Amritsar Cross Border Smuggling: ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਇੱਕ ਵੱਡੀ ਕਾਰਵਾਈ ਕੀਤੀ ਹੈ ਅਤੇ ਸਰਹੱਦ ਪਾਰ ਤਸਕਰੀ ਕਰਨ ਵਾਲੇ ਇੱਕ ਗਿਰੋਹ ਨੂੰ ਫੜਿਆ ਹੈ। ਪਾਕਿਸਤਾਨ ਨਾਲ ਜੁੜੇ ਇਸ ਸਮੱਗਲਿੰਗ ਗਿਰੋਹ ਤੋਂ ਨਸ਼ੀਲੇ ਪਦਾਰਥ, ਹਥਿਆਰ ਅਤੇ ਡਰੱਗ ਮਨੀ ਵੀ ਜ਼ਬਤ ਕੀਤੀ ਗਈ ਹੈ।

ਡੀਜੀਪੀ ਗੌਰਵ ਯਾਦਵ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਨਾਮ ਹਰਪ੍ਰੀਤ ਸਿੰਘ, ਗੁਰਪਾਲ ਸਿੰਘ ਅਤੇ ਰਣਜੋਧ ਸਿੰਘ ਹਨ। ਹਰਪ੍ਰੀਤ ਅਤੇ ਗੁਰਪਾਲ ਪਹਿਲਾਂ ਮਲੇਸ਼ੀਆ ਗਏ ਸਨ ਅਤੇ ਉੱਥੋਂ ਉਹ ਪਾਕਿਸਤਾਨੀ ਤਸਕਰਾਂ ਦੇ ਸੰਪਰਕ ਵਿੱਚ ਆਏ ਸਨ। ਉਨ੍ਹਾਂ ਦੀ ਜਾਣਕਾਰੀ ‘ਤੇ, ਪੁਲਿਸ ਨੇ 2.02 ਕਿਲੋ ਹੈਰੋਇਨ, 30 ਬੋਰ ਅਤੇ 2 ਪਿਸਤੌਲ ਬਰਾਮਦ ਕੀਤੇ। ਰਣਜੋਧ ਸਿੰਘ ਤੋਂ ਦੋ ਹੋਰ ਪਿਸਤੌਲ (ਇੱਕ Glock 9MM ਸਮੇਤ) ਅਤੇ 3.5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ। ਇਹ ਰਕਮ ਹਵਾਲਾ ਚੈਨਲ ਰਾਹੀਂ ਵਿਦੇਸ਼ ਭੇਜੀ ਜਾਣੀ ਸੀ।
ਪੁਲਿਸ ਨੇ ਦੱਸਿਆ ਕਿ ਇਹ ਗਿਰੋਹ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਸਰਗਰਮ ਸੀ ਅਤੇ ਲਗਾਤਾਰ ਪਾਕਿਸਤਾਨ ਤੋਂ ਨਸ਼ੀਲੇ ਪਦਾਰਥ ਅਤੇ ਹਥਿਆਰ ਆਯਾਤ ਕਰਕੇ ਪੰਜਾਬ ਵਿੱਚ ਸਪਲਾਈ ਕਰ ਰਿਹਾ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗਿਰੋਹ ਦੇ ਕਈ ਹੋਰ ਮੈਂਬਰ ਵੀ ਇਸ ਨੈੱਟਵਰਕ ਨਾਲ ਜੁੜੇ ਹੋਏ ਹਨ। ਇਸ ਮਾਮਲੇ ਵਿੱਚ ਪੁਲਿਸ ਸਟੇਸ਼ਨ ਗੇਟ ਹਕੀਮਾਂ ਅੰਮ੍ਰਿਤਸਰ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21ਸੀ, 27ਏ, 27ਬੀ ਅਤੇ 29 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਐਫਆਈਆਰ ਨੰਬਰ 235 ਮਿਤੀ 30.08.25 ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗੇ ਦੀ ਜਾਂਚ ਵਿੱਚ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾਵੇਗਾ ਅਤੇ ਪਾਕਿਸਤਾਨ ਨਾਲ ਜੁੜੇ ਲਿੰਕਾਂ ਦੀ ਵੀ ਜਾਂਚ ਕੀਤੀ ਜਾਵੇਗੀ। ਜਲਦੀ ਹੀ ਇਸ ਮਾਮਲੇ ਵਿੱਚ ਕੁਝ ਹੋਰ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ।