ਸੰਯੁਕਤ ਕਿਸਾਨ ਮੋਰਚਾ (SKM) ਵੱਲੋਂ 13 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਤੋਂ ਪਹਿਲਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਿਸਾਨਾਂ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸੋਮਵਾਰ ਸਵੇਰੇ ਹਜ਼ਾਰਾਂ ਕਿਸਾਨ ਅੰਮ੍ਰਿਤਸਰ ਦੇ ਬਿਆਸ ਤੋਂ ਫਤਿਹਗੜ੍ਹ ਸਾਹਿਬ ਵੱਲ ਰਵਾਨਾ ਹੋ ਗਏ। ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਹੈ ਕਿ ਅਸੀਂ ਇਹ ਸੰਘਰਸ਼ ਬਿਆਸ ਤੋਂ ਸ਼ੁਰੂ ਕਰਕੇ ਅੱਜ ਫਤਿਹਗੜ੍ਹ ਸਾਹਿਬ ਵਿਖੇ ਜਾ ਕੇ ਜਾਮ ਲਗਾਵਾਂਗੇ। ਸਾਡੀਆਂ ਮੰਗਾਂ ਇੱਕੋ ਹਨ- ਐਮਐਸਪੀ ਗਾਰੰਟੀ ਕਾਨੂੰਨ, ਗੰਨੇ ਨੂੰ ਸੀ200 ਨਾਲ ਜੋੜਿਆ ਜਾਵੇ।
ਦਿੱਲੀ ’ਚ ਦਾਖ਼ਲ ਹੋਣ ਤੋਂ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਨੇ ਬੈਰੀਕੇਡਾਂ ਦੀਆਂ 3 ਪਰਤਾਂ ਲਗਾ ਦਿੱਤੀਆਂ ਹਨ। ਦਿੱਲੀ ਨੂੰ ਜਾਣ ਵਾਲੇ ਰਸਤਿਆਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ, ਉੱਧਰ ਕਿਸਾਨ ਵੀ ਦਿੱਲੀ ਕੂਚ ਲਈ ਕਾਹਲੇ ਹਨ। ਹਰਿਆਣਾ ਤੋਂ ਪੰਜਾਬ ਦੇ ਕਿਸਾਨਾਂ ਦਾ ਮਾਰਗ-ਦਰਸ਼ਨ ਕਰਨ ਲਈ ਕਿਸਾਨ ਹਰਿਆਣਾ ਤੋਂ ਪਹੁੰਚ ਰਹੇ ਹਨ। ਹਰਿਆਣਾ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਪੰਜਾਬੀ ਭਰਾਵਾਂ ਦੀ ਮਦਦ ਲਈ ਤਿਆਰੀ ਕਰੀ ਬੈਠੇ ਹਨ। ਜਿਵੇਂ ਹੀ ਪੰਜਾਬੀ ਭਰਾ ਹਰਿਆਣਾ ਦੇ ਬਾਰਡਰਾਂ ’ਤੇ ਪਹੁੰਚਣਗੇ ਸਾਰੇ ਬੈਰੀਕੇਡ ਹਟਾ ਦੇਵਾਂਗੇ। ਕੋਈ ਵੀ ਬੈਰੀਕੇਡ ਕਿਸਾਨਾਂ ਨੂੰ ਦਿੱਲੀ ’ਚ ਦਾਖ਼ਲ ਹੋਣ ਤੋਂ ਰੋਕ ਨਹੀਂ ਸਕਦੇ।