ਵੀਰਵਾਰ ਨੂੰ ਇੱਕ ਸ਼ਰਧਾਲੂ ਨੇ ਉੱਤਰੀ ਭਾਰਤ ਦੇ ਪ੍ਰਸਿੱਧ ਤੀਰਥ ਸਥਾਨ ਸ਼੍ਰੀ ਨੈਣਾ ਦੇਵੀ ਦੇ ਚਰਨਾਂ ਵਿੱਚ ਇੱਕ ਕਿਲੋ ਸੋਨੇ ਦਾ ਹਾਰ ਭੇਟ ਕਰਕੇ ਆਪਣੀ ਸ਼ਰਧਾ ਦੀ ਮਿਸਾਲ ਪੇਸ਼ ਕੀਤੀ। ਪ੍ਰਸਿੱਧ ਤੀਰਥ ਅਸਥਾਨ ਸ਼੍ਰੀ ਨੈਣਾ ਦੇਵੀ ਵਿਖੇ ਭਾਵੇਂ ਹਰ ਸਾਲ ਸ਼ਰਧਾਲੂ ਮਾਤਾ ਦੇ ਚਰਨਾਂ ‘ਚ ਸੋਨੇ-ਚਾਂਦੀ ਦੇ ਹਾਰ ਭੇਟ ਕਰਦੇ ਰਹਿੰਦੇ ਹਨ ਪਰ ਮਾਤਾ ਸ਼੍ਰੀ ਦੇ ਚਰਨਾਂ ‘ਚ ਇਕ ਕਿਲੋ ਸੋਨੇ ਦਾ ਹਾਰ ਸ਼ਾਇਦ ਪਹਿਲੀ ਵਾਰ ਕਿਸੇ ਸ਼ਰਧਾਲੂ ਨੇ ਚੜ੍ਹਾ ਕੇ ਆਪਣੀ ਹਾਜ਼ਰੀ ਲਗਵਾਈ।
ਮਾਤਾ ਦੇ ਚਰਨਾਂ ‘ਚ ਨਤਮਸਤਕ ਹੋ ਕੇ ਉਨ੍ਹਾਂ ਕਿਹਾ ਕਿ ਮਾਂ ਦਾ ਆਸ਼ੀਰਵਾਦ ਹਮੇਸ਼ਾ ਉਨ੍ਹਾਂ ‘ਤੇ ਬਣਿਆ ਰਿਹਾ ਹੈ। ਉਨ੍ਹਾਂ ਨੇ ਮਾਂ ਤੋਂ ਜੋ ਵੀ ਸੁੱਖਣਾ ਮੰਗੀ ਹੈ ਉਹ ਪੂਰੀ ਹੋਈ ਹੈ ਜਿਸ ਤੋਂ ਬਾਅਦ ਅੱਜ ਉਨ੍ਹਾਂ ਨੇ ਮਾਂ ਦੇ ਚਰਨਾਂ ਵਿਚ ਇਕ ਕਿਲੋ ਸੋਨੇ ਦਾ ਹਾਰ ਭੇਟ ਕੀਤਾ ਹੈ। ਜਿਸ ਤੋਂ ਬਾਅਦ ਪੁਜਾਰੀ ਸਚਿਨ ਕੁਮਾਰ ਨੇ ਹਾਰ ਪਾ ਕੇ ਵਿਧੀ ਪੂਰਵਕ ਪੂਜਾ ਅਰਚਨਾ ਕੀਤੀ ਅਤੇ ਬਾਅਦ ਵਿੱਚ ਹਾਰ ਮੰਦਰ ਟਰੱਸਟ ਨੂੰ ਸਮਰਪਿਤ ਕੀਤਾ। ਸ਼ਰਧਾਲੂ ਨੇ ਆਪਣਾ ਨਾਮ ਗੁਪਤ ਰੱਖਿਆ ਹੈ। ਪੁਜਾਰੀ ਸਚਿਨ ਨੇ ਦੱਸਿਆ ਕਿ ਇਸ ਹਾਰ ਦੀ ਪੂਜਾ ਅਰਚਨਾ ਕੀਤੀ ਗਈ ਅਤੇ ਹਾਰ ਮਾਂ ਦੇ ਚਰਨਾਂ ਵਿੱਚ ਭੇਟ ਕਰਕੇ ਮੰਦਰ ਟਰੱਸਟ ਨੂੰ ਸੌਂਪਿਆ ਗਿਆ। ਇਹ ਸ਼ਰਧਾਲੂਆਂ ਦੀ ਅਟੁੱਟ ਆਸਥਾ ਤੇ ਸ਼ਰਧਾ ਹੈ, ਜੋ ਉਨ੍ਹਾਂ ਨੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਤੋਂ ਬਾਅਦ ਮਾਂ ਦੇ ਚਰਨਾਂ ‘ਚ ਚੜ੍ਹਾਵਾ ਚੜ੍ਹਾਇਆ ਹੈ।
ਦੱਸ ਦੇਈਏ ਕਿ ਮੰਦਰ ‘ਚ ਸ਼ਰਧਾਲੂਆਂ ਵੱਲੋਂ ਸੋਨਾ, ਚਾਂਦੀ ਅਤੇ ਨਕਦੀ ਚੜ੍ਹਾਈ ਜਾਂਦੀ ਹੈ। ਇਸ ਦੀ ਗਿਣਤੀ ਇਕ ਕਮਰੇ ਵਿੱਚ ਕੀਤੀ ਜਾਂਦੀ ਹੈ। ਇਹ ਸਾਰੀ ਕਾਰਵਾਈ ਸੀਸੀਟੀਵੀ ਕੈਮਰੇ ਦੇ ਸਾਹਮਣੇ ਹੁੰਦੀ ਹੈ ਅਤੇ ਮੰਦਰ ਵਿੱਚ ਸੁਰੱਖਿਆ ਕਰਮਚਾਰੀ ਵੀ ਮੌਕੇ ’ਤੇ ਤਾਇਨਾਤ ਰਹਿੰਦੇ ਹਨ। ਫਿਰ ਇਹ ਸੋਨਾ-ਚਾਂਦੀ ਮੰਦਰ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤਾ ਜਾਂਦਾ ਹੈ।
ਦੇਵੀ ਦਾ ਸ਼ਕਤੀਪੀਠ ਹੈ ਇਹ ਮੰਦਰ :
ਨੈਣਾ ਦੇਵੀ ਮੰਦਰ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਸਥਿਤ ਹੈ। ਇਹ ਮੰਦਰ ਮਾਂ ਸ਼ਕਤੀ ਦੇ 51 ਸ਼ਕਤੀਪੀਠਾਂ ਵਿੱਚੋਂ ਇੱਕ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਇਸ ਸਥਾਨ ‘ਤੇ ਦੇਵੀ ਸਤੀ ਦੀਆਂ ਅੱਖਾਂ ਡਿੱਗੀਆਂ ਸਨ। ਇਸ ਲਈ ਇਸ ਮੰਦਰ ਨੂੰ ਨੈਣਾ ਦੇਵੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪੀਪਲ ਦਾ ਦਰੱਖਤ ਵੀ ਮੰਦਰ ਵਿੱਚ ਖਿੱਚ ਦਾ ਕੇਂਦਰ ਹੈ, ਕਿਹਾ ਜਾਂਦਾ ਹੈ ਕਿ ਇਹ ਦਰੱਖਤ ਕਈ ਸਦੀਆਂ ਪੁਰਾਣਾ ਹੈ। ਮੰਦਰ ਦੇ ਪਾਵਨ ਅਸਥਾਨ ਵਿੱਚ ਤਿੰਨ ਮੁੱਖ ਮੂਰਤੀਆਂ ਹਨ। ਸੱਜੇ ਪਾਸੇ ਮਾਂ ਕਾਲੀ, ਵਿਚਕਾਰ ਨੈਣਾ ਦੇਵੀ ਅਤੇ ਖੱਬੇ ਪਾਸੇ ਭਗਵਾਨ ਗਣੇਸ਼ ਹਨ। ਚੈਤਰ ਅਤੇ ਅਸ਼ਵਿਨ ਮਹੀਨਿਆਂ ਦੀ ਨਵਰਾਤਰੀ ਵਿੱਚ ਇੱਥੇ ਬਹੁਤ ਵੱਡਾ ਮੇਲਾ ਲੱਗਦਾ ਹੈ। ਮਾਂ ਨੂੰ ਭੋਗ ਵਜੋਂ ਛੱਬੀ ਕਿਸਮ ਦੀਆਂ ਵਸਤੂਆਂ ਚੜ੍ਹਾਈਆਂ ਜਾਂਦੀਆਂ ਹਨ।