Kaur Singh memorial: ਸਾਬਕਾ ਓਲੰਪੀਅਨ ਅਤੇ ਦੇਸ਼ ਦੇ ਮਹਾਨ ਮੁੱਕੇਬਾਜ਼ ਪਦਮ ਸ਼੍ਰੀ ਕੌਰ ਸਿੰਘ ਦਾ ਸੰਖੇਪ ਬਿਮਾਰੀ ਮਗਰੋਂ ਸਵੇਰੇ ਕੁਰੂਕਸ਼ੇਤਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ ਕਰੀਬ 74 ਵਰ੍ਹਿਆਂ ਦੇ ਸਨ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਖਨਾਲ ਖੁਰਦ ਵਿਖੇ ਪੂਰੇ ਫੌਜੀ ਸਨਮਾਨਾਂ ਤੇ ਧਾਰਮਿਕ ਰਹੁ ਰੀਤਾਂ ਨਾਲ ਕੀਤਾ ਗਿਆ।
ਇਸ ਮੌਕੇ ਪੰਜਾਬ ਸਰਕਾਰ ਦੀ ਤਰਫੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੀੜਤ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮਹਾਨ ਮੁੱਕੇਬਾਜ਼ ਕੌਰ ਸਿੰਘ ਨੇ ਪੂਰੀ ਤਰ੍ਹਾਂ ਸਾਦਾ ਜੀਵਨ ਬਿਤਾਉਂਦੇ ਹੋਏ ਕੌਮੀ ਤੇ ਕੌਮਾਂਤਰੀ ਪੱਧਰ ਦੇ ਮੁੱਕੇਬਾਜ਼ੀ ਮੁਕਾਬਲਿਆਂ ਵਿੱਚ ਵੱਡੀਆਂ ਮੱਲਾਂ ਮਾਰ ਕੇ ਸੂਬੇ ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਇਸ ਖੇਡ ਹੀਰੇ ਦੀ ਜੀਵਨੀ ਨੂੰ ਇਸ ਵਿਦਿਅਕ ਸੈਸ਼ਨ ਤੋਂ ਸਕੂਲੀ ਸਿਲੇਬਸ ਦਾ ਹਿੱਸਾ ਬਣਾਇਆ ਹੈ ਤਾਂ ਜੋ ਵਿਦਿਆਰਥੀ ਵਰਗ ਇਸ ਮਹਾਨ ਖੇਡ ਸ਼ਖਸੀਅਤ ਦੇ ਜੀਵਨ ਤੋਂ ਨੇੜਿਓਂ ਵਾਕਿਫ਼ ਹੋ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਛੇਤੀ ਹੀ ਪਿੰਡ ਵਾਸੀਆਂ ਦੀ ਸਲਾਹ ਨਾਲ ਪਦਮ ਸ਼੍ਰੀ ਅਤੇ ਅਰਜੁਨਾ ਐਵਾਰਡ ਜੇਤੂ ਕੌਰ ਸਿੰਘ ਦੀ ਯਾਦ ਵਿੱਚ ਪਿੰਡ ਪੱਧਰ ’ਤੇ ਅਤੇ ਸੂਬਾ ਪੱਧਰ ’ਤੇ ਯਾਦਗਾਰ ਵੀ ਉਸਾਰੀ ਜਾਵੇਗੀ ਤਾਂ ਜੋ ਸਾਡੀਆਂ ਨਵੀਂਆਂ ਪੀੜ੍ਹੀਆਂ ਇਸ ਮਹਾਨ ਸ਼ਖਸ਼ੀਅਤ ਦੇ ਜੀਵਨ ਤੋਂ ਲਗਾਤਾਰ ਸੇਧ ਲੈ ਕੇ ਖੇਡਾਂ ਨਾਲ ਜੁੜ ਸਕਣ।
ਕੈਬਨਿਟ ਮੰਤਰੀ ਚੀਮਾ ਨੇ ਕਿਹਾ ਕਿ ਕੌਰ ਸਿੰਘ ਦੇ ਮਨ ‘ਚ ਮੁੱਕੇਬਾਜ਼ੀ ਪ੍ਰਤੀ ਜਨੂੰਨ ਸੀ ਅਤੇ ਉਨ੍ਹਾਂ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਲਈ ਸਾਲ 1982 ਵਿੱਚ ਅਰਜੁਨਾ ਐਵਾਰਡ ਅਤੇ ਸਾਲ 1983 ਵਿੱਚ ਪਦਮ ਸ਼੍ਰੀ ਐਵਾਰਡ ਨਾਲ ਨਿਵਾਜਣ ਦੇ ਨਾਲ ਨਾਲ ਭਾਰਤੀ ਫੌਜ ਵਿੱਚ ਸ਼ਾਨਦਾਰ ਸੇਵਾਵਾਂ ਲਈ ਸਾਲ 1988 ਵਿੱਚ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ।
ਇਸੇ ਦੌਰਾਨ ਪਦਮ ਸ਼੍ਰੀ ਕੌਰ ਸਿੰਘ ਦੇ ਦਿਹਾਂਤ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੋਕ ਸੰਦੇਸ਼ ਰਾਹੀਂ ਪੀੜਤ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਸ਼ੋਕ ਸੰਦੇਸ਼ ਵਿੱਚ ਕਿਹਾ ਕਿ ਕੌਰ ਸਿੰਘ ਦਾ ਜੀਵਨ ਅਤੇ ਯੋਗਦਾਨ ਉਭਰਦੇ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਸਖ਼ਤ ਮਿਹਨਤ ਕਰਨ ਅਤੇ ਵਧੀਆ ਪ੍ਰਦਰਸ਼ਨ ਦਿਖਾਉਣ ਲਈ ਪ੍ਰੇਰਿਤ ਕਰੇਗਾ।
ਅੰਤਿਮ ਸਸਕਾਰ ਮੌਕੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਦੀ ਤਰਫੋਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਕੈਬਨਿਟ ਮੰਤਰੀ ਅਮਨ ਅਰੋੜਾ ਦੀ ਤਰਫੋਂ ਸੰਜੀਵ ਸੰਜੂ ਤੇ ਅੰਮ੍ਰਿਤ ਸਿੱਧੂ, ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਤਰਫੋਂ ਜ਼ਿਲ੍ਹਾ ਖੇਡ ਅਫ਼ਸਰ ਰਣਬੀਰ ਸਿੰਘ ਭੰਗੂ, ਅਰਜਨਾ ਐਵਾਰਡੀ ਸੱਜਣ ਸਿੰਘ ਚੀਮਾ ਸਮੇਤ ਹੋਰ ਸੀਨੀਅਰ ਕੋਚਾਂ ਆਦਿ ਨੇ ਰੀਥਾਂ ਰੱਖ ਕੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਕਰਨਲ ਅਮਿਤ ਭਾਗੀ ਦੀ ਅਗਵਾਈ ਹੇਠ 152 ਸਿੱਖ ਰੈਜੀਮੈਂਟ ਦੇ ਜਵਾਨਾਂ ਵੱਲੋਂ ਪਦਮ ਸ਼੍ਰੀ ਕੌਰ ਸਿੰਘ ਨੂੰ ਸ਼ੋਕ ਸਲਾਮੀ ਦਿੱਤੀ ਗਈ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕੌਰ ਸਿੰਘ ਦੀ ਰਿਹਾਇਸ਼ ਵਿਖੇ ਜਾ ਕੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h