Ludhiana News: ਪੰਜਾਬ ‘ਚ ਆਏ ਦਿਨ ਬੇਅਬਦੀਆਂ ਦੀ ਘਟਨਾਵਾਂ ਵਾਪਰ ਰਹੀਆਂ ਹਨ। ਇਸ ਦੇ ਨਾਲ ਹੀ ਤਾਜ਼ਾ ਘਟਨਾ ਲੁਧਿਆਣਾ ‘ਚ ਵਾਪਰੀ, ਜਿੱਥੇ ਦੇ ਧੂਰੀ ਲਾਈਨ ਸੰਤਪੁਰਾ ਮੁਹੱਲਾ ਇਲਾਕੇ ਵਿੱਚ ਸ਼ਰਾਰਤੀ ਅਨਸਰਾਂ ਨੇ ਮਾਂ ਕਾਲੀ ਦੀ ਮੂਰਤੀ (Maa Kali Statue) ਦੀ ਭੰਨਤੋੜ ਕੀਤੀ। ਘਟਨਾ ਐਤਵਾਰ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਸਵੇਰੇ ਜਿਉਂ ਹੀ ਇਲਾਕੇ ਦੇ ਲੋਕ ਮੰਦਰ ਪਹੁੰਚੇ ਤਾਂ ਉੱਥੇ ਮਾਂ ਕਾਲੀ ਦੀ ਮੂਰਤੀ ਟੁੱਟੀ ਹੋਈ ਮਿਲੀ।
ਜਿਸ ਤੋਂ ਬਾਅਦ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਿਸ ਤੋਂ ਬਾਅਦ ਜ਼ਿਲ੍ਹਾ ਪੁਲਿਸ ਅਧਿਕਾਰੀ ਏਡੀਸੀਪੀ ਰੁਪਿੰਦਰ ਕੌਰ ਸਰਾਂ, ਏਸੀਪੀ ਰਾਜੇਸ਼ ਸ਼ਰਮਾ, ਏਸੀਪੀ ਹਰੀਸ਼ ਬਹਿਲ ਮੌਕੇ ’ਤੇ ਪੁੱਜੇ। ਪੁਲੀਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਆਦਿ ਵੀ ਚੈੱਕ ਕੀਤੇ, ਫਿਲਹਾਲ ਪੁਲਿਸ ਨੂੰ ਕੋਈ ਠੋਸ ਸਬੂਤ ਨਹੀਂ ਮਿਲਿਆ।
ਦੱਸ ਦੇਈਏ ਕਿ ਮੰਦਰ ‘ਚ ਹੋਈ ਇਸ ਬੇਅਦਬੀ ਤੋਂ ਬਾਅਦ ਇਲਾਕਾ ਨਿਵਾਸੀਆਂ ‘ਚ ਕਾਫੀ ਗੁੱਸਾ ਹੈ। ਸ਼ਹਿਰ ਦੀਆਂ ਧਾਰਮਿਕ ਹਿੰਦੂ ਜਥੇਬੰਦੀਆਂ ਵੀ ਮੌਕੇ ’ਤੇ ਪਹੁੰਚ ਗਈਆਂ ਹਨ। ਇਸ ਮੌਕੇ ਦੇ ਦਰਸ਼ਨਾਂ ਲਈ ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਰਾਜੀਵ ਟੰਡਨ, ਅਮਿਤ ਅਰੋੜਾ ਅਤੇ ਭਾਨੂ ਪ੍ਰਤਾਪ ਮੰਦਰ ਪੁੱਜੇ। ਧਾਰਮਿਕ ਜਥੇਬੰਦੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਮੰਦਰ ‘ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਹੀਂ ਹਨ। ਜਿਸ ਥਾਂ ਇਹ ਘਟਨਾ ਵਾਪਰੀ ਉਹ ਰੇਲਵੇ ਲਾਈਨਾਂ ਦੇ ਨੇੜੇ ਹੈ।
ਦੱਸਿਆ ਜਾ ਰਿਹਾ ਹੈ ਕਿ ਜਿਸ ਪੁਜਾਰੀ ਨੂੰ ਮੰਦਰ ‘ਚ ਰੱਖਿਆ ਗਿਆ ਹੈ, ਉਹ ਰਾਤ ਦੇ ਸਮੇਂ ਮੰਦਰ ਨਹੀਂ ਹੈ। ਥਾਣਾ ਜੀਆਰਪੀ ਅਤੇ ਆਰਪੀਐਫ ਦੇ ਅਧਿਕਾਰੀਆਂ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ ਹੈ। ਧਾਰਮਿਕ ਜਥੇਬੰਦੀਆਂ ਨੇ ਪੁਲੀਸ ਨੂੰ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਜੇਕਰ ਦੋਸ਼ੀ ਸਮੇਂ ਸਿਰ ਨਾ ਫੜੇ ਗਏ ਤਾਂ ਸੰਘਰਸ਼ ਵਿੱਢਿਆ ਜਾਵੇਗਾ।