ਸਮਾਰਟਫੋਨ ਦੇ ਧਮਾਕੇ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਇਸ ਕਾਰਨ ਉਪਭੋਗਤਾਵਾਂ ਨੂੰ ਕਈ ਵਾਰ ਸਰੀਰਕ ਸੱਟਾਂ ਵੀ ਲੱਗ ਜਾਂਦੀਆਂ ਹਨ ਪਰ ਹੁਣ ਫੋਨ ਬਲਾਸਟ ਹੋਣ ਕਾਰਨ ਔਰਤ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਇਲਜ਼ਾਮ Redmi ‘ਤੇ ਇੱਕ YouTuber ਨੇ ਲਗਾਇਆ ਹੈ।
ਇੱਕ YouTuber ਵੱਲੋਂ ਟਵਿੱਟਰ ‘ਤੇ ਇਸ ਬਾਰੇ ਪੋਸਟ ਕੀਤਾ ਗਿਆ ਹੈ। ਟਵੀਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਸਦੀ ਮਾਸੀ ਦੀ ਮੌਤ Redmi 6A ਦੇ ਵਿਸਫੋਟ ਕਾਰਨ ਹੋਈ ਹੈ। ਉਸਨੇ ਇਹ ਵੀ ਦਾਅਵਾ ਕੀਤਾ ਕਿ ਜਦੋਂ ਉਹ ਸੌਂ ਰਹੀ ਸੀ ਤਾਂ ਫ਼ੋਨ ਉਸਦੇ ਸਿਰਹਾਣੇ ਕੋਲ ਰੱਖਿਆ ਹੋਇਆ ਸੀ ਤੇ ਅਚਾਨਕ ਫ਼ੋਨ ਫਟ ਗਿਆ।
ਉਨ੍ਹਾਂ ਨੇ ਇਸ ਸਬੰਧੀ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਤਸਵੀਰ ‘ਚ ਦੇਖਿਆ ਜਾ ਸਕਦਾ ਹੈ ਕਿ ਸਮਾਰਟਫੋਨ ਦਾ ਫਰੰਟ ਪੈਨਲ ਪੂਰੀ ਤਰ੍ਹਾਂ ਖਰਾਬ ਹੋ ਗਿਆ ਹੈ। ਜਦਕਿ ਇਸ ਦਾ ਪਿਛਲਾ ਪੈਨਲ ਸੜ ਗਿਆ ਹੈ ਅਤੇ ਇਸ ਦੀ ਬੈਟਰੀ ਫੁੱਲ ਗਈ ਹੈ। ਇਸ ਟਵੀਟ ‘ਚ ਉਨ੍ਹਾਂ ਨੇ ਆਪਣੀ ਮਾਸੀ ਦੀ ਫੋਟੋ ਵੀ ਸ਼ੇਅਰ ਕੀਤੀ ਹੈ। ਇਸ ‘ਚ ਉਹ ਬੈੱਡ ‘ਤੇ ਖੂਨ ਨਾਲ ਲੱਥਪੱਥ ਹੈ।
ਟਵੀਟ ਕਰਦਿਆਂ ਇਹ ਵੀ ਦੱਸਿਆ ਗਿਆ ਕਿ ਬੀਤੀ ਰਾਤ ਉਸਦੀ ਮਾਸੀ ਦੀ ਮੌਤ ਹੋ ਗਈ ਹੈ। ਉਹ Redmi 6A ਦੀ ਵਰਤੋਂ ਕਰਦੀ ਸੀ। ਉਹ ਸੁੱਤੀ ਪਈ ਸੀ ਅਤੇ ਸਿਰਹਾਣੇ ਵਾਲੇ ਪਾਸੇ ਫ਼ੋਨ ਉਸ ਦੇ ਚਿਹਰੇ ਕੋਲ ਰੱਖ ਦਿੱਤਾ। ਪਰ, ਕੁਝ ਦੇਰ ਬਾਅਦ ਫ਼ੋਨ ਫਟ ਗਿਆ। ਇਹ ਸਾਡੇ ਲਈ ਦੁਖਦਾਈ ਸਮਾਂ ਹੈ। ਇਸਦਾ ਸਮਰਥਨ ਕਰਨਾ ਇੱਕ ਬ੍ਰਾਂਡ ਦੀ ਜ਼ਿੰਮੇਵਾਰੀ ਹੈ।
ਕੰਪਨੀ ਦਾ ਕੀ ਆਇਆ ਜਵਾਬ
ਇਸ ਟਵੀਟ ਵਿੱਚ ਉਨ੍ਹਾਂ ਨੇ RedmiIndia ਅਤੇ Xiaomi ਦੇ ਗਲੋਬਲ ਵਾਈਸ ਪ੍ਰੈਜ਼ੀਡੈਂਟ ਮਨੂ ਕੁਮਾਰ ਜੈਨ ਨੂੰ ਵੀ ਟੈਗ ਕੀਤਾ ਹੈ। ਕੰਪਨੀ ਨੇ ਵੀ ਇਸ ਟਵੀਟ ਦਾ ਜਵਾਬ ਦਿੱਤਾ ਹੈ। ਕੰਪਨੀ ਦੀ ਤਰਫੋਂ ਕਿਹਾ ਗਿਆ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। Xiaomi ਇੰਡੀਆ ਲਈ ਗਾਹਕ ਸੁਰੱਖਿਆ ਮਹੱਤਵਪੂਰਨ ਹੈ। ਉਹ ਅਜਿਹੇ ਮਾਮਲਿਆਂ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ। ਫਿਲਹਾਲ ਉਨ੍ਹਾਂ ਦੀ ਟੀਮ ਪੀੜਤ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਖੜ੍ਹੇ ਹਨ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।
ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਜਾਂ ਨਹੀਂ ਪਰ ਫ਼ੋਨ ਬਲਾਸਟ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਪਿਛਲੇ ਸਾਲ ਵੀ ਇੱਕ ਉਪਭੋਗਤਾ ਨੇ OnePlus Nord 2 ਦੇ ਧਮਾਕੇ ਦੀ ਸ਼ਿਕਾਇਤ ਕੀਤੀ ਸੀ। ਯੂਜ਼ਰ ਨੇ ਦਾਅਵਾ ਕੀਤਾ ਸੀ ਕਿ ਕਾਲ ਦੌਰਾਨ ਫੋਨ ‘ਚ ਧਮਾਕਾ ਹੋਣ ਕਾਰਨ ਉਸ ਦਾ ਚਿਹਰਾ ਖਰਾਬ ਹੋ ਗਿਆ ਸੀ। ਜਦੋਂ ਕਿ ਸਾਲ 2019 ਵਿੱਚ, ਇੱਕ ਉਪਭੋਗਤਾ ਨੇ ਦਾਅਵਾ ਕੀਤਾ ਸੀ ਕਿ Redmi 9A ਉਸਦੀ ਜੇਬ ਵਿੱਚ ਫਟ ਗਿਆ ਹੈ।