ਸੁਲਤਾਨਵਿੰਡ ਥਾਣਾ ਖੇਤਰ ਦੇ ਅਧੀਨ ਆਉਂਦੇ ਗੁਰੂ ਅਰਜਨ ਦੇਵ ਨਗਰ ’ਚ ਹਲਵਾਈ ਦੀ ਦੁਕਾਨ ’ਤੇ ਸਮੋਸੇ ਖ਼ਰੀਦਣ ਤੋਂ ਬਾਅਦ 10 ਰੁਪਏ ਦਾ ਬਕਾਇਆ ਨਾ ਦਿੱਤੇ ਜਾਣ ਨੂੰ ਲੈ ਕੇ ਹੋਏ ਝਗੜੇ ’ਚ ਇਕ ਬੱਚੀ ਤੋਂ ਇਲਾਵਾ ਸੱਤ ਲੋਕ ਜ਼ਖ਼ਮੀ ਹੋ ਗਏ। ਦੋਸ਼ ਹੈ ਕਿ ਹਲਵਾਈ ਨੇ ਬੱਚੀ ਸਮੇਤ ਛੇ ਲੋਕਾਂ ’ਤੇ ਖੌਲਦਾ ਹੋਇਆ ਤੇਲ ਪਾ ਦਿੱਤਾ।
ਉੱਧਰ, ਹਲਵਾਈ ਦਾ ਕਹਿਣਾ ਹੈ ਕਿ ਦੂਜੀ ਧਿਰ ਦੇ ਲੋਕਾਂ ਨੇ ਦਾਤਰ ਨਾਲ ਉਸ ’ਤੇ ਅਤੇ ਉਸ ਦੇ ਭਰਾ ’ਤੇ ਹਮਲਾ ਕੀਤਾ ਹੈ। ਸਾਰੇ ਜ਼ਖ਼ਮੀਆਂ ਨੂੰ ਗੁਰੂ ਨਾਨਕ ਦੇਵ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਏਐੱਸਆਈ ਹਰਪ੍ਰੀਤ ਸਿੰਘ ਮੁਤਾਬਕ, ਦੋਵਾਂ ਧਿਰਾਂ ਦੇ ਬਿਆਨ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਅਜਕਲ ਦਾ ਯੁੱਗ ‘ਚ ਲੋਕਾਂ ‘ਚ ਸ਼ਹਿਣਸ਼ੀਲਤਾ ਨਾਮ ਦੀ ਚੀਜ ਨਹੀਂ ਰਹੀ ,ਇਕ ਮਿੰਟ ‘ਚ ਮਰਨ ਮਰਾਉਣ ਤੇ ਤੁਲ ਜਾਂਦੇ ਹਨ ਗੁਰੂ ਅਰਜਨ ਦੇਵ ਨਗਰ ਦੀ ਰਹਿਣ ਵਾਲੀ ਗੀਤਾ ਰਾਣੀ ਨੇ ਕਿਹਾ ਕਿ ਉਸ ਦਾ ਬੇਟਾ ਜਤਿੰਦਰ ਆਟੋ ਚਲਾਉਂਦਾ ਹੈ। ਸ਼ਨਿਚਰਵਾਰ ਨੂੰ ਉਹ ਜਿਉਂ ਹੀ ਕੰਮ ਤੋਂ ਪਰਤਿਆ ਤਾਂ ਉਸ ਨੇ ਆਪਣੀ ਅੱਠ ਸਾਲ ਦੀ ਪੋਤੀ ਰੂਬੀ ਨੂੰ 20 ਰੁਪਏ ਦੇ ਕੇ ਘਰ ਦੇ ਨੇੜੇ ਸਥਿਤ ਹਲਵਾਈ ਦੀ ਦੁਕਾਨ ਤੋਂ ਸਮੋਸੇ ਲਿਆਉਣ ਲਈ ਕਿਹਾ।
ਗੀਤਾ ਮੁਤਾਬਕ, ਹਲਵਾਈ ਬੰਟੀ ਤੇ ਵਿੱਕੀ ਨੇ ਸਮੋਸੇ ਉਸ ਦੀ ਪੋਤੀ ਨੂੰ ਫੜਾ ਦਿੱਤੇ। ਜਦੋਂ ਉਹ ਘਰ ਪੁੱਜੀ ਤਾਂ ਜਤਿੰਦਰ ਨੇ 10 ਰੁਪਏ ਵਾਪਸ ਲਿਆਉਣ ਬਾਰੇ ਪੁੱਛਿਆ ਤਾਂ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਜਤਿੰਦਰ ਆਪਣੀ ਬੇਟੀ ਨੂੰ ਲੈ ਕੇ ਹਲਵਾਈ ਦੀ ਦੁਕਾਨ ’ਤੇ ਗਿਆ ਤੇ ਹਲਵਾਈ ਨਾਲ ਝਗੜਾ ਸ਼ੁਰੂ ਕਰ ਦਿੱਤਾ। ਗੀਤਾ ਨੇ ਕਿਹਾ ਕਿ ਰੌਲਾ ਸੁਣ ਕੇ ਉਹ ਆਪਣੀ ਨੂੰਹ, ਅੰਜੂ, ਗੁਆਂਢੀ ਹਰਪ੍ਰੀਤ ਸਿੰਘ ਤੇ ਬਲਵਿੰਦਰ ਕੌਰ ਨੂੰ ਲੈ ਕੇ ਹਲਵਾਈ ਦੀ ਦੁਕਾਨ ’ਤੇ ਚਲੇ ਗਏ ਜਿੱਥੇ ਹਲਵਾਈ ਤੇ ਉਨ੍ਹਾਂ ਦੇ ਬੇਟੇ ਜਤਿੰਦਰ ਦਾ ਝਗਡ਼ਾ ਹੋ ਰਿਹਾ ਸੀ। ਜਦੋਂ ਉਨ੍ਹਾਂ ਨੇ ਸਮਝੌਤਾ ਕਰਾਉਣਾ ਚਾਹਿਆ ਤਾਂ ਬੰਟੀ ਨੇ ਆਪਣੇ ਭਰਾ ਵਿੱਕੀ ਨਾਲ ਕੜਾਹੇ ’ਚ ਖੌਲਦਾ ਤੇਲ ਉਨ੍ਹਾਂ ’ਤੇ ਸੁੱਟ ਦਿੱਤਾ। ਇਸ ਨਾਲ ਉਨ੍ਹਾਂ ਦੀ ਪੋਤੀ ਰੂਬੀ, ਬੇਟਾ ਜਤਿੰਦਰ, ਨੂੰਹ ਅੰਜੂ, ਹਰਪ੍ਰੀਤ ਸਿੰਘ, ਬਲਵਿੰਦਰ ਕੌਰ ਤੇ ਉਹ ਖੁਦ ਝੁਲਸ ਗਏ।
ਦੂਜੇ ਪਾਸੇ ਹਲਵਾਈ ਬੰਟੀ ਨੇ ਦੋਸ਼ ਲਗਾਇਆ ਕਿ ਆਟੋ ਚਾਲਕ ਜਤਿੰਦਰ ਨੇ ਸਮੋਸੇ ਦੇ ਪੈਸੇ ਨਾ ਦੇਣ ’ਤੇ ਪਹਿਲਾਂ ਉਸ ਨਾਲ ਝਗਡ਼ਾ ਕੀਤਾ ਤੇ ਫਿਰ ਦਾਤਰ ਨਾਲ ਹਮਲਾ ਕਰ ਕੇ ਦੋਵਾਂ ਭਰਾਵਾਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ।