ਲੰਡਨ ਦੇ ਵੈਸਟਮਿੰਸਟਰ ਹਾਲ ਵਿੱਚ ਲੋਕਾਂ ਦੇ ਦਰਸ਼ਨਾਂ ਲਈ ਰੱਖੇ ਮਰਹੂਮ ਮਹਾਰਾਣੀ ਐਲਿਜ਼ਾਬੈਥ-2 ਦੇ ਤਾਬੂਤ ਵੱਲ ਦੌੜਨ ‘ਤੇ ਇੱਕ ਵਿਅਕਤੀ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੋਗ ਕਰਨ ਵਾਲੇ ਲੋਕ ਕਤਾਰ ਵਿੱਚ ਖੜ੍ਹੇ ਹੋ ਕੇ ਮਹਾਰਾਣੀ ਨੂੰ ਸ਼ਰਧਾਂਜਲੀ ਦੇ ਰਹੇ ਸਨ। ਮੈਟਰੋਪੋਲੀਟਨ ਪੁਲਸ ਨੇ ਕਿਹਾ ਕਿ ਸਬੰਧਿਤ ਵਿਅਕਤੀ ਨੂੰ ਸ਼ੁੱਕਰਵਾਰ ਰਾਤ ਨੂੰ ਬ੍ਰਿਟੇਨ ਦੇ ‘ਪਬਲਿਕ ਆਰਡਰ ਐਕਟ’ ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ। ਚਸ਼ਮਦੀਦਾਂ ਨੇ ਦੱਸਿਆ ਕਿ ਵਿਅਕਤੀ ਉਸ ਉੱਚੇ ਪਲੇਟਫਾਰਮ ਵੱਲ ਭੱਜਿਆ, ਜਿਸ ‘ਤੇ ਮਰਹੂਮ ਮਹਾਰਾਣੀ ਦਾ ਤਾਬੂਤ, ਸ਼ਾਹੀ ਤਾਜ ਅਤੇ ਹੋਰ ਚਿੰਨ੍ਹ ਰੱਖੇ ਗਏ ਹਨ। ਪੁਲਸ ਨੇ ਇੱਕ ਬਿਆਨ ਵਿੱਚ ਕਿਹਾ, ‘ਸ਼ੁੱਕਰਵਾਰ ਯਾਨੀ 16 ਸਤੰਬਰ ਨੂੰ ਰਾਤ 10 ਵਜੇ ਦੇ ਕਰੀਬ ਸੰਸਦੀ ਅਤੇ ਡਿਪਲੋਮੈਟਿਕ ਸੁਰੱਖਿਆ ਕਮਾਂਡ ਦੇ ਅਧਿਕਾਰੀਆਂ ਨੇ ਵੈਸਟਮਿੰਸਟਰ ਹਾਲ ਵਿੱਚ ਇਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ।’
ਬਿਆਨ ਅਨੁਸਾਰ ਸਬੰਧਤ ਵਿਅਕਤੀ ਨੂੰ ‘ਪਬਲਿਕ ਆਰਡਰ ਐਕਟ’ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਅਤੇ ਫਿਲਹਾਲ ਉਹ ਹਿਰਾਸਤ ਵਿੱਚ ਹੈ। ਇਸ ਦੌਰਾਨ ਕੁਝ ਸਮੇਂ ਲਈ ਲਾਈਵ ਪ੍ਰਸਾਰਣ ਰੋਕ ਦਿੱਤਾ ਗਿਆ। ਮਰਹੂਮ ਮਹਾਰਾਣੀ ਦੇ ਤਾਬੂਤ ਨੂੰ ਬੁੱਧਵਾਰ ਨੂੰ ਜਨਤਕ ਤੌਰ ‘ਤੇ ਲੋਕਾਂ ਲਈ ਰੱਖੇ ਜਾਣ ਦੇ ਬਾਅਦ ਬੀਬੀਸੀ ‘ਤੇ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਹੈ। ਸੰਸਦ ਦੇ ਬੁਲਾਰੇ ਨੇ ਕਿਹਾ, “ਥੋੜ੍ਹੇ ਸਮੇਂ ਦੇ ਵਿਘਨ ਤੋਂ ਬਾਅਦ, ਲੋਕਾਂ ਦੀਆਂ ਕਤਾਰਾਂ ਮੁੜ ਸ਼ੁਰੂ ਹੋ ਗਈਆਂ ਹਨ।” ਇਹ ਘਟਨਾ ਉਦੋਂ ਵਾਪਰੀ ਜਦੋਂ ਸ਼ਰਧਾਂਜਲੀ ਦੇਣ ਲਈ ਲੋਕਾਂ ਦੀ ਕਤਾਰ ਲੱਗੀ ਹੋਈ ਸੀ। ਘੱਟੋ-ਘੱਟ 16 ਘੰਟਿਆਂ ਦੇ ਇੰਤਜ਼ਾਰ ਦੇ ਬਾਵਜੂਦ ਸੋਗ ਮਨਾਉਣ ਲਈ ਬ੍ਰਿਟੇਨ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕਾਂ ਦਾ ਆਉਣਾ ਜਾਰੀ ਹੈ।