ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਵਿਚ ਨਰਮੇ ਦੀ ਕਾਸਤ ਨੂੰ ਉਤਸਾਹਿਤ ਕਰਨ ਲਈ ਭਰਤੀ ਕੀਤੇ ਕਿਸਾਨ ਮਿੱਤਰਾਂ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਇਕ ਦਿਨਾਂ ਸਿਖਲਾਈ ਦਿੱਤੀ ਗਈ।ਇਸ ਮੌਕੇ ਸਿਖਲਾਈ ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ਵਿਚ ਬੋਲਦਿਆਂ ਅਬੋਹਰ ਦੇ ਐਸਡੀਐਮ ਸ੍ਰੀ ਅਕਾਸ਼ ਬਾਂਸਲ ਆਈਏਐਸ ਨੇ ਕਿਹਾ ਕਿ ਸਰਕਾਰ ਵੱਲੋਂ ਫਸਲੀ ਵਿਭਿੰਨਤਾ ਲਈ ਉਪਰਾਲੇ ਕੀਤੇ ਜਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਕਿਸਾਨ ਮਿੱਤਰ ਨਰਮੇ ਦੀ ਕਾਸਤ ਨੂੰ ਉਤਸਾਹਿਤ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਅਤੇ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦਿੱਤੀ ਜਾਵੇ।ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਨਰਮੇ ਦੀਆਂ ਛੱਟੀਆਂ ਦਾ ਪ੍ਰਬੰਧਨ ਕਰਨ ਲਈ ਪ੍ਰੇਰਿਤ ਕੀਤਾ ਜਾਵੇ ਕਿਉਂਕਿ ਇੰਨ੍ਹਾਂ ਛੱਟੀਆਂ ਵਿਚ ਗੁਲਾਬੀ ਸੁੰਡੀ ਦਾ ਲਾਰਵਾ ਲੁਕਿਆ ਹੋਇਆ ਹੈ ਜਿਸ ਤੋਂ ਅਗਲੀ ਫਸਲ ਤੇ ਹਮਲਾ ਹੋ ਸਕਦਾ ਹੈ।ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਨਰਮੇ ਦੀ ਕਾਸਤ ਲਈ ਪੂਰਾ ਨਹਿਰੀ ਪਾਣੀ, ਮਿਆਰੀ ਬੀਜ, ਖਾਦਾਂ ਅਤੇ ਕੀਟਨਾਸ਼ਕ ਮੁਹਈਆ ਕਰਵਾਏ ਜਾਣਗੇ।
ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਸਰਵਨ ਸਿੰਘ ਨੇ ਕਿਹਾ ਕਿ ਜਿ਼ਲ੍ਹੇ ਦੇ ਨਰਮੇ ਦੀ ਕਾਸਤ ਵਾਲੇ 137 ਪਿੰਡਾਂ ਵਿਚ ਕਿਸਾਨ ਮਿੱਤਰ ਰੱਖੇ ਗਏ ਹਨ ਜ਼ੋ ਕਿ ਨਰਮੇ ਦੀ ਕਾਸਤ ਸਬੰਧੀ ਹਰ ਬਰੀਕ ਜਾਣਕਾਰੀ ਕਿਸਾਨਾਂ ਨੂੰ ਪਿੰਡ ਵਿਚ ਜਾ ਕੇ ਦੇਣਗੇ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨਾਲ ਲਗਾਤਾਰ ਰਾਬਤਾ ਰੱਖਿਆ ਜਾਵੇ ਅਤੇ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਤੇਜੀ ਨਾਲ ਕਿਸਾਨਾਂ ਤੱਕ ਪੁੱਜਦੀ ਕੀਤੀ ਜਾਵੇ।
ਇਸ ਮੌਕੇ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੇ ਖੇਤੀ ਵਿਗਿਆਨੀਆਂ ਡਾ: ਜਗਦੀਸ਼ ਅਰੋੜਾ, ਡਾ: ਮਨਪ੍ਰੀਤ ਸਿੰਘ, ਡਾ: ਵਿਜ਼ੈ ਕੁਮਾਰ, ਡਾ: ਅਮਨਦੀਪ ਕੌਰ ਨੇ ਨਰਮੇ ਦੀ ਕਾਸਤ ਸਬੰਧੀ ਸਾਰੀ ਤਕਨੀਕੀ ਜਾਣਕਾਰੀ ਕਿਸਾਨ ਮਿੱਤਰਾਂ ਨੂੰ ਦਿੱਤੀ।
ਇਸ ਮੌਕੇ ਖੇਤੀਬਾੜੀ ਬਲਾਕ ਅਫ਼ਸਰ ਸੁੰਦਰ ਲਾਲ ਸਮੇਤ ਖੇਤੀਬਾੜੀ ਵਿਭਾਗ ਦਾ ਸਟਾਫ ਵੀ ਹਾਜਰ ਸਨ।