Chandigarh: ਸ਼੍ਰੋਮਣੀ ਆਕਾਲੀ ਦਲ ਦੀ ਨਵੀਂ ਇਸਤਰੀ ਵਿੰਗ ਦੀ ਪ੍ਰਧਾਨ ਲਗਾਏ ਜਾਣ ਤੋਂ ਬਾਅਦ ਹੁਣ ਟਕਸਾਲੀ ਇਸਤਰੀ ਆਗੂਆਂ ਵਿਚ ਬਗਾਵਤ ਉਠਣੀ ਸ਼ੁਰੂ ਹੋ ਗਈ ਹੈ। ਹਰਗੋਬਿੰਦ ਕੌਰ ਨੂੰ ਪ੍ਰਧਾਨ ਲਗਾਏ ਜਾਣ ਤੋਂ ਬਾਅਦ ਟਕਸਾਲੀ ਇਸਤਰੀ ਆਗੂਆਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੱਤਰ ਲਿਖਿਆ ਹੈ। ਆਗੂਆਂ ਨੇ ਪੱਤਰ ਵਿੱਚ ਕਿਹਾ ਹੈ :
‘ਸ਼੍ਰੋਮਣੀ ਅਕਾਲੀ ਦਲ, ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੈ, ਜਿਸ ਦੀ ਸਥਾਪਨਾ ਸਾਡੇ ਪੁਰਖਿਆਂ ਨੇ ਕਰੜੇ ਸੰਘਰਸ਼ ਤੇ ਸ਼ਹਾਦਤਾਂ ਦੇ ਕੇ ਕੀਤੀ ਸੀ। ਇਹ ਮਰਜੀਵੜਿਆਂ ਦੀ ਪਾਰਟੀ ਹੈ, ਇੱਕ ਵਿਚਾਰਧਾਰਾ ਨੂੰ ਪ੍ਰਣਾਈ ਹੋਈ ਪਾਰਟੀ ਹੈ। ਇਤਿਹਾਸ ਗਵਾਹ ਹੈ ਕਿ ਇੱਕ ਸਮਾਂ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਦਰੀਆਂ ਵਿਛਾਉਣ ਤੇ ਪਾਣੀ ਪਿਲਾਉਣ ਦੀ ਸੇਵਾ ਕਰਦੇ ਕਰਦੇ, ਪਾਰਟੀ ਹਾਈਕਮਾਂਡ ਦੀਆਂ ਨਜ਼ਰਾਂ ਵਿੱਚ ਚੜ੍ਹ ਕੇ ਅਹੁਦੇਦਾਰੀਆਂ ਦੇ ਹੱਕਦਾਰ ਬਣਦੇ ਸੀ।
ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਵਿੱਚ ਲੰਮਾ ਸਮਾਂ ਵਿਚਰਨ ਤੋਂ ਬਾਅਦ ਕੋਈ ਵਿਅਕਤੀ ਟਕਸਾਲੀ ਅਕਾਲੀ ਅਖਵਾਉਣ ਦਾ ਮਾਣ ਪ੍ਰਾਪਤ ਕਰਦਾ ਸੀ। ਸ਼੍ਰੋਮਣੀ ਅਕਾਲੀ ਦਲ ਇੱਕ ਘੱਟ ਗਿਣਤੀ ਭਾਇਚਾਰੇ ਦੀ ਨੁਮਾਇੰਦਗੀ ਕਰਦੇ ਹੋਣ ਕਰਕੇ, ਚਾਰ ਚੁਫੇਰੇ ਤੋਂ ਵਿਰੋਧੀ ਤਾਕਤਾਂ ਦੇ ਨਿਸ਼ਾਨੇ ਤੇ ਰਹਿੰਦਾ ਹੈ, ਇਸ ਕਾਰਨ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਦਾ ਪਾਰਟੀ ਦੇ ਇਤਿਹਾਸ, ਨੀਤੀਆਂ ਤੇ ਵਿਚਾਰਧਾਰਾ ਦਾ ਪ੍ਰਪੱਕ ਜਾਣ ਹੋਣਾ ਅਤਿ ਜਰੂਰੀ ਹੈ ਤਾਂ ਜੋ ਉਹ ਚੁਫ਼ੇਰਿਓ ਹੁੰਦੇ ਸ਼ਾਜਿਸ਼ੀ ਹਮਲਿਆਂ ਦਾ ਅਕਾਲੀ ਦਲ ਦੀ ਮਰਿਆਦਾ ਵਿੱਚ ਰਹਿ ਕੇ ਦ੍ਰਿੜਤਾ ਨਾਲ ਦਲੀਲ ਸਹਿਤ ਜਵਾਬ ਦੇ ਸਕੇ।
ਪਾਰਟੀ ਵਿੱਚ ਨਵੇਂ ਬੰਦੇ ਸ਼ਾਮਲ ਹੋਣ, ਸਵਾਗਤ ਯੋਗ ਹੈ, ਪਰ ਉਹ ਕਤਾਰ ਵਿੱਚ ਪਿੱਛੇ ਲੱਗਣ, ਆਪਣੀ ਯੋਗਤਾ ਸਾਬਤ ਕਰਨ ਤੇ ਅੱਗੇ ਆਉਣ। ਪਰ ਹੁਣ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਪਿਛਲੇ ਕੁਝ ਸਮੇਂ ਤੋਂ ਇਸ ਤੋਂ ਉਲਟ ਹੋ ਰਿਹਾ। ਮੌਕਾਪ੍ਰਸਤ ਲੋਕ, ਕੁਝ ਲੋਕਾਂ ਦੀ ਚਾਪਲੂਸੀ ਕਰਕੇ ਵਰਕਰਾਂ ਨੂੰ ਪਿੱਛੇ ਧੱਕ ਕੇ ਮੂਹਰਲੀ ਕਤਾਰ ਵਿੱਚ ਆ ਲੱਗਦੇ ਹਨ ਤੇ ਟਕਸਾਲੀ ਵਰਕਰਾਂ ਦੀ ਸਾਲਾਂ ਤੋਂ ਕੀਤੀ ਪਾਰਟੀ ਦੀ ਸੇਵਾ ਨੂੰ ਮਿੱਟੀ ਵਿੱਚ ਰੋਲ ਦਿੰਦੇ ਹਨ। ਅੱਜ ਜਦੋਂ ਪਾਰਟੀ ਸਭ ਤੋਂ ਨਾਜ਼ੁਕ ਹਾਲਾਤ ਵਿੱਚੋਂ ਲੰਘ ਰਹੀ ਹੈ, ਉਸ ਵਕਤ ਟਕਸਾਲੀ ਵਰਕਰਾਂ ਨੂੰ ਇਸ ਤਰ੍ਹਾਂ ਦੀਆਂ ਕਾਰਵਾਈਆਂ ਉਤਸ਼ਾਹਹੀਣ ਕਰ ਰਹੀਆਂ ਹਨ, ਜੇਕਰ ਮਿਹਨਤ ਦਾ ਮੁੱਲ ਇਹ ਪੈਣਾ ਤਾਂ ਕੋਈ ਪਾਰਟੀ ਵਾਸਤੇ ਮਰ ਮਿੱਟਣ ਦਾ ਜ਼ਜਬਾ ਕਿਵੇਂ ਰੱਖ ਸਕਦਾ।
ਪ੍ਰਧਾਨ ਜੀ ਜਿਸ ਢੰਗ ਤਰੀਕੇ ਨਾਲ ਆਪ ਜੀ ਵੱਲੋਂ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਨੂੰ, ਦਾ ਅਕਾਲੀ ਦਲ ਦੀ ਵਿਚਾਰਧਾਰਾ ਨਾਲ ਦੂਰ ਨੇੜੇ ਦਾ ਵੀ ਕੋਈ ਸਬੰਧ ਨਹੀਂ, ਇਸਤਰੀ ਅਕਾਲੀ ਦਲ ਤੇ ਥੋਪਿਆ ਗਿਆ ਐ, ਉਹ ਬਹੁਤ ਮੰਦਭਾਗਾ ਐ। ਅਫਸੋਸ ਜਿਹੜੀ ਬੀਬੀ, ਆਪਣੀਆਂ ਸਾਥਣਾਂ ਸਮੇਤ ਸਾਡੇ ਸਤਿਕਾਰ ਯੋਗ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਨਫਰਤ ਭਰੇ ਅੰਦਾਜ਼ ਵਿੱਚ ਬਾਬਰ ਤੇ ਬੇਈਮਾਨ ਕਹਿ ਕੇ ਸੰਬੋਧਨ ਕਰਦੀ ਰਹੀ ਹੋਏ, ਉਹ ਬੀਬੀ ਸ਼੍ਰੋਮਣੀ ਅਕਾਲੀ ਦਲ ਦੇ ਅਹਿਮ ਹਿੱਸਾ, ਇਸਤਰੀ ਅਕਾਲੀ ਦਲ ਦੀ ਅਗਵਾਈ ਇਮਾਨਦਾਰੀ ਨਾਲ ਕਿਵੇਂ ਕਰ ਸਕਦੀ ਹੈ।
ਇਹ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪਾਰਟੀ ਵੱਲੋਂ ਅਜਿਹੀਆਂ ਗਲਤੀਆਂ ਕੀਤੀਆਂ ਗਈਆਂ ਸਨ, ਜਿਨ੍ਹਾਂ ਨਾਲ ਪਾਰਟੀ ਨੂੰ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪਿਆ। ਸਭ ਤੋਂ ਬੁਰੀ ਗੱਲ ਇਹ ਹੋਈ ਕਿ ਜਿਹੜੀਆਂ ਟਕਸਾਲੀ ਪਰਿਵਾਰਾਂ ਨਾਲ ਸਬੰਧਤ ਅਕਾਲੀ ਬੀਬੀਆਂ ਦਹਾਕਿਆਂ ਤੋਂ ਪਾਰਟੀ ਦੀ ਚੜ੍ਹਦੀ ਕਲਾ ਕੰਮ ਕਰਦੀਆਂ ਰਹੀਆਂ, ਪਾਰਟੀ ਦੇ ਹਰ ਹੁਕਮ ਤੇ ਇਮਾਨਦਾਰੀ,ਤਨਦੇਹੀ ਨਾਲ ਪਹਿਰਾ ਦਿੱਤਾ, ਉਨ੍ਹਾਂ ਬੀਬੀਆਂ ਨੂੰ ਇਸ ਮਹੱਤਵਪੂਰਨ ਫੈਸਲਾ ਕਰਨ ਵੇਲੇ ਜਾਣਬੂਝ ਕੇ ਅੱਖੋਂ ਪਰੋਖੇ ਕੀਤਾ ਗਿਆ। ਅਕਾਲੀ ਬੀਬੀਆਂ ਇਹ ਮਹਿਸੂਸ ਕਰਦੀਆਂ ਹਨ ਕਿ ਆਪ ਜੀ ਦੇ ਇਸ ਫੈਸਲੇ ਨਾਲ ਪਾਰਟੀ ਮਜਬੂਤ ਨਹੀਂ ਬਲਕਿ ਕਮਜੋਰ ਹੋਵੇਗੀ। ਸਾਰੀਆਂ ਅਕਾਲੀ ਬੀਬੀਆਂ ਆਪ ਜੀ ਦੇ ਇਸ ਫੈਸਲੇ ਨਾਲ ਅਪਮਾਨਿਤ ਮਹਿਸੂਸ ਕਰਦੀਆਂ ਹਨ ਅਤੇ ਇਸ ਫੈਸਲੇ ਨੂੰ ਅਸੀਂ ਮੁੱਦੇ ਬੰਦ ਕਰਦੇ ਹਾਂ।
ਇਸ ਲਈ ਅਸੀਂ ਸਾਰੀਆਂ ਨਿਮਨਲਿਖਿਤ ਅਕਾਲੀ ਬੀਬੀਆਂ, ਇਸਤਰੀ ਅਕਾਲੀ ਦਲ ਦੀ ਮੈਂਬਰੀ ਤੋਂ ਸਮੂਹਿਕ ਤੌਰ ਤੇ ਅਸਤੀਫਾ ਦਿੰਦੀਆਂ ਹਾਂ। ਨਾਲ ਹੀ ਆਪ ਜੀ ਨੂੰ ਇਹ ਵੀ ਸਪੱਸਟ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਾਡੀ ਮਾਂ ਪਾਰਟੀ ਹੈ, ਇਸ ਨੂੰ ਮਜਬੂਤ ਬਣਾਉਣ ਲਈ ਇਮਾਨਦਾਰੀ, ਲੱਗਣ, ਤਿਆਗ ਭਾਵਨਾ ਅਤੇ ਨਿਸ਼ਕਾਮਤਾ ਨਾਲ, ਮਾਈ ਭਾਗੋ ਦੀਆਂ ਵਾਰਿਸ ਬਣ, ਇਕ ਆਮ ਵਰਕਰ ਦੇ ਰੂਪ ਵਿੱਚ ਆਪਣਾ ਯੋਗਦਾਨ ਪਾਉਂਦੀਆਂ ਰਹਾਂਗੀਆਂ ਅਤੇ ਪਾਰਟੀ ਆਪਣੇ ਸ਼ਾਨਾਮੱਤੇ ਸਿਧਾਂਤਾਂ ਤੇ ਅਮੀਰ ਵਿਚਾਰਧਾਰਾ ਨੂੰ ਬੇਦਾਵਾ ਨਾ ਦੇ ਸਕੇ, ਇਸ ਗੱਲ ਦੀ ਪਹਿਰੇਦਾਰੀ ਕਰਨਗੀਆਂ। ਸਤਿਕਾਰ ਸਹਿਤ
ਪੱਤਰ ਲਿਖਣ ਵਾਲਿਆ ਵਿੱਚ : ਸਾਬਕਾ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਸਾਬਕਾ ਮੀਤ ਪ੍ਰਧਾਨ ਹਰਪ੍ਰੀਤ ਕੌਰ ਬਰਨਾਲਾ, ਐਸਜੀਪੀਸੀ ਮੈਂਬਰ ਪ੍ਰਮਜੀਤ ਕੌਰ ਲਾਂਡਰਾਂ, ਸਾਬਕਾ ਇਸਤਰੀ ਅਕਾਲੀ ਦਲ ਲੁਧਿਆਣਾ ਸੁਰਿੰਦਰ ਕੌਰ ਦਿਆਲ ਸਮੇਤ 25 ਤੋਂ ਵੱਧ ਇਸਤਰੀ ਆਗੂ ਸ਼ਾਮਲ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h