Punjab Heavy Rainfall: ਸੈਰ ਸਪਾਟਾ ਤੇ ਸਭਿਆਚਾਰ ਮੰਤਰੀ ਅਨਮੋਲ ਗਗਨ ਮਾਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਪਹਿਲ ਕਦਮੀ ’ਤੇ ਪ੍ਰਸ਼ਾਸਨ ਵੱਲੋਂ ਖਰੜ ’ਚ ਐਨਡੀਆਰਐਫ਼ ਦੀ ਮੱਦਦ ਨਾਲ ਕੁਰਾਲੀ ਨਦੀ ਦੇ ਪਾਣੀ ਵਿੱਚ ਘਿਰੇ ਜਵਾਹਰ ਨਵੋਦਿਆ ਵਿਦਿਆਲਿਆ ਰਕੋਲੀ ਦੇ 400 ਵਿਦਿਆਰਥੀਆਂ ਨੂੰ ਸਮੇਂ ਸਿਰ ਕਾਰਵਾਈ ਕਰਕੇ ਬਚਾਅ ਲਿਆ ਗਿਆ, ਜਿਨ੍ਹਾਂ ਨੂੰ ਬਾਅਦ ਵਿੱਚ ਰਕੋਲੀ ਵਿਖੇ ਬਣਾਏ ਰਾਹਤ ਕੇਂਦਰ ਵਿਖੇ ਲਿਆਂਦਾ ਗਿਆ।
ਏਡੀਸੀ (ਜ) ਪਰਮਦੀਪ ਸਿੰਘ ਅਤੇ ਐਸਡੀਐਮ ਖਰੜ ਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੇ ਪ੍ਰਿੰਸੀਪਲ ਵੱਲੋਂ ਮੱਦਦ ਲਈ ਕੀਤੀ ਮੰਗ ਤੋਂ ਬਾਾਅਦ ਮਾਮਲਾ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਧਿਆਨ ਵਿੱਚ ਲਿਆਂਦਾ ਗਿਆ, ਜਿਨ੍ਹਾਂ ਤੁਰੰਤ ਐਨ ਡੀ ਆਰ ਐਫ਼ ਨੂੰ ਇਸ ਬਚਾਅ ਅਪ੍ਰੇਸ਼ਨ ’ਚ ਸ਼ਾਮਿਲ ਕਰਨ ਲਈ ਕਿਹਾ। ਬਾਅਦ ‘ਚ ਐਨਡੀਆਰਐਫ਼, ਪਿੰਡ ਵਾਸੀਆਂ ਅਤੇ ਮਾਲ ਮਹਿਕਮੇ ਦੇ ਕਰਮਚਾਰੀਆਂ ਦੇ ਸਹਿਯੋਗ ਨਾਲ ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਹੁਣ ਇਨ੍ਹਾਂ ਬੱਚਿਆਂ ਨੂੰ ਜੋ ਕਿ ਜ਼ਿਆਦਾਤਰ ਖਰੜ ਅਤੇ ਡੇਰਾਬੱਸੀ ਨਾਲ ਸਬੰਧਤ ਹਨ, ਨੂੰ ਉਨ੍ਹਾਂ ਦੇ ਘਰਾਂ ਵਿਖੇ ਮਾਪਿਆਂ ਕੋਲ ਪਹੁੰਚਾਇਆ ਜਾ ਰਿਹਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਦੇ ਨਾਲ ਹੀ ਇਲਾਕੇ ’ਚ ਪਟਿਆਲਾ ਕੀ ਰਾਓ ਨਦੀ ’ਚ ਪਾਣੀ ਦੇ ਚੜ੍ਹਨ ਨਾਲ ਆਲੇ-ਦੁਆਲੇ ਦੇ 50 ਪਿੰਡਾਂ ਨੂੰ ਪਾਣੀ ਦੀ ਮਾਰ ਤੋਂ ਬਚਾਉਣ ਲਈ ਤੁਰੰਤ ਫੈਸਲਾ ਲੈਂਦਿਆਂ ਮਲਕਪੁਰ ਪੁੱਲ ਤੋਂ ਇਸ ਦਾ ਵਹਾਅ ਮੋੜਿਆ ਗਿਆ। ਜੇਕਰ ਸਮੇਂ ਸਿਰ ਅਜਿਹਾ ਨਾ ਕੀਤਾ ਜਾਂਦਾ ਤਾਂ ਰਾਜਪੁਰਾ ਤੱਕ ਦੇ 50 ਪਿੰਡਾਂ ’ਚ ਇਸ ਨਦੀ ਦੇ ਪਾਣੀ ਨੇ ਵੱਡੇ ਪੱਧਰ ’ਤੇ ਤਬਾਹੀ ਮਚਾ ਦੇਣੀ ਸੀ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਇਸ ਥਾਂ ਦਾ ਦੌਰਾ ਕਰਕੇ, ਇਸ ਦੇ ਕਮਜ਼ੋਰ ਕੰਢਿਆਂ ਨੂੰ ਤੁਰੰਤ ਰੇਤ ਦੇ ਬੋਰਿਆਂ ਨਾਲ ਮਜ਼ਬੂਤ ਕਰਨ ਦੇ ਆਦੇਸ਼ ਦਿੱਤੇ ਗਏ।
Cabinet Minister @AnmolGaganMann visited the flood affected areas, interacted with the people & assured all possible help & assistance@BhagwantMann Govt working 24/7 to help the people of Punjab & we’re all ready for any kind of situation pic.twitter.com/R7bgRZg4Ci
— AAP Punjab (@AAPPunjab) July 9, 2023
ਇਸ ਤੋਂ ਇਲਾਵਾ ਸੀਸਵਾਂ ਦੇ ਪਾਣੀ ਦੀ ਮਾਰ ’ਚ ਆਏ ਕੁਰਾਲੀ ਦੇ ਦੋ ਪਰਿਵਾਰਾਂ ਦੇ 14 ਮੈਂਬਰਾਂ ਨੂੰ ਵੀ ਐਨਡੀਆਰਐਫ਼ ਦੀ ਮੱਦਦ ਨਾਲ ਪਾਣੀ ਤੋਂ ਬਾਹਰ ਕੱਢ ਕੇ ਸੁਰੱਖਿਅਤ ਥਾਂ ’ਤੇ ਪਹੁੰਚਾਇਆ ਗਿਆ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਵਾਰਡ ਨੰ. 21 ਅਤੇ 3 ਵਿੱਚ ਦੋ ਮਕਾਨ ਤਾਂ ਡਿੱਗੇ ਪਰ ਇਨ੍ਹਾਂ ’ਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਏ ਜਾਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਤੋਂ ਇਲਾਵਾ ਫਾਇਰ ਬਿ੍ਰਗੇਡ ਦੀ ਮੱਦਦ ਨਾਲ ਛੱਤਾਂ ’ਤੇ ਫ਼ਸੇ 82 ਵਿਅਕਤੀਆਂ ਨੂੰ ਵੀ ਸੁਰੱਖਿਅਤ ਬਾਹਰ ਲਿਆਂਦਾ ਗਿਆ ਜਦਕਿ ਸ਼ਹਿਰ ਦੇ ਮੈਰੀਨਾ ਹਾਈਟਸ, ਮਾਤਾ ਗੁਜਰੀ, ਪੈਸੀਫ਼ਿਕ ਇੰਨਕਲੇਵ ਆਦਿ ਇਲਾਕਿਆਂ ’ਚ ਵੀ ਪਾਣੀ ਦੇ ਵਧਣ ਕਾਰਨ ਆਈ ਸਮੱਸਿਆ ’ਤੇ ਕਾਬੂ ਪਾਇਆ ਗਿਆ।
ਸੈਰ ਸਪਾਟਾ ਮੰਤਰੀ ਅਤੇ ਖਰੜ ਦੇ ਵਿਧਾਇਕ ਅਨਮੋਲ ਗਗਨ ਮਾਨ ਨੇ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਕੀਤੇ ਤੁਰੰਤ ਯਤਨਾਂ ਲਈ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਲੋਕਾਂ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਪ੍ਰਤੀ ਵਿਸ਼ਵਾਸ਼ ਹੋਰ ਵੀ ਪੱਕਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕੁਦਰਤ ਦੀ ਕਰੋਪੀ ਅੱਗੇ ਕਿਸੇ ਦਾ ਜ਼ੋਰ ਨਹੀਂ ਹੁੰਦਾ ਪਰ ਉਸ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਅ ਲਈ ਇਨਸਾਨੀ ਮੱਦਦ ਨਾਲ ਕੀਤੇ ਯਤਨ ਅੱਜ ਖਰੜ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਦਾ ਵੱਡਾ ਕਾਰਨ ਬਣੇ ਹਨ। ਉਨ੍ਹਾਂ ਰਕੋਲੀ ਰਾਹਤ ਕੈਂਪ ’ਚ ਬਚਾਅ ਕੇ ਲਿਆਂਦੇ ਬੱਚਿਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਹੌਂਸਲਾ ਵੀ ਦਿੱਤਾ ਅਤੇ ਘਰਾਂ ਤੱਕ ਸੁਰੱਖਿਅਤ ਪਹੁੰਚਾਉਣ ਦਾ ਭਰੋਸਾ ਵੀ ਦਿੱਤਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h