ਯੂਨੀਵਰਸਿਟੀ ‘ਚ ਵਾਪਰੀਆਂ ਅਣਸੁਖਾਵੀਆਂ ਘਟਨਾਵਾਂ ਦੇ ਪ੍ਰਸੰਗ ‘ਚ ਪੰਜਾਬ ਅੰਦਰ ਜਨਤਕ ਜਮਹੂਰੀ ਲਹਿਰ ਤੇ ਸਾਹਿਤਕ ਸਭਿਆਚਾਰਕ ਲਹਿਰ ਦੇ ਵੱਖ ਵੱਖ ਖੇਤਰਾਂ ‘ਚ ਸਰਗਰਮ ਸ਼ਖਸੀਅਤਾਂ ਦਾ ਇੱਕ ਵਫਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੀ. ਸੀ. ਨੂੰ ਮਿਲਿਆ । ਵਫ਼ਦ ਵੱਲੋਂ ਯੂਨੀਵਰਸਿਟੀ ‘ਚ ਉਸਾਰੂ ਤੇ ਜਮਹੂਰੀ ਵਿਦਿਅਕ ਮਾਹੌਲ ਦੇ ਸਰੋਕਾਰਾਂ ਨੂੰ ਸਾਂਝਾ ਕਰਦਿਆਂ ਇੱਕ ਮੰਗ ਪੱਤਰ ਦਿੱਤਾ ਗਿਆ। ਵਫ਼ਦ ਨੇ ਮੰਗ ਕੀਤੀ ਕਿ ਡਾ. ਸੁਰਜੀਤ ਸਿੰਘ ਦੀ ਮੁਅੱਤਲੀ ਦਾ ਕਦਮ ਵਾਪਸ ਲਿਆ ਜਾਵੇ ,ਯੂਨੀਵਰਸਿਟੀ ਦੇ ਵਿਦਿਅਕ ਮਾਹੌਲ ਦੀ ਰਾਖੀ ਲਈ ਬਣਦੇ ਕਦਮ ਲਏ ਜਾਣ, ਵਿਦਿਆਰਥਣ ਜਸ਼ਨਦੀਪ ਕੌਰ ਦੀ ਖੁਦਕੁਸ਼ੀ ਦੀ ਝੂਠੀ ਅਫਵਾਹ ਫੈਲਾਉਣ ਵਾਲੇ ਦੋਸ਼ੀਆਂ ਦੀ ਪੜਤਾਲ ਕੀਤੀ ਜਾਵੇ ਤੇ ਉਹਨਾਂ ਦੇ ਮੰਤਵਾਂ ਨੂੰ ਲੋਕਾਂ ਸਾਹਮਣੇ ਲਿਆਂਦਾ ਜਾਵੇ, ਡਾ. ਸੁਰਜੀਤ ਸਿੰਘ ‘ਤੇ ਹਮਲੇ ਦੇ ਦੋਸ਼ੀਆਂ ਖਿਲਾਫ ਢੁਕਵੀਂ ਪੜਤਾਲ ਤੇ ਕਾਰਵਾਈ ਮੁਕੰਮਲ ਕੀਤੀ ਜਾਵੇ।
ਪ੍ਰੈਸ ਲਈ ਜਾਣਕਾਰੀ ਜਾਰੀ ਕਰਦਿਆਂ ਵਫ਼ਦ ‘ਚ ਸ਼ਾਮਲ ਮੈਂਬਰਾਂ ਨੇ ਕਿਹਾ ਕਿ ਪਿਛਲੇ ਸਾਲ ਸਤੰਬਰ ਮਹੀਨੇ ਪੰਜਾਬੀ ਯੂਨੀਵਰਸਿਟੀ ‘ਚ ਵਾਪਰੀਆਂ ਅਣਸੁਖਾਵੀਆਂ ਘਟਨਾਵਾਂ ਸਾਡੇ ਸਭਨਾਂ ਦੇ ਸਰੋਕਾਰ ਤੇ ਫਿਕਰ ਦਾ ਮਸਲਾ ਹਨ। ਯੂਨੀਵਰਸਿਟੀ ਦੀ ਵਿਦਿਆਰਥਣ ਜਸ਼ਨਦੀਪ ਕੌਰ ਦੀ ਅਫਸੋਸਨਾਕ ਮੌਤ ਤੋਂ ਮਗਰੋਂ ਡਾ. ਸੁਰਜੀਤ ਸਿੰਘ ‘ਤੇ ਹੋਏ ਹਿੰਸਕ ਹਮਲੇ ਨੂੰ ਅਸੀਂ ਜਿੱਥੇ ਲੋਕ ਪੱਖੀ ਜਮਹੂਰੀ ਲਹਿਰ ਦੇ ਇੱਕ ਸੰਗੀ ਨਾਲ ਧੱਕੇਸ਼ਾਹੀ ਤੇ ਧੌਂਸਗਿਰੀ ਦੀ ਕਾਰਵਾਈ ਵਜੋਂ ਵੇਖਦੇ ਹਾਂ ਓਥੇ ਅਸੀਂ ਇਸ ਮੰਦਭਾਗੀ ਘਟਨਾ ਨੂੰ ਯੂਨੀਵਰਸਿਟੀ ਦੇ ਉਸਾਰੂ, ਜਮਹੂਰੀ ਤੇ ਵਿਦਿਅਕ ਮਾਹੌਲ ਦੀਆਂ ਜਰੂਰਤਾਂ ਨਾਲ ਟਕਰਾਅ ਵਜੋਂ ਵੀ ਦੇਖਦੇ ਹਾਂ। ਇਸ ਹਿੰਸਕ ਹਮਲੇ ‘ਚ ਸੁਆਰਥੀ ਮੰਤਵਾਂ ਵਾਲੀਆਂ ਅਜਿਹੀਆਂ ਤਾਕਤਾਂ ਦਾ ਰੋਲ ਦੇਖਿਆ ਤੇ ਪਛਾਣਿਆ ਜਾਣਾ ਚਾਹੀਦਾ ਹੈ ਜਿੰਨਾਂ ਨੇ ਤਾਕਤਾਂ ਆਪਣੇ ਸੌੜੇ ਖੁਦਗਰਜ਼ ਹਿਤਾਂ ਲਈ ਯੂਨੀਵਰਸਿਟੀ ਦਾ ਵਿਦਿਅਕ ਮਾਹੌਲ ਤੱਕ ਨੂੰ ਦਾਅ ‘ਤੇ ਲਾਇਆ ਹੈ। ਅਜਿਹੇ ਮਨਸੂਬਿਆਂ ਤਹਿਤ ਪਹਿਲਾਂ ਯੂਨੀਵਰਸਿਟੀ ਦੀ ਵਿਦਿਆਰਥਣ ਜਸ਼ਨਦੀਪ ਕੌਰ ਦੀ ਬਿਮਾਰੀ ਕਾਰਨ ਹੋਈ ਮੌਤ ਨੂੰ ਸਾਜਿਸ਼ ਤਹਿਤ ਖੁਦਕੁਸ਼ੀ ਵਜੋਂ ਪ੍ਰਚਾਰਿਆ ਗਿਆ, ਇਸ ਲਈ ਡਾ. ਸੁਰਜੀਤ ਨੂੰ ਦੋਸ਼ੀ ਦੱਸ ਕੇ ਵਿਦਿਆਰਥੀਆਂ ਨੂੰ ਗੁੰਮਰਾਹ ਕੀਤਾ ਗਿਆ ਤੇ ਭੜਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ।
ਮਗਰੋਂ ਯੂਨੀਵਰਸਿਟੀ ਦੀ ਪੜਤਾਲ ‘ਚ ਵੀ ਇਹ ਸਾਹਮਣੇ ਆ ਚੁੱਕਿਆ ਹੈ ਕਿ ਵਿਦਿਆਰਥਣ ਦੀ ਮੌਤ ਦੀ ਘਟਨਾ ‘ਚ ਡਾ. ਸੁਰਜੀਤ ਸਿੰਘ ਦਾ ਕੋਈ ਰੋਲ ਨਹੀਂ ਸੀ ਤਾਂ ਅਜਿਹੀ ਅਫਵਾਹ ਫੈਲਾਉਣ, ਵਿਦਿਆਰਥੀਆਂ ਨੂੰ ਗੁੰਮਰਾਹ ਕਰਨ ਤੇ ਡਾ.ਸੁਰਜੀਤ ‘ਤੇ ਹਮਲੇ ਲਈ ਭੜਕਾਉਣ ਵਾਲੀਆਂ ਤਾਕਤਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਤੇ ਉਹਨਾਂ ਦੇ ਮੰਤਵਾਂ ਨੂੰ ਲੋਕਾਂ ਸਾਹਮਣੇ ਨਸ਼ਰ ਕੀਤਾ ਜਾਣਾ ਚਾਹੀਦਾ ਸੀ ਤਾਂ ਕਿ ਅਗਾਂਹ ਤੋਂ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨਾ ਵਾਪਰਨ ਅਤੇ ਯੂਨੀਵਰਸਿਟੀ ਦੇ ਜਮਹੂਰੀ ਤੇ ਉਸਾਰੂ ਵਿਦਿਅਕ ਮਾਹੌਲ ਨੂੰ ਯਕੀਨੀ ਬਣਾਇਆ ਜਾ ਸਕੇ। ਅਸੀਂ ਸਮਝਦੇ ਹਾਂ ਕਿ ਇਹਨਾਂ ਦੋਸ਼ੀਆਂ ਨੂੰ ਕਟਹਿਰੇ ‘ਚ ਲਿਆਂਦੇ ਬਗੈਰ ਯੂਨੀਵਰਸਟੀ ਅੰਦਰ ਉਸਾਰੂ ਵਿਦਿਅਕ ਅਮਲ ਦੀ ਜਾਮਨੀ ਨਹੀਂ ਹੋ ਸਕਦੀ।
ਵਿਦਿਆਰਥੀਆਂ ਨੂੰ ਸਾਜਿਸ਼ੀ ਢੰਗ ਨਾਲ ਭੜਕਾਉਣ ਮਗਰੋਂ ਹਾਲਾਂਕਿ ਡਾ. ਸੁਰਜੀਤ ‘ਤੇ ਹਿੰਸਕ ਹਮਲਾ ਹੋਇਆ ਪਰ ਮਗਰੋਂ ਡਾ. ਸੁਰਜੀਤ ਨੂੰ ਹੀ ਵਿਦਿਆਰਥੀਆਂ ਨਾਲ ਵਿਹਾਰ ਦਾ ਹਵਾਲਾ ਦੇ ਕੇ ਮੁੱਅਤਲ ਕਰ ਦਿੱਤਾ ਗਿਆ। ਅਸੀਂ ਸਮਝਦੇ ਹਾਂ ਕਿ ਡਾ. ਸੁਰਜੀਤ ਨੂੰ ਮੁਅੱਤਲ ਕਰਨ ਦਾ ਫੈਸਲਾ ਕਿਸੇ ਤਰ੍ਹਾਂ ਵੀ ਇਨਸਾਫ ਦੀ ਕਸਵੱਟੀ ‘ਤੇ ਪੂਰਾ ਨਹੀਂ ਉਤਰਦਾ। “ਵਿਹਾਰ” ਦੀ ਸ਼ਿਕਾਇਤ ਦਾ ਖੇਤਰ ਅਜਿਹੀ ਸਖਤ ਕਾਰਵਾਈ ਲਈ ਆਧਾਰ ਨਹੀਂ ਬਣਾਇਆ ਜਾਣਾ ਚਾਹੀਦਾ।
“ਸਲੀਕੇ” ਨਾਲ ਸੰਬੰਧਤ ਖੇਤਰ ਹੋਰ ਜੁਮਰੇ ਵਿੱਚ ਆਉਂਦੇ ਹਨ ਤੇ ਇਹ ਕਿਸੇ ਤਰ੍ਹਾਂ ਵੀ ਮੁੱਅਤਲੀ ਵਰਗੇ ਵੱਡੇ ਕਦਮ ਲਈ ਅਧਾਰ ਨਹੀਂ ਬਣਦੇ। ਹਾਲਾਂਕਿ ਸਾਡੇ ਧਿਆਨ ‘ਚ ਇਹ ਵੀ ਆਇਆ ਹੈ ਕਿ ਪੜਤਾਲ ਕਮੇਟੀ ਵੱਲੋਂ ਉਹਨਾਂ ਵਿਦਿਆਰਥੀਆਂ ਦੀ ਵੱਡੀ ਗਿਣਤੀ ਦੇ ਬਿਆਨ ਹੀ ਨਹੀਂ ਲਏ ਗਏ ਹਨ ਜਿਨ੍ਹਾਂ ਦੀ ਰਾਇ ਸੁਰਜੀਤ ਸਿੰਘ ਬਾਰੇ ਪੜਤਾਲ ਕਮੇਟੀ ਦੇ ਫਤਵੇ ਨਾਲ ਟਕਰਾਵੀਂ ਹੈ। ਅਸੀਂ ਵਿਹਾਰ ਦੇ ਮਸਲੇ ‘ਚ ਅਧਿਆਪਕ ਵਿਦਿਆਰਥੀ ਰਿਸ਼ਤੇ ਦੀਆਂ ਸਮੱਸਿਆਵਾਂ ਦੀ ਸੰਭਾਵਨਾ ਨੂੰ ਰੱਦ ਨਹੀਂ ਕਰਦੇ ਪਰ ਇਹ ਸਮੱਸਿਆਵਾਂ ਵਿਦਿਆਰਥੀ ਅਧਿਆਪਕ ਰਿਸ਼ਤੇ ਦੇ ਦਾਇਰੇ ਦਰਮਿਆਨ ਸਦਭਾਵਨਾ ਭਰੇ ਮਾਹੌਲ ਵਿੱਚ ਆਪਸੀ ਵਿਚਾਰ ਚਰਚਾ ਰਾਹੀਂ ਹੱਲ ਹੋਣੀਆਂ ਚਾਹੀਦੀਆਂ ਹਨ। ਅਧਿਆਪਕ ਵਿਦਿਆਰਥੀ ਰਿਸ਼ਤੇ ਵਿੱਚ ਅਜਿਹੇ ਹਿੰਸਕ ਵਿਹਾਰ ਨੂੰ ਕੋਈ ਥਾਂ ਨਹੀਂ ਹੈ।
ਅਸੀਂ ਨੋਟ ਕੀਤਾ ਹੈ ਕਿ ਪੜਤਾਲ ਕਮੇਟੀ ਦੀ ਬਣਤਰ ਵੀ ਵਿਵਾਦ ਤੋਂ ਮੁਕਤ ਨਹੀਂ ਹੈ। ਕਮੇਟੀ ਦੀ ਬਣਤਰ ਉਹਨਾਂ ਨੂੰ ਖੁਸ਼ ਕਰਨ ਵਾਲੀ ਹੈ ਜਿਹੜੇ ਗੈਰ ਵਿਦਿਅਕ ਮੰਤਵਾਂ ਲਈ ਵਿਦਿਆਰਥੀ ਅਧਿਆਪਕ ਸੰਬੰਧਾਂ ਦੇ ਮਸਲੇ ‘ਤੇ ਸਿੱਖ ਬਨਾਮ ਕਾਮਰੇਡ ਦਾ ਝੂਠਾ ਬਿਰਤਾਂਤ ਠੋਸਣ ‘ਤੇ ਤੁਲੇ ਹੋਏ ਹਨ। ਇਸ ਘਟਨਾ ਮਗਰੋਂ ਪਹੁੰਚੇ ਫਿਰਕੂ ਸਿਆਸਤਦਾਨਾਂ ਦੀ ਮੌਜੂਦਗੀ ਵੀ ਸਿੱਖ ਬਨਾਮ ਕਾਮਰੇਡ ਦਾ ਬਿਰਤਾਂਤ ਸਿਰਜਣ ਦੇ ਮਨਸੂਬਿਆਂ ਦਾ ਥਹੁ ਦਿੰਦੀ ਹੈ। ਸਾਡਾ ਸਰੋਕਾਰ ਹੈ ਕਿ ਵਿਦਿਅਕ ਸੰਸਥਾਵਾਂ ਲੋਕ ਦੋਖੀ ਫਿਰਕੂ ਸਿਆਸਤਦਾਨਾਂ ਦਾ ਅਖਾੜਾ ਨਹੀਂ ਬਣਨ ਦਿੱਤੀਆਂ ਜਾਣੀਆਂ ਚਾਹੀਦੀਆਂ। ਅਜਿਹਾ ਮਾਹੌਲ ਆਖਰ ਨੂੰ ਵਿਦਿਅਕ ਸੰਸਥਾਵਾਂ ਅੰਦਰ ਵਿਦਿਆਰਥੀ ਤੇ ਅਧਿਆਪਕ ਦੋਖੀ ਗੁੰਡਾ ਗਰੋਹਾਂ ਦੀ ਹਿੰਸਾ ਤੇ ਧੌਂਸਗਿਰੀ ਦੇ ਫੈਲਣ ਦਾ ਖ਼ਤਰਾ ਲੈ ਕੇ ਆਉਂਦਾ ਹੈ। ਪੰਜਾਬ ਦੀਆਂ ਵਿਦਿਅਕ ਸੰਸਥਾਵਾਂ ਨੇ ਅਜਿਹੀਆਂ ਅਲਾਮਤਾਂ ਬਹੁਤ ਹੰਢਾਇਆ ਹੋਇਆ ਹੈ।
ਅਧਿਆਪਕਾਂ ਤੇ ਵਿਦਿਆਰਥੀਆਂ ਦੇ ਆਪਸੀ ਰਿਸ਼ਤੇ ਦੀ ਬੇਹਤਰੀ ਸਾਡੇ ਸਰੋਕਾਰ ਦਾ ਮਸਲਾ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਮੌਜੂਦਾ ਦੌਰ ਅੰਦਰ ਅਧਿਆਪਕ ਵਿਦਿਆਰਥੀ ਏਕਤਾ ਦੀ ਮਜ਼ਬੂਤੀ ਦੀ ਜ਼ਰੂਰਤ ਯੂਨੀਵਰਸਿਟੀ ਦੇ ਵਜੂਦ ਦੀ ਰਾਖੀ ਲਈ ਹੋਰ ਵੀ ਜਿਆਦਾ ਬਣੀ ਹੋਈ ਹੈ। ਇਸ ਏਕਤਾ ਦਾ ਮਜ਼ਬੂਤ ਹੋਣਾ ਅਤੇ ਅਧਿਆਪਕਾਂ ਵਿਦਿਆਰਥੀਆਂ ਵੱਲੋਂ ਰਲ ਕੇ ਯੂਨੀਵਰਸਿਟੀ ਨੂੰ ਸਰਕਾਰ ਦੀ ਨਿੱਜੀਕਰਨ ਦੀ ਨੀਤੀ ਦੀ ਮਾਰ ਤੋਂ ਬਚਾਏ ਜਾਣਾ ਵੀ ਸਾਡੇ ਸਰੋਕਾਰ ਦਾ ਮੁੱਦਾ ਹੈ। ਆਪਣੇ ਇਹਨਾਂ ਸਰੋਕਾਰਾਂ ਦੇ ਪ੍ਰਸੰਗ ਤਹਿਤ ਅਸੀਂ ਉਪਰ ਜ਼ਿਕਰ ਵਿੱਚ ਆਏ ਮੁੱਦੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅੱਗੇ ਰੱਖੇ ਹਨ। ਅੱਜ ਦੇ ਇਸ ਵਫਦ ਵਿੱਚ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਅਮੋਲਕ ਸਿੰਘ, ਜਸਪਾਲ ਜੱਸੀ, ਡਾ. ਸੁਖਦੇਵ ਸਿੰਘ ਸਿਰਸਾ, ਪਾਵੇਲ ਕੁੱਸਾ, ਲਛਮਣ ਸਿੰਘ ਸੇਵੇਵਾਲਾ, ਬਲਵਿੰਦਰ ਸਿੰਘ ਗਰੇਵਾਲ, ਦਲਜੀਤ ਸਿੰਘ ਸਮਰਾਲਾ, ਪਰਮਜੀਤ ਸਿੰਘ ਐਡਵੋਕੇਟ ਸ਼ਾਮਿਲ ਸਨ।