ਮੋਗਾ ਦੇ ਪਿੰਡ ਦੂਨੇਕੇ ‘ਚ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਐਂਬੂਲੈਂਸ ਤੇ ਸਕੂਲ ਵੈਨ ‘ਚ ਭਿਆਨਕ ਟੱਕਰ ਹੋ ਗਈ। ਜਾਣਕਾਰੀ ਮੁਤਾਬਕ ਇਹ ਟੱਕਰ ਸਕੂਲ ਵੈਨ ਦੇ ਡ੍ਰਾਈਵਰ ਦੀ ਲਾਪਰਵਾਹੀ ਸਦਕਾ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਵੈਨ ਡ੍ਰਾਈਵਰ ਨੇ ਸਕੂਲ ਵੈਨ ਹਾਈਵੇ ਵਿਚਾਲੇ ਖੜ੍ਹੀ ਕੀਤੀ ਹੋਈ ਸੀ ਜਿਸ ਕਾਰਨ ਪਿੱਛੋ ਦੀ ਤੇਜ਼ ਆ ਰਹੀ ਐਂਬੂਲੈਂਸ ਜੋ ਕਿ ਇਕ ਗਰਭਵਤੀ ਮਹਿਲਾ ਨੂੰ ਹਸਪਤਾਲ ਲਿਜਾ ਰਹੀ ਸੀ ਬੱਸ ਨਾਲ ਟੱਕਰਾ ਗਈ।
ਸਕੂਲ ਵੈਨ ਵਿੱਚ ਬੈਠੇ ਬੱਚਿਆਂ ਨੇ ਦੱਸਿਆ ਕਿ ਵੈਨ ਵਿਚ ਕੁੱਲ ਵੀਹ ਤੋਂ ਜ਼ਿਆਦਾ ਬੱਚੇ ਸਵਾਰ ਸਨ ਅਤੇ ਉਨ੍ਹਾਂ ਦਾ ਡਰਾਈਵਰ ਡਿਵਾਈਡਰ ਦੇ ਕੋਲ ਗੱਡੀ ਲਾ ਕੇ ਚਲਾ ਗਿਆ ਅਤੇ ਪਿੱਛੋਂ ਤੇਜ਼ ਰਫਤਾਰ ਐਂਬੂਲੈਂਸ ਸਿੱਧਾ ਬੱਸ ‘ਚ ਆ ਵੱਜੀ। ਉੱਥੇ ਹੀ ਚਸ਼ਮਦੀਦਾਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਸਰਾਸਰ ਸਕੂਲ ਵੈਨ ਦੇ ਡਰਾਈਵਰ ਦੀ ਗਲਤੀ ਹੈ ਕਿਉਂਕਿ ਉਹ ਆਪਣਾ ਗੱਡੀ ਦਾ ਹੌਰਨ ਠੀਕ ਕਰਾਉਣ ਲਈ ਬੱਚਿਆਂ ਨਾਲ ਭਰੀ ਬੱਸ ਨੈਸ਼ਨਲ ਹਾਈਵੇ ਦੇ ਕੋਲ ਡਿਵਾਈਡਰ ‘ਤੇ ਰੌਂਗ ਸਾਈਡ ਲਗਾ ਗਿਆ ਅਤੇ ਪਿੱਛੋਂ ਆ ਰਹੀ ਐਂਬੂਲੈਂਸ ਉਸ ਵਿੱਚ ਜਾ ਵੱਜੀ।