ ਦੇ ਮੁੱਖ ਕੇਂਦਰ ਵਜੋਂ ਵਰਤਣ ਲਈ ਕੰਪਨੀ ਦੀ ਨਵੀਂ ਨੀਤੀ ਦੇ ਕਾਰਨ ਉਡਾਣਾਂ ਨੂੰ ਦਿੱਲੀ ਰਾਹੀਂ ਰੂਟ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਟੋਰਾਂਟੋ, ਵੈਨਕੂਵਰ ਅਤੇ ਹੋਰ ਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਯਾਤਰੀਆਂ ਨੂੰ ਆਵਾਜਾਈ ਵਿੱਚ 6 ਤੋਂ 10 ਘੰਟੇ ਤੱਕ ਉਡੀਕ ਕਰਨੀ ਪੈਂਦੀ ਹੈ। ਉਨ੍ਹਾਂ ਏਅਰ ਇੰਡੀਆ ਸਮੇਤ ਪ੍ਰਮੁੱਖ ਭਾਰਤੀ ਏਅਰਲਾਈਨਾਂ ਨੂੰ ਅੰਮ੍ਰਿਤਸਰ ਤੋਂ ਉਡਾਣਾਂ ਸ਼ੁਰੂ ਕਰਨ ਲਈ ਜ਼ਰੂਰੀ ਤੌਰ ‘ਤੇ ਉਤਸ਼ਾਹਿਤ ਕਰਨ ਲਈ ਕਿਹਾ।
ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਕੈਨੇਡਾ ਅਤੇ ਯੂ ਏ ਈ ਸਮੇਤ ਕਈ ਹੋਰ ਦੇਸ਼ਾਂ ਤੋਂ ਸਿੱਧੀਆਂ ਉਡਾਣਾਂ ਦੀ ਆਗਿਆ ਦੇਣ ਲਈ ਦੁਵੱਲੇ ਹਵਾਈ ਸੇਵਾ ਸਮਝੌਤਿਆਂ ਵਿੱਚ ਅੰਮ੍ਰਿਤਸਰ ਨੂੰ ਸ਼ਾਮਲ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਇਸ ਨਾਲ ਯਾਤਰੀਆਂ ਦਾ ਜੀਵਨ ਤੇ ਸਫ਼ਰ ਆਸਾਨ ਅਤੇ ਸੁਵਿਧਾਜਨਕ ਹੋ ਜਾਵੇਗਾ। ਉੱਥੇ ਹੀ ਅੰਮ੍ਰਿਤਸਰ ਲਈ ਧਾਰਮਿਕ ਸੈਰ-ਸਪਾਟਾ ਅਤੇ ਆਰਥਿਕਤਾ ਨੂੰ ਹੁਲਾਰਾ ਦੇਣਗੀਆਂ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h