ਮਰਸਿਡੀਜ਼ ਬੈਂਜ ਇੰਡੀਆ ਨੇ ਐਲਾਨ ਕੀਤਾ ਹੈ ਕਿ ਭਾਰਤੀ ਮੂਲ ਦੇ ਸੰਤੋਸ਼ ਅਈਅਰ ਮਰਸਿਡੀਜ਼ ਇੰਡੀਆ ਦੇ ਨਵੇਂ ਐੱਮ. ਡੀ. ਅਤੇ ਸੀ. ਈ. ਓ. ਹੋਣਗੇ। ਸੰਤੋਸ਼ ਅਈਅਰ 1 ਜਨਵਰੀ 2023 ਤੋਂ ਇਸ ਅਹੁਦੇ ਨੂੰ ਸੰਭਾਲਣਗੇ। ਮੌਜੂਦਾ ਸਮੇਂ ’ਚ ਉਹ ਕੰਪਨੀ ਦੇ ਵਾਈਸ ਪ੍ਰਧਾਨ ਦੇ ਤੌਰ ’ਤੇ ਕੰਮ ਕਰ ਰਹੇ ਹਨ। ਹਾਲ ਹੀ ’ਚ ਜਗ ਬਾਣੀ ਨਾਲ ਹੋਈ ਗੱਲਬਾਤ ਦੌਰਾਨ ਸੰਤੋਸ਼ ਅਈਅਰ ਨੇ ਮਰਸਿਡੀਜ਼ ਬੈਂਜ ਇੰਡੀਆ ਦੇ ਫਿਊਚਰ ਪਲਾਨ ’ਤੇ ਗੱਲਬਾਤ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਮਰਸਿਡੀਜ਼ ਭਾਰਤ ’ਚ ਇਸ ਸਾਲ ਦੇ ਅਖੀਰ ਤੱਕ 3 ਇਲੈਕਟ੍ਰਿਕ ਗੱਡੀਆਂ ਲਾਂਚ ਕਰਨ ਵਾਲੀ ਹੈ, ਜਿਸ ’ਚ ਪਹਿਲੀ ਮਰਸਿਡੀਜ਼ ਬੈਂਜ ਏ. ਐੱਮ. ਜੀ. 53 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਗਿਆ ਹੈ। ਆਉਣ ਵਾਲੇ ਅਗਲੇ 2 ਮਹੀਨਿਆਂ ’ਚ 2 ਨਵੀਆਂ ਈ. ਵੀਜ਼ ਨੂੰ ਲਾਂਚ ਕੀਤਾ ਜਾਵੇਗਾ। ਇਕ ਹੋਵੇਗੀ ਈ. ਕਿਊਂ. ਐੱਸ. 580 ਅਤੇ ਦੂਜੀ ਹੋਵੇਗੀ ਈ.ਕਿਊ. ਬੀ. ਈ. ਵੀ.। ਦੱਸ ਦਈਏ ਕਿ ਈ. ਕਿਊ. ਬੀ. ਭਾਰਤ ’ਚ ਲਾਂਚ ਹੋਣ ਵਾਲੀ ਪਹਿਲੀ 7ਸੀਟਰ ਇਲੈਕਟ੍ਰਿਕ ਕਾਰ ਹੋਵੇਗੀ। ਸੰਤੋਸ਼ ਨੇ ਇਹ ਵੀ ਦੱਸਿਆ ਕਿ 2025 ਤੱਕ ਮਰਸਿਡੀਜ਼ ਬੈਂਜ ਦੇ ਪੋਰਟਫੋਲੀਓ ’ਚ 25 ਫੀਸਦੀ ਇਲੈਕਟ੍ਰਿਕ ਗੱਡੀਆਂ ਹੋਣਗੀਆਂ ਅਤੇ 2030 ਤੱਕ ਮਰਸਿਡੀਜ਼ ਦੀ ਹਰ ਗੱਡੀ ਇਲੈਕਟ੍ਰਿਕ ਹੋਵੇਗੀ।
ਦੱਸ ਦਈਏ ਕਿ ਮਰਸਿਡੀਜ਼ ਬੈਂਜ ਇੰਡੀਆ ਨੇ ਹਾਲ ਹੀ ਵਿਚ ਏ. ਐੱਮ. ਜੀ. ਈ. ਕਿਊ. ਐੱਸ. 53 ਨੂੰ ਭਾਰਤ ’ਚ ਲਾਂਚ ਕੀਤਾ ਹੈ। ਇਸ ਦੀ ਕੀਮਤ 2.45 ਕਰੋੜ ਰੁਪਏ ਰੱਖੀ ਗਈ ਹੈ। ਮਰਸਿਡੀਜ਼ ਵਲੋਂ ਪੇਸ਼ ਕੀਤੀ ਗਈ ਇਹ ਇਲੈਕਟ੍ਰਿਕ ਕਾਰ ਕਈ ਮਾਮਲਿਆਂ ’ਚ ਬਾਕੀ ਗੱਡੀਆਂ ਤੋਂ ਵੱਖ ਹੈ। ਇਸ ਗੱਡੀ ਨੂੰ ਲੈ ਕੇ ਜਦੋਂ ਸੰਤੋਸ਼ ਅਈਅਰ ਨਾਲ ਗੱਲਬਾਤ ਹੋਈ ਤਾਂ ਉਹ ਕਹਿਣ ਲੱਗੇ ਕਿ ਈ. ਕਿਊ. ਐੱਸ. 53 ’ਚ ਅਜਿਹੇ ਕਈ ਫੀਚਰਸ ਹਨ ਜੋ ਪਹਿਲੀ ਵਾਰ ਕਿਸੇ ਮਰਸਿਡੀਜ਼ ’ਚ ਦਿੱਤੇ ਗਏ ਹਨ। ਜਿਵੇਂ ਕਿ ਇਸ ’ਚ ਤੁਹਾਨੂੰ ਇਕ ਵੱਡੀ 56 ਇੰਚ ਦੀ ਸਕ੍ਰੀਨ ਮਿਲਣ ਵਾਲੀ ਹੈ ਜੋ ਕਿਸੇ ਵੀ ਮਰਸਿਡੀਜ਼ ਦੀ ਕਾਰ ’ਚ ਦਿੱਤੀ ਗਈ ਪਹਿਲੀ ਵੱਡੀ ਸਕ੍ਰੀਨ ਹੈ। ਇਹ ਸਕ੍ਰੀਨ ਯਾਤਰੀ ਸੀਟ ਤੋਂ ਲੈ ਕੇ ਡਰਾਈਵਰ ਸੀਟ ਤੱਕ ਹੈ, ਦਿਖਾਈ ਦੇਣ ’ਚ ਇਹ ਇਕ ਸਿੰਗਲ ਸਕ੍ਰੀਨ ਹੈ ਪਰ ਇਸ ਦੇ ਅੰਦਰ 3 ਵੱਖ-ਵੱਖ ਸਕ੍ਰੀਨਸ ਦਿੱਤੀਆਂ ਗਈਆਂ ਹਨ।