ਦਿਵਿਆਂਗਜਨਾਂ ਦੇ ਬੈਕਲਾਗ ਨੂੰ ਜਲਦ ਪੂਰਾ ਕਰਨ ਲਈ ਤੇਜੀ ਨਾਲ ਕੀਤੀ ਜਾ ਰਹੀ ਹੈ ਕਾਰਵਾਈ: ਡਾ.ਬਲਜੀਤ ਕੌਰ
ਡਾ. ਬਲਜੀਤ ਕੌਰ ਨੇ ਪੰਜਾਬ ਨੇਤਰਹੀਣ ਯੁਵਕ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ, ਜਾਇਜ ਮੰਗਾਂ ਦੇ ਹੱਲ ਦਾ ਦਿੱਤਾ ਭਰੋਸਾ
ਦਿਵਿਆਂਗਜਨਾਂ ਦੇ ਬੈਕਲਾਗ ਨੂੰ ਜਲਦ ਪੂਰਾ ਕਰਨ ਲਈ ਕਾਰਵਾਈ ਤੇਜੀ ਨਾਲ ਕੀਤੀ ਜਾ ਰਹੀ ਹੈ।ਇਸ ਦਾ ਪ੍ਰਗਟਾਵਾ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਬਾਰੇ ਮੰਤਰੀ ਡਾ.ਬਲਜੀਤ ਕੌਰ ਨੇ ਅੱਜ ਦਿਵਿਆਂਗਜਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਕੀਤਾ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਦਿਵਿਆਂਗਜਨਾਂ ਨੂੰ ਸਮਰੱਥ ਬਣਾਉਣ ਲਈ ਵਚਨਬੱਧ ਹੈ। ਇਸੇ ਲੜੀ ਤਹਿਤ ਅੱਜ
ਮੀਟਿੰਗ ਦੌਰਾਨ ਵਿਸ਼ੇਸ਼ ਮੁੱਖ ਸਕੱਤਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਰਾਜੀ ਪੀ. ਸ੍ਰੀਵਾਸਤਵਾ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਅਮਰਜੀਤ ਸਿੰਘ ਭੁੱਲਰ
ਨਾਲ ਦਿਵਿਆਂਗਜ਼ਨਾਂ ਦੀਆਂ ਬੈਕਲਾਗ ਦੀਆਂ ਅਸਾਮੀਆਂ ਨੂੰ ਜਲਦ ਭਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ।

ਦਿਵਿਆਂਗਜਨਾਂ ਦੇ ਨੁਮਾਇੰਦਿਆਂ ਨੇ ਬੈਕਲਾਗ ਦੀਆਂ ਅਸਾਮੀਆਂ ਭਰਨ ਸਬੰਧੀ, ਸਫਰੀ ਭੱਤਾ ਵਧਾਉਣ ਸਬੰਧੀ, ਮੁਫ਼ਤ ਪੜਾਈ ਦੀ ਸਹੂਲਤ ਦੇਣ ਸਬੰਧੀ,ਜਮਾਲਪੁਰ ਵਿਖੇ ਕਾਲਜ ਪੜ੍ਹਨ ਵਾਲੀਆਂ ਲੜਕੀਆਂ ਲਈ ਹੋਸਟਲ ਦੀ ਸੁਵਿਧਾ, ਮੁਫ਼ਤ ਲਿਖਾਰੀ ਦਾ ਪ੍ਰਬੰਧ ਕਰਨ ਸਬੰਧੀ, ਪੈਨਸ਼ਨ ਵਧਾਉਣ ਸਬੰਧੀ, ਦਿਵਿਆਂਗ ਖਿਡਾਰੀਆਂ ਸਬੰਧੀ, ਸੂਬੇ ਦੀਆਂ ਸਰਕਾਰੀ ਬੱਸਾਂ ਦੀ ਜਿੱਥੋਂ ਤੱਕ ਮੰਜਿਲ ਹੈ ਉਥੋਂ ਤੱਕ ਮੁਫ਼ਤ ਸੇਵਾ ਅਤੇ ਇੱਕ ਸਹਾਇਕ ਦਾ ਕਿਰਾਇਆ ਮੁਫਤ ਕਰਨ ਸਬੰਧੀ, ਬੱਸਾਂ ਵਿੱਚ ਰਾਖਵੀਆਂ ਸੀਟਾਂ ਰੱਖਣ ਸਬੰਧੀ, ਮੰਗਾਂ ਰੱਖੀਆਂ।

ਡਾ.ਬਲਜੀਤ ਕੌਰ ਨੇ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਜਾਇਜ ਮੰਗਾਂ ਦਾ ਜਲਦ ਹੱਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਖ-ਵੱਖ ਵਿਭਾਗਾਂ ਵਿੱਚ ਦਿਵਿਆਂਗ ਵਰਗ ਲਈ ਰਾਖਵੀਆਂ ਆਸਾਮੀਆਂ ਦੇ ਬੈਕਲਾਗ ਨੂੰ ਭਰਨ ਲਈ ਪੂਰੀ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ।
ਮੰਤਰੀ ਨੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਰੁਜ਼ਗਾਰ ਉਤਪਤੀ ਤੇ ਸਿਖਲਾਈ ਵਿਭਾਗ ਨਾਲ ਸਪੈਸ਼ਲ ਰੋਜਗਾਰ ਮੇਲੇ ਲਗਵਾਉਣ ਲਈ ਤਾਲਮੇਲ ਕਰਨ ਦੇ ਆਦੇਸ਼ ਦਿੱਤੇ ਤਾਂ ਜੋ ਦਿਵਿਆਂਗਜਨਾਂ ਦੇ ਬੈਕਲਾਗ ਸਬੰਧੀ ਪ੍ਰਕਿਰਿਆ ਜਲਦ ਮੁਕੰਮਲ ਕੀਤੀ ਜਾ ਸਕੇ।
ਉਨ੍ਹਾਂ ਅਧਿਕਾਰੀਆਂ ਨੂੰ ਹੁਕਮ ਕੀਤੇ ਕਿ ਸਾਰੇ ਵਿਭਾਗਾਂ ਦੇ ਨਾਲ ਰੈਗੁਲਰ ਮੀਟਿੰਗਾਂ ਕਰਕੇ ਬੈਕਲਾਗ ਸਬੰਧੀ ਕਾਰਵਾਈ ਕੀਤੀ ਜਾਵੇ।