ਕੈਨੇਡਾ ਤੋਂ ਇੱਕ ਬੇਹੱਦ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਸੰਗਰੂਰ ਦੇ ਸੁਨਾਮ ਨੇੜਲੇ ਪਿੰਡ ਚੱਠਾ ਸੇਖਵਾਂ ਦੇ ਇੱਕ ਨੌਜਵਾਨ ਦੀ ਕੈਨੇਡਾ ਦੇ ਸ਼ਹਿਰ ਸਰੀ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡ ਚੱਠਾ ਸੇਖਵਾਂ ਦੇ ਆਰਥਿਕ ਤੰਗੀ ਨਾਲ ਜੂਝ ਰਹੇ ਬਹੁਤ ਹੀ ਸਧਾਰਣ ਪਰਿਵਾਰ ਦਾ ਨੌਜਵਾਨ ਪਵਨਦੀਪ ਸਿੰਘ ਪੁੱਤਰ ਹਮੀਰ ਸਿੰਘ ਡੇਢ ਕੁ ਸਾਲ ਪਹਿਲਾਂ ਹੀ ਸਾਕ ਸਬੰਧੀਆਂ ਦੀ ਮੱਦਦ ਨਾਲ ਰੋਜੀ ਰੋਟੀ ਦੇ ਕਮਾਉਣ ਲਈ ਕੈਨੇਡਾ ਗਿਆ ਸੀ।
ਦੱਸ ਦੇਈਏ ਕਿ ਪਵਨਦੀਪ ਕੈਨੇਡਾ ਦੇ ਸ਼ਹਿਰ ਸਰੀ ਵਿਚ ਰਹਿ ਰਿਹਾ ਸੀ ਪਰ ਅਚਾਨਕ ਪਵਨਦੀਪ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਕ ਵਿਧਵਾ ਮਾਂ ਦੇ ਨੌਜਵਾਨ ਪੁੱਤਰ ਦੀ ਹੋਈ ਅਚਾਨਕ ਮੌਤ ਦੀ ਖਬਰ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਉੱਥੇ ਹੀ ਪਿੰਡ ਚੱਠੇ ਸੇਖਵਾਂ ‘ਚ ਸੋਗ ਦੀ ਲਹਿਰ ਦੌੜ ਗਈ।
ਪਿੰਡ ਵਾਸੀਆਂ ਨੇ ਸਰਕਾਰ ਅਤੇ ਸਮਾਜਿਕ ਸੰਸਥਾਵਾਂ ਤੋਂ ਨੌਜਵਾਨ ਦੀ ਮ੍ਰਿਤਕ ਦੇਹ ਭਾਰਤ ਮੰਗਵਾਉਣ ਦੀ ਮੰਗ ਕੀਤੀ ਤਾਂ ਜੋ ਪਰਿਵਾਰ ਆਪਣੇ ਪੁੱਤਰ ਦਾ ਆਖਰੀ ਵਾਰ ਮੂੰਹ ਵੇਖਕੇ ਅੰਤਿਮ ਰਸਮਾਂ ਪੂਰੀਆਂ ਕਰ ਸਕੇ।