ਜਲੰਧਰ ਸ਼ਹਿਰ ‘ਚ ਸਰਕਾਰੀ ਰਾਸ਼ਨ ਦੀ ਦੁਕਾਨ (ਡਿਪੋ) ‘ਤੇ ਮੁਫਤ ਮਿਲਣ ਵਾਲੀ ਸਰਕਾਰੀ ਕਣਕ ਬਾਰੇ ਪੁੱਛਣ ‘ਤੇ ਡਿਪੂ ਹੋਲਡਰ ਵੱਲੋਂ ਔਰਤ ਦੇ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਕੋਹਾ ਦੀ ਰਹਿਣ ਵਾਲੀ ਔਰਤ ਨੀਰਜਾ ਸ਼ਰਮਾ ਨੇ ਦੱਸਿਆ ਕਿ ਉਸ ਨੇ ਡਿਪੂ ਤੋਂ ਮੁਫਤ ਮਿਲਣ ਵਾਲੀ ਕਣਕ ਦੀ ਪਰਚੀ ਲਈ ਸੀ। ਸੋਮਵਾਰ ਨੂੰ ਜਦੋਂ ਉਹ ਕਣਕ ਬਾਰੇ ਪੁੱਛਣ ਲਈ ਡਿਪੂ ‘ਤੇ ਗਈ ਤਾਂ ਡਿਪੂ ਆਪਰੇਟਰ ਰਾਜਵਿੰਦਰ ਕੌਰ ਨੇ ਗੁੱਸੇ ‘ਚ ਆ ਕੇ ਉਸ ਦੇ ਥੱਪੜ ਮਾਰ ਦਿੱਤਾ।
ਨੀਰਜਾ ਨੇ ਦੱਸਿਆ ਕਿ ਉਸ ਦੀ ਮਾਂ ਵੀ ਉਸ ਦੇ ਨਾਲ ਸੀ। ਜਦੋਂ ਉਸ ਨੇ ਰਾਜਵਿੰਦਰ ਕੌਰ ਨੂੰ ਥੱਪੜ ਮਾਰਨ ਦਾ ਕਾਰਨ ਪੁੱਛਿਆ ਤਾਂ ਉਸ ਨੇ ਉਸ ਦੀ ਬਾਂਹ ਵੀ ਮਰੋੜ ਦਿੱਤੀ। ਹਾਲਾਂਕਿ ਰਾਜਵਿੰਦਰ ਕੌਰ ਨੇ ਸਾਰੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਕੋਲ ਥੱਪੜ ਮਾਰਨ ਦਾ ਕੋਈ ਸਬੂਤ ਹੈ ਤਾਂ ਦੇਣ। ਜਦੋਂਕਿ ਨੀਰਜਾ ਸ਼ਰਮਾ ਦਾ ਕਹਿਣਾ ਹੈ ਕਿ ਡਿਪੂ ਦੇ ਨੇੜੇ ਸੀਸੀਟੀਵੀ ਕੈਮਰਾ ਲਗਾਇਆ ਹੋਇਆ ਹੈ ਅਤੇ ਉਸ ਵਿੱਚ ਰਿਕਾਰਡਿੰਗ ਵੀ ਕੀਤੀ ਗਈ ਹੋ ਸਕਦੀ ਹੈ।
ਥੱਪੜ ਮਾਰਨ ਦੀ ਘਟਨਾ ਤੋਂ ਬਾਅਦ ਨੀਰਜਾ ਨੇ ਪੁਲਿਸ ਹੈਲਪਲਾਈਨ ‘ਤੇ ਫ਼ੋਨ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ। ਪੀੜਤਾ ਨੇ ਪੁਲਿਸ ਦੇ ਸਾਹਮਣੇ ਰੋਂਦੇ ਹੋਏ ਕਿਹਾ ਕਿ ਕਣਕ ਦੀ ਪਰਚੀ ਉਸ ਨੂੰ ਰਾਜਵਿੰਦਰ ਕੌਰ ਨੇ ਖੁਦ ਦਿੱਤੀ ਸੀ। ਦਾਣਿਆਂ ਬਾਰੇ ਪੁੱਛਣ ’ਤੇ ਉਸ ਨੇ ਥੱਪੜ ਮਾਰ ਦਿੱਤਾ। ਉਹ ਡਿਪੂ ਹੋਲਡਰ ਵਿਰੁੱਧ ਕਾਨੂੰਨੀ ਕਾਰਵਾਈ ਕਰੇਗੀ।
ਇਸ ਦੌਰਾਨ ਨੀਰਜਾ ਦੇ ਨਾਲ ਆਏ ਇੱਕ ਵਿਅਕਤੀ ਨੇ ਦੋਸ਼ ਲਾਇਆ ਕਿ ਸਰਕਾਰੀ ਰਾਸ਼ਨ ਡਿਪੂ ਬਾਹਰ ਇੱਕ ਦੁਕਾਨ ਵਿੱਚ ਹੋਣਾ ਚਾਹੀਦਾ ਹੈ ਪਰ ਰਾਜਵਿੰਦਰ ਕੌਰ ਆਪਣੀ ਸਿਆਸੀ ਪਹੁੰਚ ਕਾਰਨ ਸਰਕਾਰੀ ਦੁਕਾਨ ਵੀ ਘਰੋਂ ਚਲਾ ਰਹੀ ਹੈ। ਡਿਪੂ ਹੋਲਡਰ ਦਾ ਲਾਇਸੰਸ ਰੱਦ ਕਰਕੇ ਕਿਸੇ ਨਵੇਂ ਵਿਅਕਤੀ ਨੂੰ ਦਿੱਤਾ ਜਾਵੇ ਅਤੇ ਡਿਪੂ ਨੂੰ ਵੀ ਕਿਸੇ ਦੁਕਾਨ ਵਿੱਚ ਤਬਦੀਲ ਕੀਤਾ ਜਾਵੇ।