ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਅੱਜ ਦੇ ਸਮਾਗਮਾਂ ਵਿੱਚ ਗੈਰਹਾਜਰ ਰਹਿਣ ‘ਤੇ ਕੀਤੀ ਗਈ ਟਿੱਪਣੀ ‘ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਰਾਜਪਾਲ ਵੱਲੋਂ ਗਵਰਨਰ ਹਾਊਸ ਤੋਂ ਇਸ ਤਰਾਂ ਦੀ ‘ਸਿਆਸੀ‘ ਟਿੱਪਣੀ ਕਰਨਾ ਬਹੁਤ ਹੀ ਮੰਦਭਾਗਾ ਹੈ।
ਉਨਾਂ ਕਿਹਾ ਅਜਿਹੀਆਂ ਟਿੱਪਣੀਆਂ ਬੇਲੋੜੀਆਂ ਹਨ ਅਤੇ ਉਨਾਂ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਭਵਿੱਖ ਵਿੱਚ ਅਜਿਹੇ ‘ਸਿਆਸੀ ਬਿਆਨਾਂ‘ ਤੋਂ ਗੁਰੇਜ ਕਰਨ।
ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦਾ ਸਮਾਗਮ ਪਹਿਲੇ ਤੋਂ ਤੈਅ ਸੀ ਅਤੇ ਉਨਾਂ ਨੇ ਰਾਸਟਰਪਤੀ ਦ੍ਰੋਪਦੀ ਮੁਰਮੂ ਦੀ ਚੰਡੀਗੜ ਫੇਰੀ ਦੌਰਾਨ ਮਿਲਣ ਅਤੇ ਸਵਾਗਤ ਕਰਨ ਲਈ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਤਾਇਨਾਤ ਕੀਤਾ ਸੀ।
ਉਨਾਂ ਕਿਹਾ ਕਿ ਉਹ ਛੇ ਹੋਰ ਕੈਬਨਿਟ ਮੰਤਰੀਆਂ ਅਤੇ ਸਾਰੇ ਸੀਨੀਅਰ ਅਫਸਰਾਂ ਨਾਲ ਅੱਜ ਹਵਾਈ ਸੈਨਾ ਦਿਵਸ ਮਨਾਉਣ ਲਈ ਸਮਾਗਮਾਂ ਵਿੱਚ ਸਾਮਲ ਹੋਏ। ਇਸਦੇ ਬਾਵਜੂਦ, ਮਾਣਯੋਗ ਰਾਜਪਾਲ ਨੇ ਮੁੱਖ ਮੰਤਰੀ ਦੇ ਖਿਲਾਫ ਇਹ ਮੰਦਭਾਗੀ ਟਿੱਪਣੀ ਕੀਤੀ।
ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਪੰਜਾਬ ਦੇ ਰਾਜਪਾਲ ਪੰਜਾਬ ਦੇ ਹਿੱਤਾਂ ਲਈ ਨਿਰਪੱਖਤਾ ਨਾਲ ਕੰਮ ਕਰਨ ਦੀ ਥਾਂ ਭਾਜਪਾ ਦੇ ਨੁਮਾਇੰਦੇ ਦੀ ਤਰਾਂ ਕੰਮ ਕਰ ਰਹੇ ਹਨ। ਪਹਿਲਾਂ 22 ਸਤੰਬਰ ਨੂੰ ਸਰਕਾਰ ਨੂੰ ‘ਆਪ੍ਰੇਸਨ ਲੋਟਸ‘ ਦੇ ਵਿਰੋਧ ‘ਚ ਭਰੋਸਗੀ ਮਤਾ ਪਾਸ ਕਰਨ ਲਈ ਖਾਸ ਸੈਸਨ ਬੁਲਾਉਣ ਤੋਂ ਰੋਕਣ ਅਤੇ ਹੁਣ ਮੁੱਖ ਮੰਤਰੀ ਪੰਜਾਬ ‘ਤੇ ਅਜਿਹੀ ਟਿੱਪਣੀ ਕਰਨਾ ਉਨਾਂ ਦੇ ਪੱਖਪਾਤੀ ਹੋਣ ਦਾ ਸਬੂਤ ਦਿੰਦਾ ਹੈ।
ਉਨਾਂ ਕਿਹਾ ਕਿ ਇਹ ਨਿੰਦਣਯੋਗ ਹੈ ਕਿ ਰਾਜਪਾਲ ਪੰਜਾਬ ਵਿੱਚ ‘ਆਪ੍ਰੇਸਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਹਨ।
ਉਨਾਂ ਕਿਹਾ ਕਿ ਪੰਜਾਬ ਦੇ ਰਾਜਪਾਲ ਦੀ ਅੱਜ ਦੀ ਟਿੱਪਣੀ ਸਪੱਸ਼ਟ ਤੌਰ ‘ਤੇ ਦਰਸਾਉਂਦੀ ਹੈ ਕਿ ਉਹ ਲੋਕਤੰਤਰੀ ਪ੍ਰਣਾਲੀ ਨੂੰ ਕਮਜੋਰ ਕਰਨ ਅਤੇ ‘ਆਪ’ ਸਰਕਾਰ ਨੂੰ ਆਮ ਲੋਕਾਂ ਦੀ ਭਲਾਈ ਲਈ ਕੰਮ ਕਰਨ ਤੋਂ ਰੋਕਣ ਲਈ ਭਾਜਪਾ ਨਾਲ ਮਿਲ ਕੇ ਕੰਮ ਕਰ ਰਹੇ ਹਨ।