ਕਾਂਗਰਸ ਵੱਲੋਂ ਵਿਧਾਨ ਸਭਾ ਸੀਟਾਂ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਦੀ ਲਿਸਟ ਜਾਰੀ ਕਰਨ ਤੋਂ ਬਾਅਦ ਕਾਂਗਰਸੀ ਵਿਧਾਇਕਾਂ ਦੀ ਆਪਸੀ ਟਕਰਾਰ ਵੱਧਦੀ ਜਾ ਰਹੀ ਹੈ। ਜਿਸ ‘ਚ ਸੁਲਤਾਨਪੁਰ ਲੋਧੀ ਇਕ ਹੌਟ ਸੀਟ ਬਣ ਗਿਆ ਹੈ। ਕਾਂਗਰਸੀ ਵਿਧਇਕ ਰਾਣਾ ਗੁਰਜੀਤ ਆਪਣੇ ਬੇਟੇ ਲਈ ਇਸ ਸੀਟ ਦੀ ਮੰਗ ਕਰ ਰਹੇ ਸਨ ਪਰ ਉਨ੍ਹਾਂ ਦੇ ਪੁੱਤ ਨੂੰ ਇਹ ਸੀਟ ਨਾ ਦੇ ਕੇ ਨਵਤੇਜ ਚੀਮਾ ਨੂੰ ਸੁਲਤਾਨਪੁਰ ਲੋਧੀ ਦੀ ਸੀਟ ਦੇ ਦਿੱਤੀ ਗਈ। ਇਸ ਸੀਟ ’ਤੇ ਆਪਣੇ ਪੁੱਤਰ ਰਾਣਾ ਇੰਦਰ ਪ੍ਰਤਾਪ ਲਈ ਚੋਣ ਪ੍ਰਚਾਰ ਕਰਨ ਪੁੱਜੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਦਾ ਕਹਿਣਾ ਹੈ ਕਿ ਨਵਤੇਜ ਚੀਮਾ ਸੁਲਤਾਨਪੁਰ ਲੋਧੀ ’ਚ ਚੋਣ ਨਹੀਂ ਜਿੱਤ ਸਕਦੇ। ਉਨ੍ਹਾਂ ਦਾਅਵਾ ਕੀਤਾ ਕਿ ਜੇ ਨਵਤੇਜ ਚੀਮਾ ਉਨ੍ਹਾਂ ਦੇ ਪੁੱਤਰ ਤੋਂ ਵੱਧ ਵੋਟਾਂ ਲੈ ਗਏ ਤਾਂ ਉਹ ਸਿਆਸਤ ਛੱਡ ਦੇਣਗੇ।
ਦੱਸ ਦੇਈਏ ਕਿ ਰਾਣਾ ਗੁਰਜੀਤ ਦਾ ਪੁੱਤਰ ਰਾਣਾ ਇੰਦਰ ਪ੍ਰਤਾਪ ਇਥੋਂ ਆਜ਼ਾਦ ਚੋਣ ਲੜ ਰਹੇ ਹਨ। ਇਸ ਦੌਰਾਨ ਰਾਣਾ ਗੁਰਜੀਤ ਨੇ ਖੁੱਲ੍ਹੇ ਅੰਦਾਜ਼ ’ਚ ਕਿਹਾ ਕਿ ਉਹ ਹੁਣ ਨਵਤੇਜ ਚੀਮਾ ਨੂੰ ਚੋਣ ਹਰਾਉਣ ਲਈ ਪੂਰਾ ਜ਼ੋਰ ਲਗਾਉਣਗੇ। ਬੇਸ਼ੱਕ ਉਨ੍ਹਾਂ ਨੇ ਪਹਿਲਾਂ ਇਹ ਕਿਹਾ ਸੀ ਕਿ ਉਹ ਉਦੋਂ ਹੀ ਸੁਲਤਾਨਪੁਰ ਲੋਧੀ ਆਉਣਗੇ, ਜਦੋਂ ਉਨ੍ਹਾਂ ਦੇ ਪੁੱਤਰ ਨੂੰ ਕਾਂਗਰਸ ਦੀ ਟਿਕਟ ਮਿਲੇਗੀ ਪਰ ਜਦੋਂ ਹੁਣ ਟਿਕਟ ਨਹੀਂ ਮਿਲੀ। ਉਹ ਸੁਲਤਾਨਪੁਰ ਲੋਧੀ ਇਸ ਕਰਕੇ ਆਏ ਹਨ ਕਿਉਂਕਿ ਨਵਤੇਜ ਚੀਮਾ ਵੀ ਉਨ੍ਹਾਂ ਵਿਧਾਇਕਾਂ ’ਚ ਸ਼ਾਮਿਲ ਹਨ, ਜਿਨ੍ਹਾਂ ਨੇ ਉਨ੍ਹਾਂ ਦੀ ਪਾਰਟੀ ਹਾਈਕਮਾਨ ਨੂੰ ਸ਼ਿਕਾਇਤ ਕੀਤੀ ਹੈ। ਦੂਜੇ ਪਾਸੇ ਉਨ੍ਹਾਂ ਦੇ ਪੁੱਤਰ ਨੇ ਕਿਹਾ ਕਿ ਉਹ ਕਿਸੇ ਵੀ ਹਾਲਤ ’ਚ ਚੋਣ ਮੈਦਾਨ ’ਚੋਂ ਨਹੀਂ ਹਟਣਗੇ।