ਆਮ ਆਦਮੀ ਪਾਰਟੀ ਦੀ ਆਗੂ ਅਨਮੋਲ ਗਗਨ ਮਾਨ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਈ. ਡੀ. ਦੀ ਰੇਡ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਵੱਡੇ ਹਮਲੇ ਕੀਤੇ ਹਨ।
ਸੀ.ਐੱਮ. ਚੰਨੀ ਦੇ ਰਿਸ਼ਤੇਦਾਰ ਕੋਲੋਂ ਈ.ਡੀ. ਵੱਲੋਂ 10 ਕਰੋੜ ਰੁਪਏ ਤੇ 12 ਲੱਖ ਰੁਪਏ ਦੀ ਮਹਿੰਗੀ ਘੜੀ ਬਰਾਮਦ ਹੋਣ ਤੋਂ ਬਾਅਦ ‘ਆਪ’ ਆਗੂ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਪਹਿਲਾਂ ਤਾਂ ਇਸ ਰੇਡ ਨੂੰ ਸਿਆਸੀ ਦੱਸ ਰਹੇ ਸਨ ਪਰ ਹੁਣ ਉਨ੍ਹਾਂ ਦਾ ਇਕ ਨਵਾਂ ਬਿਆਨ ਦੇਖਣ ਨੂੰ ਮਿਲਿਆ ਹੈ। ‘ਕਿ ਉਹ ਆਪਣੇ ਰਿਸ਼ਤੇਦਾਰਾਂ ਵੱਲ ਧਿਆਨ ਨਹੀਂ ਦੇ ਸਕੇ’। ਸੀ.ਐੱਮ. ਚੰਨੀ ਨੂੰ ਘੇਰਦੇ ਹੋਏ ਉਨ੍ਹਾਂ ਕਿਹਾ ਕਿ ਜਿਹੜਾ ਆਪਣੇ ਰਿਸ਼ਤੇਦਾਰਾਂ ਦਾ ਧਿਆਨ ਨਹੀਂ ਰੱਖ ਸਕਦਾ ਉਹ ਪੂਰੇ ਪੰਜਾਬ ਦਾ ਧਿਆਨ ਕਿਸ ਤਰ੍ਹਾਂ ਰੱਖੇਗਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਆਪਣੇ ਰਿਸ਼ਤੇਦਾਰਾਂ ਰਾਹੀਂ ਭ੍ਰਿਸ਼ਟਾਚਾਰ ਕਰਵਾ ਰਹੇ ਹਨ, ਕਿਉਂਕਿ ਜੇ ਕਿਸੇ ਆਗੂ ਨੇ ਪੈਸੇ ਇਕੱਠੇ ਕਰਨੇ ਹੋਣ ਤਾਂ ਉਹ ਆਪਣੇ ਰਿਸ਼ਤੇਦਾਰਾਂ ਰਾਹੀਂ ਇਕੱਠੇ ਕਰਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਆਪਣੇ ਹੀ ਇਲਾਕੇ ’ਚ ਗੈਰ-ਕਾਨੂੰਨੀ ਮਾਈਨਿੰਗ ਹੋ ਰਹੀ ਹੈ ਤੇ ਤੁਸੀਂ ਪੂਰੇ ਪੰਜਾਬ ਦੇ ਚੋਰਾਂ ਨੂੰ ਕਿਸ ਤਰ੍ਹਾਂ ਫੜ ਲਓਗੇ ।